Breaking News
Home / ਭਾਰਤ / ਪੁਲਾੜ ‘ਚ ਮਹਾਸ਼ਕਤੀ ਬਣਿਆ ਭਾਰਤ

ਪੁਲਾੜ ‘ਚ ਮਹਾਸ਼ਕਤੀ ਬਣਿਆ ਭਾਰਤ

ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਭਾਰਤ ਬਣਿਆ ਚੌਥਾ ਸਪੇਸ ਸੁਪਰ ਪਾਵਰ
ਨਵੀਂ ਦਿੱਲੀ/ਬਿਊਰੋ ਨਿਊਜ਼ : ਟਾਰਗੈਟ ਧਰਤੀ ਤੋਂ 300 ਕਿਲੋਮੀਟਰ ਉਪਰ, ਡੀਆਰਡੀਓ ਦੇ ਵਿਗਿਆਨੀ ‘ਬੈਲਿਸਟਿਕ ਮਿਜ਼ਾਈਲ ਡਿਫੈਂਸ ਇੰਟਰਸੈਪਟਰ’ ਦਾਗਦੇ ਹਨ। ਅਚੂਕ ਨਿਸ਼ਾਨੇ ਨਾਲ ਟਾਰਗੈਟ ਤਿੰਨ ਮਿੰਟ ਵਿਚ ਤਬਾਹ ਹੋ ਜਾਂਦਾ ਹੈ। ਇਸਦੇ ਨਾਲ ਹੀ ‘ਐਂਟੀ ਸੈਟੇਲਾਈਟ ਮਿਜ਼ਾਈਲ’ ਪ੍ਰੀਖਣ ‘ਮਿਸ਼ਨ ਸ਼ਕਤੀ’ ਪੂਰਾ ਹੁੰਦਾ ਹੈ ਤੇ ਭਾਰਤ ਪੁਲਾੜ ਮਹਾਸ਼ਕਤੀ ਬਣ ਜਾਂਦਾ ਹੈ। ਅਜਿਹੀ ਤਾਕਤ ਜਿਹੜੀ ਪੁਲਾੜ ਵਿਚ ਅੱਖ ਬਣ ਕੇ ਹਿੰਦੁਸਤਾਨ ਦੀ ਨਿਗਾਰਬਾਨੀ ਕਰਨ ਵਾਲੇ ਦੁਸ਼ਮਣ ਦੇ ਸੈਟੇਲਾਈਟਾਂ ਨੂੰ ਤਬਾਹ ਕਰ ਸਕਦੀ ਹੈ। ਇਹ ਮੁਹਾਰਤ ਹਾਸਲ ਕਰਕੇ ਭਾਰਤ ਹੁਣ ਅਮਰੀਕਾ, ਰੂਸ ਤੇ ਚੀਨ ਵਾਂਗ ‘ਸਪੇਸ ਪਾਵਰ’ ਕਲੱਬ ਵਿਚ ਸ਼ਾਮਲ ਹੋ ਗਿਆ ਹੈ। ਇਸ ਤਰ੍ਹਾਂ ਭਾਰਤ ਹੁਣ ਦੁਨੀਆ ਦਾ ਚੌਥਾ ਸਪੇਸ ਸੁਪਰ ਪਾਵਰ ਦੇਸ਼ ਬਣ ਗਿਆ ਹੈ। 27 ਮਾਰਚ ਦੀ ਸਵੇਰ ਨੂੰ ਭਾਰਤ ਨੇ ਜਦੋਂ ਪੁਲਾੜ ਵਿਚ ‘ਲਾਈਵ ਸੈਟੇਲਾਈਟ’ ਨੂੰ ਤਬਾਹ ਕਰਨ ਦੀ ਮਿਸਾਲੀ ਤਕਨੀਕੀ ਸਮਰੱਥਾ ਹਾਸਲ ਕੀਤੀ ਤਾਂ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਰੇਡੀਓ, ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਜ਼ਰੀਏ ਇਸ ਵੱਡੀ ਉਪਲਬਧੀ ਦੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਦੇ ਨਾਂ ਆਪਣਾ ਮਹੱਤਵਪੂਰਨ ਸੰਦੇਸ਼ ਦਿੱਤਾ। ਇਸ ਦੌਰਾਨ ਪੀਐੱਮ ਨੇ ਖੁਲਾਸਾ ਕੀਤਾ ਕਿ ਭਾਰਤ ਨੇ ਲੋ ਅਰਥ ਆਰਬਿਟ ਵਿਚ ਘੁੰਮ ਰਹੇ ਇਕ ਲਾਈਵ ਸੈਟੇਲਾਈਟ ਨੂੰ ਦੂਸਰੇ ਸੈਟੇਲਾਈਟ ਜ਼ਰੀਏ ਐਂਟੀ ਸੈਟੇਲਾਈਟ ਮਿਜ਼ਾਈਲ ਨਾਲ ਤਬਾਹ ਕਰ ਦਿੱਤਾ। ਪੀਐੱਮ ਮੋਦੀ ਨੇ ਕਿਹਾ, ‘ਭਾਰਤ ਨੇ ਆਪਣਾ ਨਾਂ ਪੁਲਾੜ ਮਹਾਸ਼ਕਤੀ ਦੇ ਤੌਰ ‘ਤੇ ਦਰਜ ਕੀਤਾ ਹੈ। ਹੁਣ ਤਕ ਦੁਨੀਆ ਦੇ ਸਿਰਫ਼ ਤਿੰਨ ਦੇਸ਼ ਅਮਰੀਕਾ, ਰੂਸ ਅਤੇ ਚੀਨ ਨੇ ਇਹ ਉਪਲਬਧੀ ਹਾਸਲ ਕੀਤੀ ਸੀ। ਹੁਣ ਭਾਰਤ ਚੌਥਾ ਦੇਸ਼ ਹੈ ਜਿਸ ਨੇ ਇਹ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਪੀਐੱਮ ਨੇ ਕਿਹਾ ਕਿ ਮਿਸ਼ਨ ਸ਼ਕਤੀ ਦੇ ਵਿਗਿਆਨੀ ਵਧਾਈ ਦੇ ਪਾਤਰ ਹਨ। ਮੋਦੀ ਨੇ ਕਿਹਾ ਕਿ ਇਸ ਦੌਰਾਨ ਅੰਤਰਰਾਸ਼ਟਰੀ ਕਾਨੂੰਨ ਨੂੰ ਨਹੀਂ ਤੋੜਿਆ ਗਿਆ ਹੈ। ਪਰੀਖਣ ਕਿਸੇ ਵੀ ਸੰਧੀ ਦੀ ਉਲੰਘਣਾ ਨਹੀਂ ਕਰਦਾ।
ਉਨ੍ਹਾਂ ਕਿਹਾ ਕਿ ਮਿਸ਼ਨ ਸ਼ਕਤੀ ਸੁਪਨਿਆਂ ਦੀ ਸੁਰੱਖਿਆ ਦਾ ਇਕ ਕਦਮ ਹੈ।
ਇਸੇ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵੱਲੋਂ ਇਹ ਐਂਟੀ ਮਿਜ਼ਾਈਲ ਦੀ ਅਜ਼ਮਾਇਸ਼ ਇਸ ਲਈ ਕੀਤੀ ਗਈ ਹੈ ਤਾਂ ਜੋ ਭਾਰਤ ਦੇ ਆਪਣੇ ਪੁਲਾੜ ਸਬੰਧੀ ਅਸਾਸਿਆਂ ਦੀ ਸੁਰੱਖਿਆ ਦੀ ਸਮਰੱਥਾ ਦੀ ਪੁਸ਼ਟੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਅਜ਼ਮਾਇਸ਼ ਕਿਸੇ ਵੀ ਮੁਲਕ ਦੇ ਖ਼ਿਲਾਫ਼ ਨਹੀਂ ਕੀਤੀ ਗਈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਭਾਰਤ ਦਾ ਇਰਾਦਾ ਬਾਹਰੀ ਪੁਲਾੜ ਵਿਚ ਹਥਿਆਰਾਂ ਦੀ ਦੌੜ ਵਿਚ ਸ਼ਾਮਲ ਹੋਣ ਦਾ ਨਹੀਂ ਹੈ ਅਤੇ ਉਸ ਨੇ ਹਮੇਸ਼ਾ ਇਸ ਗੱਲ ‘ਤੇ ਅਮਲ ਕੀਤਾ ਹੈ ਕਿ ਪੁਲਾੜ ਦੀ ਵਰਤੋਂ ਸਿਰਫ਼ ਸ਼ਾਂਤੀਪੂਰਨ ਟੀਚਿਆਂ ਲਈ ਕੀਤੀ ਜਾਵੇ।

Check Also

ਸੁਪਰੀਮ ਕੋਰਟ ਨੇ ਰਾਮਦੇਵ, ਬਾਲਕ੍ਰਿਸ਼ਨ ਤੇ ਪਤੰਜਲੀ ਖਿਲਾਫ਼ ਮਾਣਹਾਨੀ ਦੇ ਨੋਟਿਸ ’ਤੇ ਫੈਸਲਾ ਰੱਖਿਆ ਰਾਖਵਾਂ

ਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ’ਚ ਕੋਰਟ ਨੇ ਹਲਫਨਾਮਾ ਦਾਇਰ ਕਰਨ ਦੇ ਦਿੱਤੇ ਹੁਕਮ ਨਵੀਂ ਦਿੱਲੀ/ਬਿਊਰੋ ਨਿਊਜ਼ …