ਬ੍ਰਹਮਪੁਰਾ ਨੇ ਕਿਹਾ – ‘ਆਪ’ ਸਣੇ ਕਈ ਧਿਰਾਂ ਸਾਡੇ ਸੰਪਰਕ ‘ਚ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਿਥੇ ਅੰਮ੍ਰਿਤਸਰ ਵਿੱਚ ਪਾਰਟੀ ਦਾ ਮੁੱਖ ਦਫ਼ਤਰ ਸਥਾਪਿਤ ਕੀਤਾ, ਉਥੇ ਚੰਡੀਗੜ੍ਹ ਵਿੱਚ ਵੀ ਇਕ ਦਫ਼ਤਰ ਖੋਲ੍ਹਣ ਦਾ ਫ਼ੈਸਲਾ ਲਿਆ ਹੈ। ਕੋਰ ਕਮੇਟੀ ਦੀ ਮੀਟਿੰਗ ਮਗਰੋਂ ਪਾਰਟੀ ਪ੍ਰਧਾਨ ਰਣਜੀਤ ਬ੍ਰਹਮਪੁਰਾ ਨੇ ਐਲਾਨ ਕੀਤਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੂੰ ਛੱਡ ਕੇ ਉਹ ਕਿਸੇ ਨਾਲ ਵੀ ਸਿਆਸੀ ਏਕਤਾ ਕਰ ਸਕਦੇ ਹਨ। ਖਾਲਸਾ ਕਾਲਜ ਸਾਹਮਣੇ ਪਾਰਟੀ ਦਾ ਮੁੱਖ ਦਫ਼ਤਰ ਖੋਲ੍ਹਣ ਮਗਰੋਂ ਉਨ੍ਹਾਂ ਦੱਸਿਆ ਕਿ ਦਫ਼ਤਰ ਦੇ ਮੁੱਖ ਇੰਚਾਰਜ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ ਹੋਣਗੇ ਤੇ ਇਕ ਦਫ਼ਤਰ ਅਗਸਤ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਵਿੱਚ ਖੋਲ੍ਹਿਆ ਜਾਵੇਗਾ, ਜਿਸ ਦੇ ਇੰਚਾਰਜ ਪਾਰਟੀ ਦੇ ਜਨਰਲ ਸਕੱਤਰ ਕਰੈਨਲ ਸਿੰਘ ਪੀਰ ਮੁਹੰਮਦ ਹੋਣਗੇ। ਕੋਰ ਕਮੇਟੀ ਦੀ ਮੀਟਿੰਗ ਵਿੱਚ ਪੰਜ ਮਤੇ ਵੀ ਪਾਸ ਕੀਤੇ। ਉਨ੍ਹਾਂ ਸੁਖਦੇਵ ਢੀਂਡਸਾ ਨਾਲ ਨਾਰਾਜ਼ਗੀ ਪ੍ਰਗਟ ਕਰਦਿਆਂ ਆਖਿਆ ਕਿ ਨਵੀਂ ਪਾਰਟੀ ਬਣਾਉਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਤੇ ਨਾ ਹੀ ਕਦੇ ਕੋਈ ਗੱਲ ਕੀਤੀ ਸੀ। ਉਨ੍ਹਾਂ ਆਖਿਆ, ”ਜਦੋਂ ਢੀਂਡਸਾ ਮੈਨੂੰ ਮਿਲਣ ਲਈ ਘਰ ਆਏ ਸਨ ਤਾਂ ਮੈਂ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਪਾਰਟੀ ਵਿੱਚ ਫੁੱਟ ਨਾ ਪਾਇਓ, ਮੈਂ ਪ੍ਰਧਾਨ ਦਾ ਅਹੁਦਾ ਛੱਡਣ ਲਈ ਤਿਆਰ ਹਾਂ ਤੇ ਪਾਰਟੀ ਪ੍ਰਧਾਨ ਵਜੋਂ ਸਿਰੋਪਾ ਤੁਹਾਡੇ ਗਲੇ ਵਿੱਚ ਪਾ ਦਿਆਂਗਾ ਪਰ ਜਦੋਂ ਮੈਂ ਬਿਮਾਰ ਸੀ, ਮੇਰੀ ਸਲਾਹ ਤੋਂ ਬਗੈਰ ਨਵੀਂ ਪਾਰਟੀ ਬਣਾ ਲਈ।” ਬ੍ਰਹਮਪੁਰਾ ਨੇ ਦਾਅਵਾ ਕੀਤਾ ਕਿ ‘ਆਪ’, ਸੁਖਪਾਲ ਖਹਿਰਾ, ਬਸਪਾ ਤੇ ਹੋਰ ਕਈ ਪਾਰਟੀਆਂ ਦੇ ਆਗੂਆਂ ਨਾਲ ਉਨ੍ਹਾਂ ਦਾ ਸੰਪਰਕ ਬਣਿਆ ਹੋਇਆ ਹੈ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …