Breaking News
Home / ਮੁੱਖ ਲੇਖ / ਕਰਤਾਰਪੁਰ ਲਾਂਘੇ ਨਾਲ ਭਾਰਤ-ਪਾਕਿ ਵਪਾਰ ਨੂੰ ਹੁਲਾਰਾ ਮਿਲੇਗਾ

ਕਰਤਾਰਪੁਰ ਲਾਂਘੇ ਨਾਲ ਭਾਰਤ-ਪਾਕਿ ਵਪਾਰ ਨੂੰ ਹੁਲਾਰਾ ਮਿਲੇਗਾ

ਸੰਜੀਵ ਪਾਂਡੇ
ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਲਈ ਸਹਿਮਤੀ ਬਣ ਗਈ ਹੈ ਤੇ ਇਸ ਸਬੰਧੀ ਭਾਰਤ ਤੇ ਪਾਕਿਸਤਾਨ ਦਰਮਿਆਨ ਇਕਰਾਰਨਾਮਾ ਸਹੀਬੰਦ ਹੋ ਗਿਆ ਹੈ। ਉਮੀਦ ਹੈ ਕਿ ਇਹ ਕੌਰੀਡੋਰ ਦੋਵਾਂ ਮੁਲਕਾਂ ਦਰਮਿਆਨ 70 ਸਾਲਾਂ ਤੋਂ ਚੱਲ ਰਹੇ ਮਾੜੇ ਰਿਸ਼ਤਿਆਂ ਨੂੰ ਸੁਧਾਰਨ ਵਿਚ ਸਹਾਈ ਹੋਵੇਗਾ, ਕਿਉਂਕਿ ਇਹ ਦੁਨੀਆਂ ਭਰ ਨੂੰ ਅਮਨ ਦਾ ਸੁਨੇਹਾ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹੈ। ਇਹ ਭਵਿੱਖ ਵਿਚ ਸਰਹੱਦ ‘ਤੇ ਅਜਿਹੇ ਹੋਰ ਲਾਂਘੇ ਖੋਲ੍ਹੇ ਜਾਣ ਦਾ ਵੀ ਰਾਹ ਪੱਧਰਾ ਕਰੇਗਾ। ਇਸ ਲਾਂਘੇ ਦੇ ਬਹਾਨੇ ਭਾਰਤ-ਪਾਕਿਸਤਾਨ ਸਰਹੱਦ ਉਤੇ ਕਈ ਹੋਰ ਆਰਥਿਕ ਲਾਂਘੇ ਖੋਲ੍ਹਣ ਦੀ ਕਵਾਇਦ ਵੀ ਸ਼ੁਰੂ ਹੋਵੇਗੀ। ਇਹੋ ਉਮੀਦ ਸਰਹੱਦ ਦੇ ਦੋਹੀਂ ਪਾਸੀਂ ਅਮਨ ਲਈ ਕੰਮ ਕਰਨ ਵਾਲੇ ਲੋਕ ਲਾਈ ਬੈਠੇ ਹਨ, ਕਿਉਂਕਿ ਕੁਝ ਘਟਨਾਕ੍ਰਮ ਦੱਸਦੇ ਹਨ ਕਿ ਦੋਵਾਂ ਮੁਲਕਾਂ ਦਰਮਿਆਨ ਭਾਰੀ ਤਣਾਅ ਦੇ ਬਾਵਜੂਦ ਸ਼ਾਂਤੀ ਦੀਆਂ ਉਮੀਦਾਂ ਖ਼ਤਮ ਨਹੀਂ ਹੋਈਆਂ। ਦੋਵਾਂ ਦੇਸ਼ਾਂ ਦਰਮਿਆਨ ਜੰਮੂ-ਕਸ਼ਮੀਰ ਦੇ ਮੁੱਦੇ ਉਤੇ ਤਣਾਅ ਸਿਖਰਾਂ ‘ਤੇ ਹੋਣ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਕਾਸ ਕਾਰਜਾਂ ਵਿਚ ਕੋਈ ਕੋਤਾਹੀ ਨਹੀਂ ਕੀਤੀ। ਦੋਵਾਂ ਦਰਮਿਆਨ ਇਸ ਸਬੰਧੀ ਲਗਾਤਾਰ ਮੀਟਿੰਗਾਂ ਹੁੰਦੀਆਂ ਰਹੀਆਂ ਤੇ ਅਖ਼ੀਰ ਸਮਝੌਤਾ ਸਹੀਬੰਦ ਹੋ ਗਿਆ।
ਕਰਤਾਰਪੁਰ ਸਾਹਿਬ ਤੋਂ ਸ਼ੁਰੂ ਹੋਈ ਇਹ ਗੱਲ ਯਕੀਨਨ ਅਗਾਂਹ ਵਧੇਗੀ। ਸਾਨੂੰ ਭਰੋਸਾ ਰੱਖਣਾ ਚਾਹੀਦਾ ਹੈ। ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਪਾਕਿਸਤਾਨ ਆਪਣੀ ਸਰਜ਼ਮੀਨ ‘ਤੇ ਧਾਰਮਿਕ ਸਥਾਨਾਂ ਦੀ ਯਾਤਰਾ ਅਤੇ ਸੈਰ-ਸਫ਼ਰ ਲਈ ਵਧੀਆ ਮਾਹੌਲ ਬਣਾਉਣਾ ਚਾਹੁੰਦਾ ਹੈ। ਇਹ ਪਾਕਿਸਤਾਨ ਦੇ ਵਿਕਾਸ ਲਈ ਵੀ ਜ਼ਰੂਰੀ ਹੈ। ਧਾਰਮਿਕ ਸਥਾਨਾਂ ਰਾਹੀਂ ਲੋਕਾਂ ਦਾ ਵਧਦਾ ਹੋਇਆ ਮੇਲਜੋਲ ਦੋਵਾਂ ਮੁਲਕਾਂ ਦਰਮਿਆਨ ਚਿਰਾਂ ਤੋਂ ਚੱਲ ਰਹੇ ਝਗੜਿਆਂ ਦੇ ਖ਼ਾਤਮੇ ਲਈ ਅਹਿਮ ਭੂਮਿਕਾ ਨਿਭਾਵੇਗਾ। ਬਿਨਾਂ ਸ਼ੱਕ ਲੰਬੇ ਸਮੇਂ ਤੋਂ ਦਹਿਸ਼ਤਗਰਦੀ ਨਾਲ ਜੂਝ ਰਹੇ ਪਾਕਿਸਤਾਨ ਦੀ ਮਾਲੀ ਹਾਲਤ ਖ਼ਰਾਬ ਹੈ। ਦਹਿਸ਼ਤਗਰਦੀ ਦਾ ਮਾੜਾ ਅਸਰ ਪਾਕਿਸਤਾਨ ਦੇ ਖੇਤੀ ਤੇ ਸਨਅਤੀ ਖੇਤਰਾਂ ‘ਤੇ ਵੀ ਪੈ ਰਿਹਾ ਹੈ। ਬੀਤੇ ਵੀਹ ਸਾਲਾਂ ਦੌਰਾਨ ਪਾਕਿਸਤਾਨ ਦੇ ਅਰਥਚਾਰੇ ਨੂੰ ਦਹਿਸ਼ਤਗਰਦੀ ਕਾਰਨ 125 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਇਸ ਕਾਰਨ ਪਾਕਿਸਤਾਨ ਦੀ ਜਮਹੂਰੀ ਹਕੂਮਤ ਤੇ ਫ਼ੌਜ ਦੋਵਾਂ ਦੀਆਂ ਮੁਸ਼ਕਲਾਂ ਵਧੀਆਂ ਹਨ। ਪਾਕਿਸਤਾਨੀ ਨਿਜ਼ਾਮ ਨੂੰ ਉਮੀਦ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਧਾਰਮਿਕ ਸੈਰ-ਸਫ਼ਰ ਵਧਣ ਸਦਕਾ ਆਰਥਿਕ ਭਾਈਚਾਰਾ ਵੀ ਵਧੇਗਾ, ਕਿਉਂਕਿ ਹਾਲੇ ਤੱਕ ਦੀਆਂ ਵੱਖੋ-ਵੱਖ ਦੁਵੱਲੀਆਂ ਮੀਟਿੰਗਾਂ ਤੇ ਚਰਚਾਵਾਂ ਦਾ ਕੋਈ ਖ਼ਾਸ ਨਤੀਜਾ ਸਾਹਮਣੇ ਨਹੀਂ ਆਇਆ।
ਸਿੱਖ ਧਰਮ ਨਾਲ ਸਬੰਧਤ ਅਹਿਮ ਸਥਾਨ ਪਾਕਿਸਤਾਨ ਵਿਚ ਹਨ, ਜੋ ਮੁੱਖ ਤੌਰ ‘ਤੇ ਲਾਹੌਰ, ਨਨਕਾਣਾ ਸਾਹਿਬ, ਹਸਨ ਅਬਦਾਲ ਅਤੇ ਕਰਤਾਰਪੁਰ ਸਾਹਿਬ ਵਿਚ ਸਥਿਤ ਹਨ ਅਤੇ ਪਹਿਲੇ ਗੁਰੂ ਨਾਨਕ ਦੇਵ ਜੀ ਤੇ ਪੰਜਵੇਂ ਗੁਰੂ ਅਰਜਨ ਦੇਵ ਜੀ ਨਾਲ ਸਬੰਧਤ ਹਨ। ਦੂਜੇ ਪਾਸੇ ਭਾਰਤ-ਪਾਕਿਸਤਾਨ ਦੀ ਵੰਡ ਤੋਂ ਬਾਅਦ ਪਾਕਿਸਤਾਨ ਵਿਚ ਸਿੱਖਾਂ ਦੀ ਆਬਾਦੀ ਕੁਝ ਹਜ਼ਾਰਾਂ ਵਿਚ ਹੀ ਰਹਿ ਗਈ, ਕਿਉਂਕਿ ਬਹੁਤੇ ਸਿੱਖ ਭਾਰਤ ਆ ਗਏ ਸਨ। ਇਸੇ ਤਰ੍ਹਾਂ ਧਾਰਮਿਕ ਸਥਾਨਾਂ ਦੇ ਮਾਮਲੇ ‘ਤੇ ਪਾਕਿਸਤਾਨ ਦੀ ਹਾਲਤ ਵੀ ਦਿਲਚਸਪ ਹੈ, ਜੋ ਇਸਲਾਮੀ ਮੁਲਕ ਹੈ ਤੇ ਇਸਲਾਮ ਨਾਲ ਸਬੰਧਤ ਬਹੁਤੇ ਪਵਿੱਤਰ ਸਥਾਨ ਸਾਊਦੀ ਅਰਬ, ਇਰਾਕ ਤੇ ਇਰਾਨ ਵਿਚ ਹਨ। ਇਸ ਕਾਰਨ ਪਾਕਿਸਤਾਨ ਸਰਕਾਰ ਜੇ ਆਪਣੇ ਮੁਲਕ ਵਿਚ ਧਾਰਮਿਕ ਅਸਥਾਨਾਂ ਦੇ ਸੈਰ-ਸਫ਼ਰ ਨੂੰ ਵਿਕਸਤ ਕਰਨਾ ਚਾਹੁੰਦੀ ਹੈ ਤਾਂ ਉਸ ਦੀ ਪਹਿਲੀ ਤਰਜੀਹ ਸਿੱਖ ਧਰਮ ਨਾਲ ਸਬੰਧਤ ਸਥਾਨਾਂ ਦੇ ਵਿਕਾਸ ਦੀ ਹੋਵੇਗੀ। ਗ਼ੌਰਤਲਬ ਹੈ ਕਿ ਭਾਰਤ ਨੇ ਵੀ ਵਿਦੇਸ਼ੀ ਸੈਲਾਨੀਆਂ ਨੂੰ ਇਹੋ ਜਿਹੇ ਸੈਰ-ਸਫ਼ਰ ਲਈ ਖਿੱਚਣ ਵਾਸਤੇ ਉਤਰ ਪ੍ਰਦੇਸ਼ ਤੇ ਬਿਹਾਰ ਵਿਚ ਬੁੱਧ ਧਰਮ ਦੇ ਅਹਿਮ ਸਥਾਨਾਂ ਨੂੰ ਵਿਕਸਤ ਕਰ ਕੇ ਬੁੱਧ ਧਰਮ ਨਾਲ ਸਬੰਧਤ ਸਰਕਟ ਕਾਇਮ ਕੀਤਾ ਹੈ ਤੇ ਇਸੇ ਤਰਜ਼ ‘ਤੇ ਪਾਕਿਸਤਾਨ ਕੋਲ ਵੀ ਸਿੱਖ ਧਰਮ ਨਾਲ ਸਬੰਧਤ ਸਥਾਨਾਂ ਨੂੰ ਆਪਸ ਵਿਚ ਜੋੜ ਕੇ ਸਿੱਖ ਸਰਕਟ ਵਿਕਸਤ ਕਰਨ ਦਾ ਵਧੀਆ ਮੌਕਾ ਹੈ।
ਭਾਰਤ ਨੇ ਬੁੱਧ ਧਰਮ ਨਾਲ ਸਬੰਧਤ ਸਰਕਟ ਨਾਲ ਨੇਪਾਲ ਨੂੰ ਵੀ ਜੋੜਿਆ ਹੈ, ਕਿਉਂਕਿ ਗੌਤਮ ਬੁੱਧ ਦਾ ਜਨਮ ਸਥਾਨ ਲੁੰਬਿਨੀ ਨੇਪਾਲ ਵਿਚ ਹੈ। ਪਰ ਬੁੱਧ ਧਰਮ ਦੇ ਦੂਜੇ ਕਰੀਬ ਸਾਰੇ ਅਹਿਮ ਕੇਂਦਰ, ਜਿਵੇਂ ਬੁੱਧ ਦੀ ਗਿਆਨ ਪ੍ਰਾਪਤੀ ਦਾ ਸਥਾਨ ਬੋਧ ਗਯਾ, ਪਹਿਲਾ ਧਰਮ ਉਪਦੇਸ਼ ਦੇਣ ਦਾ ਸਥਾਨ ਸਾਰਨਾਥ ਅਤੇ ਬੁੱਧ ਦੇ ਚਲਾਣੇ (ਨਿਰਵਾਣ ਪ੍ਰਾਪਤੀ) ਦਾ ਸਥਾਨ ਕੁਸ਼ੀਨਗਰ ਆਦਿ ਭਾਰਤ ਵਿਚ ਹਨ। ਬੋਧ ਗਯਾ, ਬਿਹਾਰ ਵਿਚ ਅਤੇ ਸਾਰਨਾਥ ਤੇ ਕੁਸ਼ੀਨਗਰ, ਯੂਪੀ ਵਿਚ ਹਨ। ਭਾਰਤ ਤੇ ਨੇਪਾਲ ਮਿਲ ਕੇ ਬੁੱਧ ਧਰਮ ਨਾਲ ਸਬੰਧਤ ਸਰਕਟ ਵਿਕਸਤ ਕਰ ਰਹੇ ਹਨ ਤੇ ਲਗਪਗ ਇਹੋ ਸਥਿਤੀ ਗੁਰੂ ਨਾਨਕ ਦੇਵ ਜੀ ਤੇ ਹੋਰ ਸਿੱਖ ਗੁਰੂ ਸਾਹਿਬਾਨ ਸਬੰਧੀ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਨਨਕਾਣਾ ਸਾਹਿਬ, ਪਾਕਿਸਤਾਨ ਵਿਚ ਹੈ ਅਤੇ ਇਸੇ ਤਰ੍ਹਾਂ ਜਿਥੇ ਉਨ੍ਹਾਂ ਆਪਣਾ ਆਖ਼ਰੀ ਸਮਾਂ ਬਿਤਾਇਆ, ਭਾਵ ਕਰਤਾਰਪੁਰ ਸਾਹਿਬ ਵੀ ਪਾਕਿਸਤਾਨ ਵਿਚ ਹੈ। ਗੁਰੂ ਨਾਨਕ ਦੇਵ ਨਾਲ ਸਬੰਧਤ ਕੁਝ ਸਥਾਨ ਭਾਰਤ ਵਿਚ ਵੀ ਹਨ। ਸਿੱਖ ਗੁਰੂ ਸਾਹਿਬਾਨ ਨਾਲ ਸਬੰਧਤ ਕਈ ਸਥਾਨ ਚੜ੍ਹਦੇ ਪੰਜਾਬ ਤੋਂ ਇਲਾਵਾ ਭਾਰਤ ਵਿਚ ਬਿਹਾਰ ਤੇ ਮਹਾਰਾਸ਼ਟਰ ਆਦਿ ਸੂਬਿਆਂ ਵਿਚ ਵੀ ਹਨ। ਭਾਰਤ ਤੇ ਨੇਪਾਲ ਦੇ ਬੁੱਧ ਧਰਮ ਨਾਲ ਸਬੰਧਤ ਸਰਕਟ ਦੀ ਤਰਜ਼ ‘ਤੇ ਜੇ ਭਾਰਤ ਤੇ ਪਾਕਿਸਤਾਨ ਮਿਲ ਕੇ ਸਿੱਖ ਧਰਮ ਨਾਲ ਸਬੰਧਤ ਸਰਕਟ ਵਿਕਸਤ ਕਰਦੇ ਹਨ ਤਾਂ ਭਵਿੱਖ ‘ਚ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਵੀ ਕਾਫ਼ੀ ਸੁਧਾਰ ਆਵੇਗਾ।
ਕਰਤਾਰਪੁਰ ਸਾਹਿਬ ਲਾਂਘੇ ਬਾਰੇ ਭਾਵੇਂ ਦੋਵਾਂ ਮੁਲਕਾਂ ਦਰਮਿਆਨ ਇਕਰਾਰਨਾਮਾ ਹੋ ਗਿਆ ਹੈ, ਪਰ ਤਾਂ ਵੀ ਇਸ ਮਾਮਲੇ ਉਤੇ ਕੁਝ ਤਲਖ਼ੀ ਬਰਕਰਾਰ ਹੈ। ਗ਼ੌਰਤਲਬ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਹਰ ਸ਼ਰਧਾਲੂ ਤੋਂ ਪਾਕਿਸਤਾਨ 20 ਡਾਲਰ ਦੀ ਫ਼ੀਸ ਵਸੂਲੇਗਾ, ਜਿਸ ਦਾ ਭਾਰਤ ਵਿਰੋਧ ਕਰ ਰਿਹਾ ਹੈ, ਕਿਉਂਕਿ ਇਸ ਦਾ ਸ਼ਰਧਾਲੂਆਂ ‘ਤੇ ਮਾਲੀ ਬੋਝ ਪਵੇਗਾ। ਇਸ ਦੇ ਬਾਵਜੂਦ ਪਾਕਿਸਤਾਨ ਇਸ ਫ਼ੀਸ ਲਈ ਅੜਿਆ ਰਿਹਾ। ਉਸ ਦਾ ਤਰਕ ਹੈ ਕਿ ਉਸ ਨੇ ਕਰਤਾਰਪੁਰ ਸਾਹਿਬ ਦੇ ਵਿਕਾਸ ‘ਤੇ ਇਕ ਹਜ਼ਾਰ ਕਰੋੜ ਰੁਪਏ ਖ਼ਰਚੇ ਹਨ ਤੇ ਸ਼ਰਧਾਲੂਆਂ ਨੂੰ ਉਥੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਲਈ ਇਹ ਫ਼ੀਸ ਰੱਖੀ ਗਈ ਹੈ। ਭਾਰਤ ਦਾ ਕਹਿਣਾ ਹੈ ਕਿ ਇਹ 20 ਡਾਲਰ ਪਾਕਿਸਤਾਨ ਦੇ ਮਾਲੀ ਮੁਨਾਫ਼ੇ ਦਾ ਹਿੱਸਾ ਹਨ। ਸਮਝੌਤੇ ਮੁਤਾਬਕ ਰੋਜ਼ਾਨਾ ਭਾਰਤ ਤੋਂ ਪੰਜ ਹਜ਼ਾਰ ਸ਼ਰਧਾਲੂ ਕਰਤਾਰਪੁਰ ਸਾਹਿਬ ਜਾਣਗੇ ਤੇ 20 ਡਾਲਰ ਦੇ ਹਿਸਾਬ ਨਾਲ ਪਾਕਿਸਤਾਨ ਨੂੰ ਰੋਜ਼ਾਨਾ ਇਕ ਲੱਖ ਡਾਲਰ ਦੀ ਆਮਦਨ ਹੋਵੇਗੀ, ਜੋ ਭਾਰਤੀ ਕਰੰਸੀ ਵਿਚ ਕਰੀਬ 70 ਲੱਖ ਰੁਪਏ ਤੇ ਪਾਕਿਸਤਾਨੀ ਕਰੰਸੀ ਵਿਚ ਕਰੀਬ ਡੇਢ ਕਰੋੜ ਰੁਪਏ ਬਣੇਗੀ। ਇਸ ਤਰ੍ਹਾਂ ਹਰ ਮਹੀਨੇ ਪਾਕਿਸਤਾਨ ਨੂੰ ਭਾਰਤੀ ਕਰੰਸੀ ਵਿਚ 21 ਕਰੋੜ ਰੁਪਏ ਤੇ ਪਾਕਿਸਤਾਨੀ ਕਰੰਸੀ ਵਿਚ ਕਰੀਬ 47 ਕਰੋੜ ਰੁਪਏ ਦੀ ਆਮਦਨ ਹੋਵੇਗੀ। ਭਾਰਤ ਅਤੇ ਹੋਰ ਮੁਲਕਾਂ ਤੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦਾ ਚੜ੍ਹਾਵਾ ਇਸ ਤੋਂ ਵੱਖਰਾ ਹੋਵੇਗਾ। ਕਹਿਣ ਨੂੰ ਤਾਂ ਪਾਕਿਸਤਾਨ ਸਥਿਤ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇਖਦੀ ਹੈ, ਪਰ ਭਾਰਤ ਵਾਂਗ ਇਹ ਚੁਣੀ ਹੋਈ ਸੰਸਥਾ ਨਹੀਂ। ਇਸ ਦਾ ਗਠਨ ਪਾਕਿਸਤਾਨ ਸਰਕਾਰ ਵੱਲੋਂ ਕੀਤਾ ਜਾਂਦਾ ਹੈ, ਜੋ ਔਕਾਫ਼ ਟਰਸਟ ਪ੍ਰਾਪਰਟੀ ਬੋਰਡ ਦੇ ਅਧੀਨ ਹੁੰਦੀ ਹੈ। ਇਸ ਤਰ੍ਹਾਂ ਪਾਕਿਸਤਾਨ ਵਿਚ ਘੱਟਗਿਣਤੀਆਂ ਦੇ ਧਰਮ ਸਥਾਨਾਂ ਦੀ ਜਾਇਦਾਦ ਤੇ ਆਮਦਨ ਉਤੇ ਇਕ ਤਰ੍ਹਾਂ ਔਕਾਫ਼ ਬੋਰਡ ਦਾ ਹੀ ਕੰਟਰੋਲ ਹੁੰਦਾ ਹੈ। ਭਾਰਤ-ਪਾਕਿਸਤਾਨ ਦੇ ਮਾਲੀ ਰਿਸ਼ਤੇ ਬੀਤੇ ਦੋ ਸਾਲਾਂ ਤੋਂ ਕਾਫ਼ੀ ਖ਼ਰਾਬ ਹਨ, ਜਦੋਂਕਿ ਦੋਵਾਂ ਮੁਲਕਾਂ ਦੇ ਵਪਾਰੀ ਚੰਗੇ ਸਬੰਧਾਂ ਦੇ ਚਾਹਵਾਨ ਹਨ। ਅੰਮ੍ਰਿਤਸਰ ਤੇ ਲਾਹੌਰ ਦੇ ਵਪਾਰੀਆਂ ਨੂੰ ਇਸ ਲਾਂਘੇ ਤੋਂ ਕਾਫ਼ੀ ਉਮੀਦਾਂ ਹਨ, ਹਾਲਾਂਕਿ ਦਿੱਲੀ ਤੱਕ ਦੇ ਵਪਾਰੀ ਇਸ ਵੱਲ ਉਮੀਦ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਹਨ। ਪੰਜਾਬ ਰਾਹੀਂ ਪਾਕਿਸਤਾਨ ਨਾਲ ਵਪਾਰ ਵਧਣ ਦਾ ਪੂਰੇ ਉਤਰ ਭਾਰਤ ਨੂੰ ਸਿੱਧਾ ਫ਼ਾਇਦਾ ਹੋਵੇਗਾ। ਇਸੇ ਤਰ੍ਹਾਂ ਲਹਿੰਦੇ ਪੰਜਾਬ ‘ਚ ਖ਼ਾਸਕਰ ਲਾਹੌਰ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਵੀ ਪੰਜਾਬ ਸਰਹੱਦ ਰਾਹੀਂ ਭਾਰਤ ਨਾਲ ਵਪਾਰ ਵਧਾਉਣ ਦੀ ਮੰਗ ਕੀਤੀ ਜਾ ਰਹੀ ਹੈ। ਚੜ੍ਹਦੇ ਪੰਜਾਬ ਦੇ ਆਗੂ ਵੀ ਲਗਾਤਾਰ ਪੰਜਾਬ ਰਾਹੀਂ ਪਾਕਿਸਤਾਨ ਨਾਲ ਆਰਥਿਕ ਰਿਸ਼ਤੇ ਸੁਧਾਰਨ ‘ਤੇ ਜ਼ੋਰ ਦੇ ਰਹੇ ਹਨ। ਹਾਲੇ ਸਿਰਫ਼ ਅਟਾਰੀ ਸਰਹੱਦ ਰਾਹੀਂ ਦੋਵਾਂ ਮੁਲਕਾਂ ਦਰਮਿਆਨ ਵਪਾਰਕ ਲੈਣ-ਦੇਣ ਹੈ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 2014 ਵਿਚ ਕੇਂਦਰ ਨੂੰ ਚਿੱਠੀ ਲਿਖ ਕੇ ਜ਼ਿਲ੍ਹਾ ਫਿਰੋਜ਼ਪੁਰ ਸਥਿਤ ਹੁਸੈਨੀਵਾਲਾ ਅਤੇ ਜ਼ਿਲ੍ਹਾ ਫਿਰੋਜ਼ਪੁਰ ਸਥਿਤ ਸੁਲੇਮਾਨਕੀ ਸਰਹੱਦ ਰਾਹੀਂ ਵੀ ਵਪਾਰ ਸ਼ੁਰੂ ਕਰਨ ਦੀ ਮੰਗ ਕੀਤੀ ਸੀ। ਦੋਵਾਂ ਮੁਲਕਾਂ ਦਰਮਿਆਨ ਦੁਵੱਲੇ ਵਪਾਰ ਦੀ ਸਮਰੱਥਾ 30 ਅਰਬ ਡਾਲਰ ਦੇ ਕਰੀਬ ਹੈ, ਜਦੋਂਕਿ ਹਾਲੇ ਦੁਵੱਲਾ ਵਪਾਰ ਸਿਰਫ਼ 2.50 ਅਰਬ ਡਾਲਰ ਹੈ।
ਜੇ ਕਰਤਾਰਪੁਰ ਸਾਹਿਬ ਲਾਂਘਾ ਦੋਵਾਂ ਮੁਲਕਾਂ ਦਰਮਿਆਨ ਰਿਸ਼ਤੇ ਸੁਧਾਰਨ ਦਾ ਜ਼ਰੀਆ ਬਣਦਾ ਹੈ, ਤਾਂ ਇਸ ਦਾ ਪਾਕਿਸਤਾਨ ਦੇ ਕਈ ਸਨਅਤੀ ਖੇਤਰਾਂ ਨੂੰ ਸਿੱਧਾ ਲਾਭ ਹੋਵੇਗਾ। ਪਾਕਿਸਤਾਨ ਦੀ ਆਟੋਮੋਬਾਈਲ ਸਨਅਤ ਭਾਰਤ ਦੇ ਗੁੜਗਾਉਂ ਤੇ ਮਾਨੇਸਰ ਤੋਂ ਲੋੜੀਂਦਾ ਸਾਮਾਨ ਦਰਾਮਦ ਕਰ ਸਕਦੀ ਹੈ। ਪਾਕਿਸਤਾਨ ਦੀ ਦਵਾ ਸਨਅਤ ਨੂੰ ਵੀ ਭਾਰੀ ਫ਼ਾਇਦਾ ਹੋਵੇਗਾ, ਕਿਉਂਕਿ ਪਾਕਿਸਤਾਨ ਵਿਚ ਹਾਲੇ ਵੀ ਕਈ ਜ਼ਰੂਰੀ ਦਵਾਈਆਂ ਕਾਫ਼ੀ ਮਹਿੰਗੀਆਂ ਹਨ। ਦੋਵਾਂ ਮੁਲਕਾਂ ‘ਚ ਖੇਤੀ ਸਹਿਯੋਗ ਵੀ ਵਧੇਗਾ। ਚੜ੍ਹਦੇ ਪੰਜਾਬ ਵਿਚ ਆਲੂ ਤੇ ਨਰਮਾ ਕਾਸ਼ਤਕਾਰਾਂ ਨੂੰ ਫ਼ਾਇਦਾ ਹੋਵੇਗਾ।
ਲਹਿੰਦੇ ਪੰਜਾਬ ਦੀ ਕੱਪੜਾ ਸਨਅਤ ਚੜ੍ਹਦੇ ਪੰਜਾਬ ਦੀ ਕਪਾਹ ਦੀ ਵੱਡੀ ਖ਼ਰੀਦਦਾਰ ਹੈ ਅਤੇ ਭਾਰਤ ਤੋਂ ਪਾਕਿਸਤਾਨ ਨੂੰ ਹੋਣ ਵਾਲੀ ਬਰਾਮਦ ਵਿਚ ਕਪਾਹ ਦਾ ਵੱਡਾ ਹਿੱਸਾ ਹੈ। ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਸੁਧਾਰ ਦਾ ਫ਼ਾਇਦਾ ਮੱਧ ਏਸ਼ੀਆ ਤੇ ਅਫ਼ਗ਼ਾਨਿਸਤਾਨ ਨੂੰ ਵੀ ਹੋਵੇਗਾ ਅਤੇ ਇਸੇ ਤਰ੍ਹਾਂ ਪੂਰਬੀ ਏਸ਼ੀਆ ਤੇ ਬੰਗਲਾਦੇਸ਼ ਨੂੰ ਵੀ। ਪਾਕਿਸਤਾਨ ਦੀ ਪੂਰਬੀ ਏਸ਼ੀਆ ਦੇ ਬਾਜ਼ਾਰਾਂ ਤੱਕ ਪਹੁੰਚ ਸੌਖੀ ਹੋਵੇਗੀ ਤੇ ਭਾਰਤ ਲਈ ਮੱਧ ਏਸ਼ੀਆ ਦੇ ਬਾਜ਼ਾਰਾਂ ਤੱਕ ਪੁੱਜਣਾ ਆਸਾਨ ਹੋ ਜਾਵੇਗਾ।
ੲੲੲ

Check Also

Pharrell Williams, Reserve Properties ਅਤੇ Westdale Properties ਨੇ ਟੋਰਾਂਟੋ ਵਿੱਚ ਇੱਕ ਬੇਮਿਸਾਲ ਰਿਹਾਇਸ਼ੀ ਸਹਿਯੋਗ ਦਾ ਉਦਘਾਟਨ ਕੀਤਾ

5 ਨਵੰਬਰ 2019, TORONTO –  Reserve Properties ਅਤੇ Westdale Properties ਨੇ Toronto ਦੇ ਕੇਂਦਰ Yonge …