Breaking News
Home / ਭਾਰਤ / ਭਾਰਤ ਨੇ ਪਾਕਿਸਤਾਨ ਨੂੰ ਉਸਦੇ ਘਰ ‘ਚ ਵੜ ਕੇ ਦਿੱਤਾ ਹਲੂਣਾ

ਭਾਰਤ ਨੇ ਪਾਕਿਸਤਾਨ ਨੂੰ ਉਸਦੇ ਘਰ ‘ਚ ਵੜ ਕੇ ਦਿੱਤਾ ਹਲੂਣਾ

Rajnath Singh copy copyਰਾਜਨਾਥ ਸਿੰਘ ਨੇ ਨਾ ਤਾਂ ਮੰਤਰੀ ਨਾਲ ਹੱਥ ਮਿਲਾਇਆ, ਨਾ ਹੀ ਕੀਤਾ ਲੰਚ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਵਿੱਚ ਸੱਤਵੇਂ ਸਾਰਕ ਗ੍ਰਹਿ ਮੰਤਰੀਆਂ ਦੇ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਆਏ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਇਥੇ ਦੁਪਹਿਰ ਦਾ ਖਾਣਾ ਨਹੀਂ ਖਾਧਾ ਕਿਉਂਕਿ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਅਤੇ ਮੇਜ਼ਬਾਨ ਚੌਧਰੀ ਨਿਸਾਰ ਅਲੀ ਖਾਨ ਬੈਠਕ ਬਾਅਦ ਦਿੱਤੀ ਜਾ ਰਹੀ ਦਾਅਵਤ ਵਾਲੀ ਥਾਂ ਤੋਂ ਖਿਸਕ ਗਏ ਸਨ। ਇਸ ਦੌਰਾਨ ਰਾਜਨਾਥ ਸਿੰਘ ਨੇ ਸੰਮੇਲਨ ਦੌਰਾਨ ਪਾਕਿਸਤਾਨ ਨੂੰ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਉਹ ਅੱਤਵਾਦੀ ਸਮੂਹਾਂ ਨੂੰ ਸ਼ਹਿ ਦੇਣੀ ਬੰਦ ਕਰ ਦੇਵੇ। ਉਨ੍ਹਾਂ ਅੱਤਵਾਦ ਦਾ ਸਮਰਥਨ ਕਰਨ ਵਾਲੇ ਮੁਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਸੱਦਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਚੰਗਾ ਜਾਂ ਮਾੜਾ ਅੱਤਵਾਦ ਨਹੀਂ ਹੁੰਦਾ ਅੱਤਵਾਦੀ ਸਿਰਫ਼ ਅੱਤਵਾਦ ਹੈ। ਭਾਰਤ ਤੇ ਪਾਕਿਸਤਾਨ ਸਬੰਧਾਂ ਵਿੱਚ ਮੌਜੂਦਾ ਤਣਾਅ ਸਾਫ਼ ਤੌਰ ‘ਤੇ ਨਜ਼ਰ ਆਇਆ ਜਦੋਂ ਰਾਜਨਾਥ ਸਿੰਘ ਦਾ ਚੌਧਰੀ ਖਾਨ ਨਾਲ ਪਹਿਲੀ ਵਾਰ ਸਾਹਮਣਾ ਹੋਇਆ ਤਾਂ ਦੋਵਾਂ ਨੇਤਾਵਾਂ ਨੇ ਬੜੇ ਔਖੇ ਹੋ ਕੇ ਇਕ ਦੂਜੇ ਦੇ ਹੱਥਾਂ ਨੂੰ ਛੂਹਿਆ ਪਰ ਰਸਮੀ ਤੌਰ ‘ਤੇ ਹੱਥ ਨਹੀਂ ਮਿਲਾਏ। ਇਹ ਸਭ ਸੰਮੇਲਨ ਵਾਲੇ ਸੇਰੇਨਾ ਹੋਟਲ ਵਿੱਚ ਉਦੋਂ ਹੋਇਆ ਜਦੋਂ ਚੌਧਰੀ ਭਾਰਤੀ ਮੰਤਰੀ ਦਾ ਸਵਾਗਤ ਕਰਨ ਲਈ ਖੜੇ ਸਨ। ਨਵੀਂ ਦਿੱਲੀ ਤੋਂ ਸੰਮੇਲਨ ਦੀ ਖ਼ਬਰ ਦੇਣ ਲਈ ਪੁੱਜੇ ਭਾਰਤੀ ਪੱਤਰਕਾਰਾਂ ਨੂੰ ਉਸ ਪਲ ਨੂੰ ਕੈਦ ਕਰਨ ਜਾਂ ਸੰਮੇਲਨ ਦੀ ਰਿਪੋਰਟ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਪਾਕਿਸਤਾਨੀ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੂਰ ਹੀ ਰੱਖਿਆ। ਇਸ ਕਾਰਨ ਭਾਰਤ ਦੇ ਇਕ ਸੀਨੀਅਰ ਅਧਿਕਾਰੀ ਤੇ ਪਾਕਿਸਤਾਨੀ ਅਧਿਕਾਰੀ ਵਿਚਾਲੇ ਤੂੰ-ਤੂੰ, ਮੈਂ-ਮੈਂ ਵੀ ਹੋਈ । ਬੈਠਕ ਤੋਂ ਬਾਅਦ ਚੌਧਰੀ ਵੱਲੋਂ ਦਿੱਤੀ ਜਾ ਰਹੀ ਦਾਅਵਤ ਵਿੱਚ ਰਾਜਨਾਥ ਸਿੰਘ ਨੇ ਹਿੱਸਾ ਨਹੀਂ ਲਿਆ, ਕਿਉਂਕਿ ਮੇਜ਼ਬਾਨ ਮੌਕੇ ‘ਤੇ ਨਹੀਂ ਸੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਨੇ ਆਪਣੇ ਹੋਟਲ ਵਿੱਚ ਭਾਰਤੀ ਵਫ਼ਦ ਨਾਲ  ਰੋਟੀ ਖਾਧੀ। ਇਸ ਤੋਂ ਬਾਅਦ ਉਹ ਭਾਰਤ ਲਈ ਰਵਾਨਾ ਹੋ ਗਏ। ਇਸ ਬਾਰੇ ਪਾਕਿਸਤਾਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਭਾਰਤੀ ਵਫ਼ਦ ਨੇ ਸਵੇਰੇ ਹੀ ਦੱਸ ਦਿੱਤਾ ਸੀ ਕਿ ਮੰਤਰੀ ਸੰਮੇਲਨ ਦੇ ਪਹਿਲੇ ਸੈਸ਼ਨ ਤੋਂ ਬਾਅਦ ਡੇਢ ਵਜੇ ਦੇਸ਼ ਪਰਤ ਜਾਣਗੇ। ਸੰਮੇਲਨ ਵਿੱਚ ਰਾਜਨਾਥ ਸਿੰਘ ਨੇ ਹਿੰਦੀ ਵਿੱਚ ਭਾਸ਼ਨ ਦਿੱਤਾ ਤੇ ਕਿਹਾ ਕਿ ਅੱਤਵਾਦੀਆਂ ਜਾਂ ਸੰਗਠਨਾਂ ਖ਼ਿਲਾਫ਼ ਸਿਰਫ਼ ਸਖ਼ਤ ਕਾਰਵਾਈ ਹੀ ਨਹੀਂ ਹੋਣੀ ਚਾਹੀਦੀ ਸਗੋਂ ਅਜਿਹੇ ਲੋਕਾਂ, ਸੰਗਠਨਾਂ ਅਤੇ ਦੇਸ਼ਾਂ ਵਿਰੁਧ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਰਾਜਨਾਥ ਦੇ ਭਾਸ਼ਨ ਵੇਲੇ ਮੀਡੀਆ ਬਲੈਕਆਊਟ
ਨਵੀਂ ਦਿੱਲੀ: ਚਰਚੇ ਹਨ ਕਿ ਰਾਜਨਾਥ ਦੇ ਭਾਸ਼ਣ ਨੂੰ ਜਾਣ ਬੁੱਝ ਕੇ ਮੀਡੀਆ ਵਿਚ ਨਹੀਂ ਨਸਰ ਕੀਤਾ ਗਿਆ। ਜਦੋਂ ਕਿ ਭਾਰਤ ਨੇ ਉਨ੍ਹਾਂ ਰਿਪੋਰਟਾਂ  ਦਾ ਖੰਡਨ ਕੀਤਾ ਹੈ ਕਿ ਪਾਕਿਸਤਾਨ ਵਿੱਚ ਭਾਰਤੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਭਾਸ਼ਨ ਵੇਲੇ ਮੀਡੀਆ ਨੂੰ ਦੂਰ ਰੱਖਿਆ ਗਿਆ ਸੀ। ਸਰਕਾਰ ਨੇ ਇਕ ਬਿਆਨ ਵਿੱਚ ਕਿਹਾ ਕਿ ਸਾਰਕ ਦੇਸ਼ਾਂ ਵਿੱਚ ਅਜਿਹਾ ਕੋਈ ਰੁਝਾਨ ਨਹੀਂ ਹੈ। ਸਾਰੇ ਦੇਸ਼ਾਂ ਦੇ ਪ੍ਰਤੀਨਿਧੀਆਂ ਦੇ ਬਿਆਨ ਜਨਤਕ ਤੇ ਮੀਡੀਆ ਵਿੱਚ ਜਾਣ ਤੋਂ ਨਹੀਂ ਰੋਕੇ ਜਾਂਦੇ। ਇਸ ਲਈ ਇਨ੍ਹਾਂ ਰਿਪੋਰਟਾਂ ਵਿੱਚ ਕੋਈ ਦਮ ਨਹੀਂ ਹੈ। ਅਜਿਹੀਆਂ ਰਿਪੋਰਟਾਂ ਆਈਆਂ ਸਨ ਕਿ ਰਾਜਨਾਥ ਦੇ ਭਾਸ਼ਨ ਮੀਡੀਆ ਨੂੰ ਕਵਰ ਨਹੀਂ ਕਰਨ ਦਿੱਤਾ ਗਿਆ। ਦੂਜੇ ਪਾਸੇ ਪਾਕਿਸਤਾਨ ਨੇ ਵੀ ਅਹਿਜੇ ਕਿਸੇ ਬਲੈਕਆਊਟ ਤੋਂ ਇਨਕਾਰ ਕੀਤਾ ਹੈ। ਦੇਸ਼ ਦੇ ਗ੍ਰਹਿ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਸੱਚ ਹੈ ਕਿ ਹੋਰ ਦੇਸ਼ਾਂ ਦੇ ਮੰਤਰੀਆਂ ਵਾਂਗ ਭਾਰਤੀ ਮੰਤਰੀ ਦੇ ਭਾਸ਼ਨ ਦਾ ਸਿੱਧਾ ਪ੍ਰਸਾਰਨ ਨਹੀਂ ਕੀਤਾ ਗਿਆ।

Check Also

ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ

ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …