Breaking News
Home / ਪੰਜਾਬ / ਕਬੱਡੀ ਖਿਡਾਰੀਆਂ ਨੇ ਕਿਸਾਨਾਂ ਦੇ ਕੱਪੜੇ ਧੋਣ ਦਾ ਮੋਰਚਾ ਸਾਂਭਿਆ

ਕਬੱਡੀ ਖਿਡਾਰੀਆਂ ਨੇ ਕਿਸਾਨਾਂ ਦੇ ਕੱਪੜੇ ਧੋਣ ਦਾ ਮੋਰਚਾ ਸਾਂਭਿਆ

ਇੰਗਲੈਂਡ ਦੇ ਕਬੱਡੀ ਪ੍ਰਮੋਟਰਾਂ ਨੇ ਕੱਪੜੇ ਧੋਣ ਲਈ ਲੈ ਕੇ ਦਿੱਤੀਆਂ ਮਸ਼ੀਨਾਂ
ਜਲੰਧਰ/ਬਿਊਰੋ ਨਿਊਜ਼ : ਕਬੱਡੀ ਦੇ ਕੌਮਾਂਤਰੀ ਖਿਡਾਰੀਆਂ ਨੇ ਦਿੱਲੀ ਦੀ ਸਿੰਘੂ ਹੱਦ ‘ਤੇ ਮੋਰਚਾ ਲਾ ਕੇ ਬੈਠੇ ਕਿਸਾਨਾਂ ਦੇ ਕੱਪੜੇ ਧੋਣ ਦਾ ਮੋਰਚਾ ਸੰਭਾਲਿਆ ਹੋਇਆ ਹੈ। ਕਈ ਦਿਨਾਂ ਤੋਂ ਮੋਰਚੇ ‘ਤੇ ਬੈਠੇ ਕਿਸਾਨਾਂ ਨੂੰ ਕੱਪੜੇ ਧੋਣ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਦੇਖਦਿਆਂ ਦੋਨਾ ਇਲਾਕੇ ਦੇ ਪਿੰਡਾਂ ਵਿਚੋਂ ਗਏ ਕਬੱਡੀ ਖਿਡਾਰੀਆਂ ਵੱਲੋਂ ਲੰਗਰ ਦੇ ਨਾਲ-ਨਾਲ ਕਿਸਾਨਾਂ ਦੇ ਕੱਪੜੇ ਧੋਣ ਦੀ ਸੇਵਾ ਵੀ ਕੀਤੀ ਜਾ ਰਹੀ ਹੈ। ਇਹ ਖਿਡਾਰੀ ਕੱਪੜੇ ਧੋਣ ਵਾਲੀਆਂ ਦੋ ਮਸ਼ੀਨਾਂ ਨਾਲ ਦਿਨ-ਰਾਤ ਕਿਸਾਨਾਂ ਦੇ ਕੱਪੜੇ ਧੋ ਰਹੇ ਹਨ। ਸਿੰਘੂ ਬਾਰਡਰ ਦੇ ਨੇੜੇ ਹੀ ਇਕ ਬਿਲਡਿੰਗ ਵਿਚ ਇਨ੍ਹਾਂ ਨੌਜਵਾਨਾਂ ਨੇ ਡੇਰੇ ਲਾਏ ਹੋਏ ਹਨ ਤੇ ਉਸ ਬਿਲਡਿੰਗ ਦੇ ਮਾਲਕ ਨੇ ਇਨ੍ਹਾਂ ਨੂੰ ਬਿਜਲੀ-ਪਾਣੀ ਦੀ ਸਹੂਲਤ ਦਿੱਤੀ ਹੋਈ ਹੈ। ਇਨ੍ਹਾਂ ਨੂੰ ਕੱਪੜੇ ਧੋਣ ਵਾਲੀਆਂ ਦੋ ਮਸ਼ੀਨਾਂ ਇੰਗਲੈਂਡ ਦੇ ਦੋ ਕਬੱਡੀ ਪ੍ਰਮੋਟਰਾਂ ਨੇ ਲੈ ਕੇ ਦਿੱਤੀਆਂ ਹਨ। ਪਿੰਡ ਮਾਲੇ ਦੇ ਨੌਜਵਾਨ ਹਰਨੇਕ ਸਿੰਘ ਅਤੇ ਉਸ ਦੇ ਸਾਥੀਆਂ ਦੀ ਕੱਪੜੇ ਧੋਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਲੁਧਿਆਣੇ ਤੋਂ ਵੀ ਇਕ ਦਾਨੀ ਸੱਜਣ ਨੇ ਦੋ ਮਸ਼ੀਨਾਂ ਦੇਣ ਦੀ ਪੇਸ਼ਕਸ਼ ਕੀਤੀ ਹੈ। ਕੌਮਾਂਤਰੀ ਕਬੱਡੀ ਖਿਡਾਰੀ ਮਨਜਿੰਦਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਜਿਹੜੇ ਕਿਸਾਨਾਂ ਦੀਆਂ ਟਰਾਲੀਆਂ ਸਿੰਘੂ ਬਾਰਡਰ ਦੇ ਬਿਲਕੁਲ ਨੇੜੇ ਹਨ, ਉਨ੍ਹਾਂ ਨੂੰ ਪਿੱਛੇ ਸਾਮਾਨ ਲਿਜਾਣ ਵਿਚ ਕਾਫੀ ਪ੍ਰੇਸ਼ਾਨੀ ਆ ਰਹੀ ਹੈ। ਇਸ ਲਈ ਉਨ੍ਹਾਂ ਲਈ ਨਿੱਤ ਵਰਤੋਂ ਦੀਆਂ ਚੀਜ਼ਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕਬੱਡੀ ਖਿਡਾਰੀਆਂ ਮੰਗੀ ਬੱਗਾ, ਟੋਨੀ ਰੁੜਕਾ ਕਲਾਂ, ਸੁੱਖ ਭੰਗਲ, ਗਗਨ ਜੱਸੋਵਾਲ, ਮਨਜਿੰਦਰ ਸਿੰਘ ਸੀਚੇਵਾਲ, ਕੰਤਾ ਪਾਸਲਾ ਅਤੇ ਕੱਬਡੀ ਕੋਚ ਹਰਨੇਕ ਸਿੰਘ ਤੇ ਪ੍ਰਭਵਜੋਤ ਸਿੰਘ ਜਹਾਜ਼ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਸਿੰਘੂ ਹੱਦ ‘ਤੇ 30 ਨਵੰਬਰ ਨੂੰ ਪਹੁੰਚ ਗਈ ਸੀ। ਜਦੋਂ ਤੱਕ ਇਹ ਮੋਰਚਾ ਚੱਲੇਗਾ, ਉਦੋਂ ਤੱਕ ਉਹ ਇੱਥੇ ਹੀ ਡਟੇ ਰਹਿਣਗੇ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …