Breaking News
Home / ਪੰਜਾਬ / ‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ।

‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ।

electon-copy-copy‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ।
ਤਲਵਾਰਾਂ-ਟਕੂਏ-ਤ੍ਰਿਸ਼ੂਲ ਬਾਹਰ ਆ ਗਏ॥’
ਤ੍ਰੈਭਾਸ਼ੀ ਕਵੀ ਦਰਬਾਰ ‘ਚ ਦੀਪਕ ਚਨਾਰਥਲ ਨੇ ਲੁੱਟੀ ਮਹਿਫ਼ਲ
‘ਲੱਗਦਾ ਵੋਟਾਂ ਦੇ ਦਿਨ ਨੇੜੇ ਆ ਗਏ,
ਤਲਵਾਰਾਂ-ਟਕੂਏ-ਤ੍ਰਿਸ਼ੂਲ ਬਾਹਰ ਆ ਗਏ।
ਦਿੱਖ ਨਾ ਜਾਵਣ ਦਾਗ ਸਿਆਸਤ ਦੇ,
ਲੀਡਰ ਧਰਮਾਂ ਦੇ ਬਾਣੇ ਪਾ ਬਾਹਰ ਆ ਗਏ।
ਭੁੱਲ ਕੇ ਵੀ ਨਾ ਪੁੱਛ ਲੈਣਾ ਹਿਸਾਬ ਵਾਅਦਿਆਂ ਦਾ,
ਦਿਨ ਤਾਂ ਗਊ ਮਾਤਾ, ਪੰਥ ਖਤਰੇ ਦੇ ਆ ਗਏ।’
ਪੰਜਾਬ ਦੀਆਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਵੋਟਾਂ ਦੇ ਪੂਰੀ ਤਰ੍ਹਾਂ ਹਿੰਸਕ ਰੂਪ ਧਾਰਦੇ ਜਾ ਰਹੇ ਦ੍ਰਿਸ਼ ਨੂੰ ਉਭਾਰਦੀ ਦੀਪਕ ਸ਼ਰਮਾ ਚਨਾਰਥਲ ਦੀ ਕਵਿਤਾ ਦੇ ਇਸ ਸ਼ੇਅਰ ਨੇ ਮਹਿਫਲ ਲੁੱਟ ਲਈ। ਦੀਪਕ ਸ਼ਰਮਾ ਚਨਾਰਥਲ ਨੇ ਆਪਣੀ ਪੂਰੀ ਕਵਿਤਾ ਰਾਹੀਂ ਗੰਭੀਰ ਸੁਨੇਹਾ ਛੱਡਦਿਆਂ ਆਖਿਆ ਕਿ ਅੱਜ ਰਾਜਨੀਤਿਕ ਪਾਰਟੀਆਂ ਲਈ ਲੋਕ ਨਹੀਂ ਵੋਟ ਦੀ ਹੀ ਅਹਿਮੀਅਤ ਹੈ। ਉਨ੍ਹਾਂ ਲਈ ਚਾਹੇ ਕਿਸਾਨ ਮਰੇ, ਚਾਹੇ ਨੌਜਵਾਨ ਨੂੰ ਨੌਕਰੀ ਮਿਲੇ ਜਾਂ ਨਾ ਮਿਲੇ, ਬੇਰੁਜ਼ਗਾਰਾਂ ਦੀਆਂ ਚਾਹੇ ਪੱਗਾਂ ਲੱਥਣ ਪਰ ਸਰਕਾਰਾਂ ਨੂੰ ਨਾ ਤਾਂ ਸੂਬੇ ਦੀ ਚਿੰਤਾ ਹੈ ਤੇ ਨਾ ਲੋਕਾਂ ਦੀ ਹਾਂ ਰਾਜਨੀਤਿਕ ਪਾਰਟੀਆਂ ਨੂੰ ਚਿੰਤਾ ਹੈ ਤਾਂ ਸਿਰਫ਼ ਆਪਣੇ ਵੋਟ ਬੈਂਕ ਦੀ। ਦੀਪਕ ਚਨਾਰਥਲ ਦੀ ਇਹ ਲਾਈਨ ਵੀ ਸਭ ਦੇ ਦਿਲਾਂ ਵਿਚ ਉਤਰ ਗਈ ਜਦੋਂ ਉਨ੍ਹਾਂ ਕਿਹਾ  :
”ਕਿਸਾਨ ਮਰਦਾ ਏ ਤਾਂ ਮਰ ਜਾਵੇ,
ਵੋਟ ਨਾ ਮੇਰੀ ਘਟ ਜਾਵੇ।’
ਜ਼ਿਕਰਯੋਗ ਹੈ ਕਿ ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵਲੋਂ ਸੈਕਟਰ 16 ਵਿਚ ਸਥਿਤ ਪੰਜਾਬ ਕਲਾ ਭਵਨ ਵਿਚ ਸਰਦ ਰੁੱਤ ਤ੍ਰੈਭਾਸ਼ੀ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਪੰਜਾਬੀ ਦੇ ਨਾਲ-ਨਾਲ ਹਿੰਦੀ ਅਤੇ ਉਰਦੂ ਦੇ ਨਾਮਵਰ ਕਵੀਆਂ ਅਤੇ ਕਵਿੱਤਰੀਆਂ ਨੇ ਜਦੋਂ ਆਪਣੀਆਂ ਨਜ਼ਮਾਂ ਪੜ੍ਹੀਆਂ ਤਾਂ ਇੰਝ ਮਹਿਸੂਸ ਹੋਇਆ ਜਿਵੇਂ ਗੰਗਾ, ਯਮਨਾ ਤੇ ਸਰਸਵਤੀ ਮਿਲ ਕੇ ਕਵਿਤਾ ਦੀ ਤ੍ਰਿਵੈਣੀ ਵਗ ਪਈ ਹੋਵੇ।
ਤ੍ਰੈਭਾਸ਼ੀ ਕਵੀ ਦਰਬਾਰ ਦੀ ਸ਼ੁਰੂਆਤ ਵਿਚ ਗੁਰਨਾਮ ਕੰਵਰ ਹੋਰਾਂ ਵਲੋਂ ਜਦੋਂ ਜੋਸ਼ੀਲੀ ਕਵਿਤਾ ‘ਮੰਜ਼ਲ ਦੀ ਮੁਟਿਆਰ ਸਾਡੇ ਵਿਹੜੇ ਆਵੇਗੀ’ ਪੜ੍ਹੀ ਗਈ ਤਾਂ ਮਹਿਫਲ ਸ਼ੁਰੂਆਤ ਵਿਚ ਹੀ ਜੋਸ਼ ਨਾਲ ਭਰ ਉਠੀ। ਇਸ ਰੰਗ ਨੂੰ ਹੋਰ ਸਿਖ਼ਰ ‘ਤੇ ਲੈ ਗਈ ਗੁਰਮਿੰਦਰ ਸਿੱਧੂ ਦੀ ਕਵਿਤਾ ‘ਘਰ-ਘਰ ‘ਚ ਵੰਡਦਾ ਹੈ ਹੁਣ ਦਰਦ ਮੌਸਮ’, ਫਿਰ ਨੀਲੂ ਤ੍ਰਿਖਾ, ਰਾਜਵੰਤੀ ਮਾਨ, ਡਾ. ਸ਼ਾਲਿਨੀ ਸ਼ਰਮਾ ਹੋਰਾਂ ਨੇ ਹਿੰਦੀ ਦੇ ਮਿਠਾਸ ਭਰੇ ਸ਼ਬਦਾਂ ਵਾਲੀਆਂ ਕਵਿਤਾਵਾਂ ਰਾਹੀਂ ਆਪਣੀ ਹਾਜ਼ਰੀ ਲਵਾਈ।
ਮਨਜੀਤ ਇੰਦਰਾ ਦੀ ਤਰੰਨਮ ‘ਚ ਗਾਈ ਗੀਤ ਰੂਪੀ ਕਵਿਤਾ ‘ਮੁੜਕੇ ਫਿਰ ਨਾ ਆਏ ਜੋਗੀ’ ਨੇ ਕਾਵਿ ਮਹਿਫਲ ਵਿਚ ਤਾੜੀਆਂ ਬਟੋਰ ਲਈਆਂ। ਇੰਝ ਹੀ ਸਿਰੀ ਅਰਸ਼ ਦੇ ਢੁੱਕਵੇਂ ਸ਼ੇਅਰਾਂ ‘ਤੇ ਜਿੱਥੇ ਸਭ ਅਸ਼-ਅਸ਼ ਕਰ ਉਠੇ, ਉਥੇ  ਰਮਨ ਸੰਧੂ ਦੇ ਸ਼ੇਅਰਾਂ ਨੇ ਸਭ ਤੋਂ ਵੱਧ ਵਾਹ-ਵਾਹ ਖੱਟੀ। ਇਸ ਤ੍ਰੈਭਾਸ਼ੀ ਕਵਿ ਦਰਬਾਰ ਵਿਚ ਹਿੰਦੀ, ਪੰਜਾਬੀ ਤੇ ਉਰਦੂ ਦੇ 50 ਤੋਂ ਵੱਧ ਕਵੀਆਂ, ਸ਼ਾਇਰਾਂ ਨੇ ਆਪਣੀ ਹਾਜ਼ਰੀ ਲਗਵਾਈ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …