15.2 C
Toronto
Monday, September 15, 2025
spot_img
Homeਪੰਜਾਬਆਪ ਵੱਲੋਂ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਆਪ ਵੱਲੋਂ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

App List copy copyਫੂਲਕਾ, ਸ਼ੇਰਗਿੱਲ ਤੇ ਫਲੀਆਂ ਵਾਲਾ ਟਿਕਟ ਲੈਣ ‘ਚ ਕਾਮਯਾਬ
ਸੁੱਚਾ ਸਿੰਘ ਛੋਟੇਪੁਰ ਦੀ ਗੈਰ ਮੌਜੂਦਗੀ ਖੜ੍ਹੇ ਕਰ ਗਈ ਕਈ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਹੋਣ ਵਾਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਚਾਹੇ ਕਿਸੇ ਪਾਰਟੀ ਦੀ ਹੋਵੇ ਪਰ ਉਮੀਦਵਾਰ ਐਲਾਨਣ ਵਿਚ ਆਮ ਆਦਮੀ ਪਾਰਟੀ ਨੇ ਮੱਲ੍ਹ ਮਾਰ ਲਈ ਹੈ। ਜਿਵੇਂ ਕ੍ਰਿਕਟ ਮੈਚ ਵਿਚ ਮੈਚ ਜਿੱਤਣ ਤੋਂ ਪਹਿਲਾਂ ਟਾਸ ਜਿੱਤਣ ਨੂੰ ਖਾਸ ਮੰਨਿਆ ਜਾਂਦਾ ਹੈ ਉਸੇ ਤਰ੍ਹਾਂ ਰਾਜਨੀਤਕ ਹਲਕਿਆਂ ਵਿਚ ਵੀ ਇਸ ਪਹਿਲ ਕਦਮੀ ਨੂੰ ‘ਆਪ’ ਲਈ ਸ਼ੁੱਭ ਸੰਕੇਤ ਮੰਨਿਆ ਜਾ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ 19 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਹੀ ਆਮ ਆਦਮੀ ਪਾਰਟੀ ਦੇ ਅੰਦਰ ਵੀ ਹਲਚਲ ਜਿਹੀ ਸ਼ੁਰੂ ਹੋ ਗਈ ਹੈ। ਵੀਰਵਾਰ ਨੂੰ ਆਮ ਆਦਮੀ ਪਾਰਟੀ ਨੇ ਸੰਜੇ ਸਿੰਘ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਭਗਵੰਤ ਮਾਨ ਤੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਵਾਈ। ਇਕ ਪਾਸੇ ਭਗਵੰਤ ਮਾਨ ਨੂੰ ਚੋਣ ਕੰਪੇਨ ਦਾ ਚੇਅਰਮੈਨ ਬਣਾਇਆ ਗਿਆ ਤੇ ਉਨ੍ਹਾਂ 19 ਉਮੀਦਵਾਰ ਐਲਾਨੇ ਤੇ ਦੂਜੇ ਪਾਸੇ ਇਸ ਪ੍ਰੈਸ ਕਾਨਫਰੰਸ ਵਿਚੋਂ ‘ਆਪ’ ਦੇ ਪੰਜਾਬ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਗੈਰਹਾਜ਼ਰੀ ਰੜਕਦੀ ਵੀ ਰਹੀ ਤੇ ਮੀਡੀਆ ਲਈ ਸਵਾਲ ਵੀ ਬਣੀ।
ਦੱਸਣਯੋਗ ਹੈ ਕਿ ਛੋਟੇਪੁਰ ਦੀ ਸੱਜੀ ਬਾਂਹ ਮੰਨੇ ਜਾਂਦੇ ਹਰਦੀਪ ਕਿੰਗਰਾ ਨੇ ਕੱਲ੍ਹ ਅਸਤੀਫ਼ਾ ਦੇ ਕੇ ਪਾਰਟੀ ਦੀ ਕੌਮੀ ਲੀਡਰਸ਼ਿਪ ‘ਤੇ ਗੰਭੀਰ ਦੋਸ਼ ਲਾਏ ਸਨ। ਸੂਤਰਾਂ ਅਨੁਸਾਰ ਛੋਟੇਪੁਰ ਵੀ ਟਿਕਟਾਂ ਦਾ ਐਲਾਨ ਕਰਨ ਮੌਕੇ ਰੋਸ ਵਜੋਂ ਸ਼ਾਮਲ ਨਹੀਂ ਹੋਏ। ਪਹਿਲੀ ਸੂਚੀ ਵਿੱਚ ਛੋਟੇਪੁਰ ਦੇ ਕਿਸੇ ਵੀ ਨਜ਼ਦੀਕੀ ਨੂੰ ਟਿਕਟ ਨਹੀਂ ਦਿੱਤੀ ਗਈ। ‘ਆਪ’ ਦੇ ਕੌਮੀ ਬੁਲਾਰੇ ਤੇ ਪੰਜਾਬ ਦੇ ਇੰਚਾਰਜ ਸੰਜੇ ਸਿੰਘ ਅਤੇ ਚੋਣ ਪ੍ਰਚਾਰ ਕਮੇਟੀ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪਾਰਟੀ ਆਗੂ ਕਰਨਵੀਰ ਸਿੰਘ ਟਿਵਾਣਾ, ਅਮਨ ਅਰੋੜਾ ਤੇ ਪ੍ਰੋਫ਼ੈਸਰ ਬਲਜਿੰਦਰ ਕੌਰ ਦੀ ਹਾਜ਼ਰੀ ਵਿੱਚ ਉਮੀਦਵਾਰਾਂ ਦਾ ਐਲਾਨ ਕੀਤਾ। ਇਨ੍ਹਾਂ ਵਿੱਚ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਐਡਵੋਕੇਟ ਹਰਜੋਤ ਸਿੰਘ ਬੈਂਸ (25) ਨੂੰ ਵਿਧਾਨ ਸਭਾ ਹਲਕਾ ਸਾਹਨੇਵਾਲ (ਲੁਧਿਆਣਾ), ઠਕਾਨੂੰਨੀ ਸੈੱਲ ਦੇ ਮੁਖੀ ਐਡਵੋਕੇਟ ਹਿੰਮਤ ਸਿੰਘ ਸ਼ੇਰਗਿੱਲ (36) ਨੂੰ ਮੁਹਾਲੀ, ਬੁਲਾਰੇ ਕੁਲਤਾਰ ਸਿੰਘ ਸੰਧਵਾਂ (40) ਨੂੰ ਕੋਟਕਪੂਰਾ, ਸੀਨੀਅਰ ਆਗੂ ਐਚ.ਐਸ. ਫੂਲਕਾ (60) ਨੂੰ ਦਾਖਾ, ਸੰਗਰੂਰ ਜ਼ੋਨ ਦੇ ਇੰਚਾਰਜ ਜਸਵੀਰ ਸਿੰਘ ਸੇਖੋਂ ਉਰਫ਼ ਜੱਸੀ ਸੇਖੋਂ (46) ਨੂੰ ਧੂਰੀ ਵਿਧਾਨ ਸਭਾ ਹਲਕਿਆਂ ਦੀਆਂ ਟਿਕਟਾਂ ਦਿੱਤੀਆਂ ਹਨ। ઠਇਸ ਤੋਂ ਇਲਾਵਾ ਅਰਜਨ ਐਵਾਰਡੀ ਬਾਸਕਟਬਾਲ ਦੇ ਕੌਮਾਂਤਰੀ ਖਿਡਾਰੀ ਤੇ ਪਾਰਟੀ ਦੇ ਜਨਰਲ ਸਕੱਤਰ ਸੱਜਣ ਸਿੰਘ ਚੀਮਾ (59) ਨੂੰ ਸੁਲਤਾਨਪੁਰ ਲੋਧੀ, ਜਨਰਲ ਸਕੱਤਰ ਅਹਿਬਾਬ ਸਿੰਘ ਗਰੇਵਾਲ (38) ਨੂੰ ਲੁਧਿਆਣਾ (ਪੱਛਮੀ), ਡਾਕਟਰ ਇੰਦਰਬੀਰ ਸਿੰਘ ਨਿੱਝਰ (60) ਨੂੰ ਅੰਮ੍ਰਿਤਸਰ (ਦੱਖਣ), ਯੂਥ ਵਿੰਗ ਦੇ ਮੀਤ ਪ੍ਰਧਾਨ ਸਮਰਬੀਰ ਸਿੰਘ ਸਿੱਧੂ (25) ਨੂੰ ਫ਼ਾਜ਼ਿਲਕਾ, ਨਗਰ ਕੌਂਸਲ ਰਮਦਾਸ ਦੇ ਸਾਬਕਾ ਪ੍ਰਧਾਨ ਰਾਜਪ੍ਰੀਤ ਸਿੰਘ ਰੰਧਾਵਾ (51) ਨੂੰ ਅਜਨਾਲਾ, ਪੋਲੀਟੀਕਲ ਰਿਵਿਊ ਕਮੇਟੀ ਦੇ ਮੈਂਬਰ ਜਗਦੀਪ ਸਿੰਘ ਬਰਾੜ (48) ਨੂੰ ਸ੍ਰੀ ਮੁਕਤਸਰ ਸਾਹਿਬ, ਗੁਰਦਿੱਤ ਸਿੰਘ ਸੇਖੋਂ (45) ਨੂੰ ਫ਼ਰੀਦਕੋਟ, ਬ੍ਰਿਗੇਡੀਅਰ ਰਾਜ ਕੁਮਾਰ (59) ਨੂੰ ਬਲਾਚੌਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਗੁਰਵਿੰਦਰ ਸਿੰਘ ਸ਼ਾਮਪੁਰਾ (60) ਨੂੰ ਫਤਿਹਗੜ੍ਹ ਚੂੜੀਆਂ, ਗੁਰਪ੍ਰੀਤ ਸਿੰਘ ਲਾਪਰਾਂ (36) ਨੂੰ ਰਿਜ਼ਰਵ ਹਲਕਾ ਪਾਇਲ, ਬਠਿੰਡਾ ਜ਼ੋਨ ਦੇ ਮਹਿਲਾ ਵਿੰਗ ਦੀ ઠਪ੍ਰਧਾਨ ਰੁਪਿੰਦਰ ਕੌਰ ਰੂਬੀ (28) ਨੂੰ ਬਠਿੰਡਾ (ਦਿਹਾਤੀ), ਟਰਾਂਸਪੋਰਟਰ ਅਮਰਜੀਤ ਸਿੰਘ (38) ਨੂੰ ਰੂਪਨਗਰ ਅਤੇ ਐਸਸੀ ਵਿੰਗ ਦੇ ਜਨਰਲ ਸਕੱਤਰ ਸੰਤੋਖ ਸਿੰਘ ਸਲਾਣਾ (48) ਨੂੰ ਰਿਜ਼ਰਵ ਹਲਕਾ ਬੱਸੀ ਪਠਾਣਾਂ ਤੋਂ ਟਿਕਟਾਂ ਦਿੱਤੀਆਂ ਹਨ। ਪਿਛਲੇ ਸਮੇਂ ਬਸਪਾ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਾਬਕਾ ਸੰਸਦ ਮੈਂਬਰ ਮੋਹਨ ਸਿੰਘ ਫਲੀਅਂਵਾਲਾ (60) ਨੂੰ ਰਾਖਵੇਂ ਹਲਕੇ ਫਿਰੋਜ਼ਪੁਰ (ਦਿਹਾਤੀ) ਤੋਂ ਟਿਕਟ ਦਿੱਤੀ ਗਈ ਹੈ, ਜਦੋਂਕਿ ਕਾਂਗਰਸ ਵਿੱਚੋਂ ਆਏ ਅਮਨ ਅਰੋੜਾ, ਸੁਖਪਾਲ ਖਹਿਰਾ ਤੇ ਸੀਡੀ ਸਿੰਘ ਕੰਬੋਜ਼ ਨੂੰ ਫਿਲਹਾਲ ਟਿਕਟਾਂ ਦੇਣ ਦਾ ਫ਼ੈਸਲਾ ਨਹੀਂ ਕੀਤਾ ਗਿਆ।
ਜਾਣਕਾਰੀ ਅਨੁਸਾਰ ਟਿਕਟਾਂ ਦਾ ਐਲਾਨ ਕਨਵੀਨਰ ਛੋਟੇਪੁਰ ਦੀ ਗ਼ੈਰਹਾਜ਼ਰੀ ਵਿੱਚ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਛੋਟੇਪੁਰ ਕੁਝ ਨਿੱਜੀ ਕਾਰਨਾਂ ਕਰਕੇ ਪ੍ਰੈੱਸ ਕਾਨਫ਼ਰੰਸ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਕਿੰਗਰਾ ਵੱਲੋਂ ਅਸਤੀਫ਼ਾ ਦੇਣ ਬਾਰੇ ਕਿਹਾ ਕਿ ਕਿੰਗਰਾ ਖ਼ੁਦ ਪਾਰਟੀ ਤੋਂ ਅਸਤੀਫ਼ਾ ਦੇ ਚੁੱਕੇ ਹਨ, ਇਸ ਲਈ ਹੁਣ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਕੋਈ ਤੁੱਕ ਨਹੀਂ ਬਣਦੀ। ਦੂਜੇ ਪਾਸੇ ਕਿੰਗਰਾ ਨੇ ਸੰਪਰਕ ਕਰਨ ‘ਤੇ ਕਿਹਾ ਕਿ ਦਿੱਲੀ ਤੋਂ ਆਏ ਆਗੂ ਸਿੱਖ ਆਗੂਆਂ ਨੂੰ ਜ਼ਲੀਲ ਕਰ ਰਹੇ ਹਨ ਅਤੇ ਉਹ ਇਨ੍ਹਾਂ ਨੂੰ ਬੇਨਕਾਬ ਕਰਨਗੇ।
ਇਸ ਦੌਰਾਨ ਸ਼ੇਰਗਿੱਲ ਨੂੰ ਟਿਕਟ ਦੇਣ ਵਿਰੁੱਧ ਮੁਹਾਲੀ ਦੇ ਕਈ ਆਗੂਆਂ ਨੇ ਬਗ਼ਾਵਤੀ ਰੁਖ਼ ਅਖ਼ਤਿਆਰ ਕਰ ਲਿਆ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਕੁਝ ਆਗੂਆਂ ਨੇ ਹਲਫ਼ਨਾਮਾ ਦੇ ਕੇ ਚੀਮਾ ‘ਤੇ ਗੰਭੀਰ ਦੋਸ਼ ਲਾਉਂਦਿਆਂ ਉਨ੍ਹਾਂ ਦੀ ਟਿਕਟ ਰੱਦ ਕਰਨ ਦੀ ਮੰਗ ਕੀਤੀ ਹੈ।
ਸਕਰੀਨਿੰਗ ਕਮੇਟੀ ਵੱਲੋਂ ਪ੍ਰਵਾਨ ਕੀਤੇ 26 ਉਮੀਦਵਾਰਾਂ ਵਿੱਚੋਂ ਸਿਰਫ਼ 19 ਦਾ ਹੀ ਐਲਾਨ ਕੀਤਾ ਗਿਆ ਹੈ, ਜਦੋਂਕਿ ਸੱਤ ਉਮੀਦਵਾਰਾਂ ‘ਤੇ ਇਤਰਾਜ਼ ਉਠਣ ਕਾਰਨ ਉਨ੍ਹਾਂ ਦੇ ਨਾਮ ਰੋਕ ਲਏ ਹਨ, ਜਿਨ੍ਹਾਂ ਵਿੱਚ ਪ੍ਰੋਫ਼ੈਸਰ ਬਲਜਿੰਦਰ ਕੌਰ ਵੀ ਸ਼ਾਮਲ ਹੈ।
ਛੋਟੇਪੁਰ ਦੇ ਅਸਤੀਫ਼ੇ ਦੀਆਂ ਚਰਚਾਵਾਂ, ਉਨ੍ਹਾਂ ਕੀਤਾ ਖੰਡਨ
ਸੁੱਚਾ ਸਿੰਘ ਛੋਟੇਪੁਰ ਦੇ ਨਜ਼ਦੀਕੀ ਹਰਦੀਪ ਕਿੰਗਰਾ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ, ਛੋਟੇਪੁਰ ਦਾ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਸਮੇਂ ਪ੍ਰੈਸ ਕਾਨਫਰੰਸ ਵਿਚ ਨਾ ਆਉਣਾ ਇਹ ਚਰਚਾਵਾਂ ਛੇੜ ਗਿਆ ਕਿ ਉਨ੍ਹਾਂ ਵੀ ਅਸਤੀਫ਼ਾ ਦੇ ਦਿੱਤਾ ਹੈ ਜਾਂ ਅਸਤੀਫ਼ਾ ਦੇਣ ਵਾਲੇ ਹਨ ਪਰ ਫਿਲਹਾਲ ਸੁੱਚਾ ਸਿੰਘ ਛੋਟੇਪੁਰ ਨੇ ਉਨ੍ਹਾਂ ਵੱਲੋਂ ਪਾਰਟੀ ਤੋਂ ਅਸਤੀਫ਼ਾ ਦੇਣ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਹੈ।
ਸੂਤਰਾਂ ਅਨੁਸਾਰ ਛੋਟੇਪੁਰ ਨਵੇਂ ਪੈਦਾ ਹੋਏ ਹਾਲਾਤ ਬਾਰੇ ਆਪਣੇ ਸਮਰਥਕਾਂ ਨਾਲ ਵਿਚਾਰ ਚਰਚਾ ਕਰ ਰਹੇ ਹਨ। ਇਸੇ ਦੌਰਾਨ ਕਾਂਗਰਸ ਅਤੇ ਅਕਾਲੀ ਦਲ ਦੇ ਆਗੂਆਂ ਦੀ ‘ਆਪ’ ਵਿਚਲੀ ਫੁੱਟ ‘ਤੇ ਤਿੱਖੀ ਨਜ਼ਰ ਹੈ।
ਇੱਕ-ਇੱਕ ਕਰੋੜ ਵਿਚ ਵੇਚੀ ਟਿਕਟ : ਸੁਖਬੀਰ ਬਾਦਲ
ਚੰਡੀਗੜ੍ਹ : ਆਮ ਆਦਮੀ ਪਾਰਟੀ ਇੱਕ-ਇੱਕ ਕਰੋੜ ਰੁਪਏ ਵਿਚ ਟਿਕਟ ਵੇਚ ਰਹੀ ਹੈ। ਇਨ੍ਹਾਂ ਦਾ ਹਾਲ ਵੀ ਮਨਪ੍ਰੀਤ ਸਿੰਘ ਬਾਦਲ ਵਰਗਾ ਹੀ ਹੋਵੇਗਾ। ਆਮ ਆਦਮੀ ਪਾਰਟੀ ‘ਤੇ ਇਹ ਵੱਡਾ ਹਮਲਾ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੋਲਿਆ ਹੈ। ਪੰਜਾਬ ਵਿਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਲੜਨ ਵਾਲੀ ਆਮ ਆਦਮੀ ਪਾਰਟੀ ਅੱਜ-ਕੱਲ੍ਹ ਅਕਾਲੀ ਦਲ ਤੇ ਕਾਂਗਰਸ ਦੋਵਾਂ ਦੇ ਹੀ ਮੁੱਖ ਨਿਸ਼ਾਨੇ ‘ਤੇ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ‘ਆਪ’ ਵਿਚ ਬਗਾਵਤ ਹੋ ਚੁੱਕੀ ਹੈ ਅਤੇ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਪਾਰਟੀ ਵਿਚੋਂ ਕੱਢਿਆ ਜਾ ਸਕਦਾ ਹੈ।

RELATED ARTICLES
POPULAR POSTS