-0.5 C
Toronto
Wednesday, November 19, 2025
spot_img
Homeਪੰਜਾਬਨੋਟਬੰਦੀ ਤੋਂ ਅੱਕੇ ਕਿਸਾਨ ਟਰੈਕਟਰ ਵੇਚਣ ਲਈ ਮਜ਼ਬੂਰ

ਨੋਟਬੰਦੀ ਤੋਂ ਅੱਕੇ ਕਿਸਾਨ ਟਰੈਕਟਰ ਵੇਚਣ ਲਈ ਮਜ਼ਬੂਰ

ਮੋਦੀ ਵਲੋਂ ਦੁੱਗਣੀ ਆਮਦਨ ਕਰਨ ਦੇ ਐਲਾਨ ਵੀ ਹਨ ਸ਼ੋਸ਼ਾ : ਕਿਸਾਨ
ਬਠਿੰਡਾ/ਬਿਊਰੋ ਨਿਊਜ਼ : ਨੋਟਬੰਦੀ ਦੇ ਝੰਬੇ ਕਪਾਹ ਪੱਟੀ ਦੇ ਕਿਸਾਨ ਹੁਣ ਧੜਾਧੜ ਆਪਣੇ ਟਰੈਕਟਰ ਵੇਚਣ ਲੱਗੇ ਹਨ। ਜ਼ਮੀਨਾਂ ਠੇਕੇ ‘ਤੇ ਲੈਣ ਖ਼ਾਤਰ ਕਿਸਾਨਾਂ ਕੋਲ ਟਰੈਕਟਰ ਵੇਚਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਕਪਾਹ ਪੱਟੀ ਦੀਆਂ ਟਰੈਕਟਰ ਮੰਡੀਆਂ ਵਿੱਚ ਹਰ ਹਫ਼ਤੇ ਕਰੀਬ 300 ਟਰੈਕਟਰ ਵਿਕਦੇ ਹਨ। ਸ਼ਾਹੂਕਾਰਾਂ ਨੇ ਨੋਟਬੰਦੀ ਮਗਰੋਂ ਹੱਥ ਪਿਛਾਂਹ ਖਿੱਚ ਲਏ ਹਨ। ਤਲਵੰਡੀ ਸਾਬੋ ਵਿੱਚ ਹਰ ਬੁੱਧਵਾਰ ਟਰੈਕਟਰ ਮੰਡੀ ਲੱਗਦੀ ਹੈ। ਇਸ ਮੰਡੀ ਵਿੱਚ ਆਏ ਕਿਸਾਨਾਂ ਨੇ ਆਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਟਰੈਕਟਰ ਵੇਚਣ ਲਈ ਮਜਬੂਰ ਕਰ ਦਿੱਤਾ ਹੈ। ਉਨ੍ਹਾਂ ਮੋਦੀ ਵੱਲੋਂ ਦੁੱਗਣੀ ਆਮਦਨ ਕਰਨ ਦੇ ਐਲਾਨ ਨੂੰ ਵੀ ਸ਼ੋਸ਼ਾ ਦੱਸਿਆ। ਟਰੈਕਟਰ ਮੰਡੀ ਵਿੱਚ ਗਾਹਕਾਂ ਦੀ ਉਡੀਕ ਵਿੱਚ ਬੈਠੇ ਪਿੰਡ ਪੱਖੋ ਕਲਾਂ ਦੇ ਕਿਸਾਨ ਹਰਜੀਤ ਸਿੰਘ ਨੇ ਕਿਹਾ ਕਿ ਨੋਟਬੰਦੀ ਕਰਕੇ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਤੇ ਹੁਣ ਖੇਤੀ ਵਿੱਚ ਕੁਝ ਬਚਦਾ ਵੀ ਨਹੀਂ ਹੈ, ਜਿਸ ਕਰਕੇ ਉਸ ਨੇ ਖੇਤੀ ਛੱਡਣ ਦਾ ઠਫ਼ੈਸਲਾ ਲਿਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਦੇ ਕਿਸਾਨ ਸ਼ਮਸ਼ੇਰ ਸਿੰਘ ਨੇ ਆਪਣੇ ਲੜਕੇ ਦਾ ਵਿਆਹ ਕਰਨ ਵਾਸਤੇ ਟਰੈਕਟਰ ਵਿਕਰੀ ‘ਤੇ ਲਾਇਆ ਹੈ। ਨੋਟਬੰਦੀ ਕਰਕੇ ਟਰੈਕਟਰ ਮੰਡੀਆਂ ਦੇ ਕਾਰੋਬਾਰ ਵਿੱਚ ਵੀ ਮੰਦਾ ਆਇਆ ਹੈ ਪਰ ਟਰੈਕਟਰ ਵੇਚਣ ਵਾਲੇ ਕਿਸਾਨਾਂ ਦੀ ਗਿਣਤੀ ਵਧ ਗਈ ਹੈ। ਟਰੈਕਟਰ ਮੰਡੀ ਦੇ ਕਾਰੋਬਾਰੀ ਸ਼ੇਰ ਸਿੰਘ ਨੇ ਕਿਹਾ ਕਿ ਪਹਿਲਾਂ ਹਫ਼ਤੇ ਵਿੱਚ 200 ਟਰੈਕਟਰ ਵਿਕ ਜਾਂਦੇ ਸਨ ਪਰ ਹੁਣ ਸੌ ਦਾ ਅੰਕੜਾ ਪਾਰ ਨਹੀਂ ਹੁੰਦਾ। ਮਲੋਟ ਤੇ ਮੋਗਾ ਦੀ ਟਰੈਕਟਰ ਮੰਡੀ ਵਿੱਚ ਨਵੇਂ ਟਰੈਕਟਰ ਵਿਕਰੀ ‘ਤੇ ਲੱਗਣ ਲੱਗੇ ਹਨ। ਕਪਾਹ ਪੱਟੀ ਵਿੱਚ ਮਲੋਟ, ਤਲਵੰਡੀ ਸਾਬੋ, ਬਰਨਾਲਾ, ਮੋਗਾ, ਕੋਟਕਪੂਰਾ ਤੋਂ ਬਿਨਾ ਰਾਜਸਥਾਨ ਦੇ ਮਟੀਲੀ ਤੇ ਸੰਗਰੀਆਂ ਵਿੱਚ ਵੀ ਟਰੈਕਟਰ ਮੰਡੀ ਲੱਗਦੀ ਹੈ। ਮਲੋਟ ਦੀ ਟਰੈਕਟਰ ਮੰਡੀ ਦੇ ਕਾਰੋਬਾਰੀ ਕਾਕਾ ਸਿੰਘ ਨੇ ਦੱਸਿਆ ਕਿ ਨੋਟਬੰਦੀ ਕਰਕੇ ਕਿਸਾਨਾਂ ਨੂੰ 40 ਹਜ਼ਾਰ ਤੋਂ 60 ਹਜ਼ਾਰ ਰੁਪਏ ਤਕ ਘਾਟਾ ਪਾ ਕੇ ਟਰੈਕਟਰ ਵੇਚਣੇ ਪਏ ਹਨ। ਬਹੁਤੇ ਕਿਸਾਨਾਂ ਦਾ ਪ੍ਰਤੀਕਰਮ ਸੀ ਕਿ ਨੋਟਬੰਦੀ ਕਰਕੇ ਉਹ ਟਰੈਕਟਰ ਵੇਚਣ ਲਈ ਮਜਬੂਰ ਹਨ। ਇੰਟਰਨੈਸ਼ਨਲ ਆਟੋਮੋਬਾਈਲ ਰਾਮਪੁਰਾ ਦੇ ਮਾਲਕ ਮੁਕੇਸ਼ ਗਰਗ (ਰਾਜੂ) ਨੇ ਦੱਸਿਆ ਕਿ ਨੋਟਬੰਦੀ ਕਰਕੇ ਨਵੇਂ ਟਰੈਕਟਰਾਂ ਦੇ ਕਾਰੋਬਾਰ ਵਿੱਚ ਪੰਜਾਹ ਫ਼ੀਸਦੀ ਮੰਦਾ ਆਇਆ ਹੈ। ਪੰਜਾਬ ਦੇ ਕਿਸਾਨਾਂ ਨੇ ਸਾਲ 2011-12 ਤੋਂ 2015 ਦੌਰਾਨ ਇਕੱਲੇ ਪਬਲਿਕ ਸੈਕਟਰ ਦੇ ਬੈਂਕਾਂ ਤੋਂ ਕਰੀਬ ਪੌਣੇ ਤਿੰਨ ਸੌ ਕਰੋੜ ਰੁਪਏ ਦਾ ਕਰਜ਼ਾ ਟਰੈਕਟਰ ਖ਼ਰੀਦਣ ਵਾਸਤੇ ਚੁੱਕਿਆ ਸੀ, ਹੁਣ ਉਲਟਾ ਟਰੈਕਟਰ ਵੇਚਣ ਦਾ ਰੁਝਾਨ ਵਧ ਗਿਆ ਹੈ। ਨੋਟਬੰਦੀ ਕਰਕੇ ਕਿਸਾਨ ਸਹਿਕਾਰੀ ਸਭਾਵਾਂ ਦੇ ਟਰੈਕਟਰਾਂ ‘ਤੇ ਵਧੇਰੇ ਨਿਰਭਰ ਹੋਣ ਲੱਗੇ ਹਨ।

RELATED ARTICLES
POPULAR POSTS