ਹਰੀਕੇ ਝੀਲ ਵਿੱਚ ਚੱਲੀ ਜਲ ਬੱਸ, ਕਿਹਾ, ਮਜ਼ਾਕ ਉਡਾਉਣ ਵਾਲਿਆਂ ਦੀ ਹੁਣ ਬੋਲਤੀ ਬੰਦ ਕਿਉਂ
ਕਾਂਗਰਸੀ ਅਤੇ ‘ਆਪ’ ਵਾਲੇ ਇਸ ਬੱਸ ‘ਚ ਸਵਾਰ ਹੋ ਕੇ ਕੁਦਰਤੀ ਨਜ਼ਾਰੇ ਲੈ ਸਕਦੇ ਹਨ : ਸੁਖਬੀਰ ਬਾਦਲ
ਹਰੀਕੇ/ਬਿਊਰੋ ਨਿਊਜ਼ : ਸਤਲੁਜ-ਬਿਆਸ ਦਰਿਆ ਦੇ ਸੰਗਮ ‘ਤੇ ਬਣੀ ਹਰੀਕੇ ਝੀਲ ਵਿੱਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਲ ਬੱਸ ਦੀ ਸ਼ੁਰੂਆਤ ਕੀਤੀ। ਲਗਪਗ 10 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਯੋਜਨਾ ਤਹਿਤ ਸੋਮਵਾਰ ਨੂੰ ਬਾਅਦ ਦੁਪਹਿਰ ਜਲ ਬੱਸ ਨੂੰ ਝੀਲ ਵਿੱਚ ਉਤਾਰਿਆ ਗਿਆ, ਜਿਸ ਵਿੱਚ ਖ਼ੁਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਵਾਰ ਸਨ। ઠਉਨ੍ਹਾਂ ਨਾਲ ਮੀਡੀਆ ਕਰਮੀ ਤੇ ਹੋਰ ਹਾਜ਼ਰ ਸਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਪ ਮੁੱਖ ਮੰਤਰੀ ਨੇ ਆਖਿਆ ਕਿ ਉਨ੍ਹਾਂ ਦਾ ਇਕ ਹੋਰ ਸੁਫ਼ਨਮਈ ਪ੍ਰਾਜੈਕਟ ਪੂਰਾ ਹੋਇਆ ਹੈ, ਜਿਸ ਬਾਰੇ ਵਿਰੋਧੀਆਂ ਤੇ ਹੋਰਾਂ ਨੇ ਵੱਡੀ ਆਲੋਚਨਾ ਕੀਤੀ ਸੀ। ਇਸ ਮੌਕੇ ਸੁਖਬੀਰ ਬਾਦਲ ਨੇ ਵਿਰੋਧੀਆਂ ‘ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਸਨ ਹੁਣ ਉਨ੍ਹਾਂ ਦੀ ਬੋਲਤੀ ਬੰਦ ਕਿਉਂ ਹੋ ਗਈ ਹੈ। ਉਨ੍ਹਾਂ ਆਖਿਆ ਕਿ ਕਾਂਗਰਸੀ ਅਤੇ ‘ਆਪ’ ਵਾਲੇ ਹੁਣ ਇਸ ਜਲ ਬੱਸ ਵਿੱਚ ਸਵਾਰ ਹੋ ਕੇ ਕੁਦਰਤ ਦੇ ਨਜ਼ਾਰੇ ਦਾ ਆਨੰਦ ਲੈ ਸਕਦੇ ਹਨ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਉਹ ਇਸ ਯੋਜਨਾ ਦੇ ਅਗਲੇ ਪੜਾਅ ਵਿਚ ਪੰਜਾਬ ਵਿਚਲੀਆਂ ਹੋਰ ਜਲਗਾਹਾਂ ‘ਤੇ ਵੀ ਸੈਰ-ਸਪਾਟੇ ਨੂੰ ਉਭਾਰਨ ਲਈ ਜਲ ਬੱਸ ਸੇਵਾ ਸ਼ੁਰੂ ਕਰਨਗੇ, ਜਿਨ੍ਹਾਂ ਵਿੱਚ ਬਠਿੰਡਾ ਤੇ ਰੋਪੜ ਸ਼ਾਮਲ ਹਨ।
ਜਲ ਬੱਸ ਯੋਜਨਾ ਤਹਿਤ ਹਰੀਕੇ ਪੁਲ ਨੇੜੇ ਇਸ ਬੱਸ ਦੇ ਠਹਿਰਾਅ ਵਾਸਤੇ ਵਿਸ਼ੇਸ਼ ਥਾਂ ਤਿਆਰ ਕੀਤੀ ਗਈ ਹੈ, ਜਿੱਥੇ ਖਾਣ-ਪੀਣ ਤੇ ਹੋਰ ਸਹੂਲਤਾਂ ਦਾ ਵੀ ਪ੍ਰਬੰਧ ਹੈ। ਇਹ ਬੱਸ ਇੱਥੋਂ ਯਾਤਰੀਆਂ ਨੂੰ ਲੈ ਕੇ ਝੀਲ ਲਈ ਰਵਾਨਾ ਹੋਵੇਗੀ। ਲਗਪਗ ਤਿੰਨ ਕਿਲੋਮੀਟਰ ਕੱਚੇ-ਪੱਕੇ ਰਸਤੇ ‘ਤੇ ਚੱਲਣ ਮਗਰੋਂ ਬੱਸ ਝੀਲ ਵਿੱਚ ਉਤਰੇਗੀ ਅਤੇ 45 ਮਿੰਟ ਝੀਲ ਵਿੱਚ ਚੱਕਰ ਲਾਏਗੀ। ਇਨ੍ਹਾਂ ਦਿਨਾਂ ਵਿੱਚ ਜਦੋਂ ਇੱਥੇ ਪਰਵਾਸੀ ਪੰਛੀ ਆਏ ਹੋਏ ਹਨ ਤਾਂ ਇਹ ਯਾਤਰਾ ਹੋਰ ਵੀ ਮਨਮੋਹਕ ਬਣ ਸਕਦੀ ਹੈ।
ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਹਰੀਕੇ ਤੋਂ ਇਸ ਬੱਸ ਵਿੱਚ ਸਵਾਰ ਹੋ ਕੇ ਝੀਲ ਦਾ ਆਨੰਦ ਮਾਣਨ ਦੀ ઠ ਫੀਸ 800 ਰੁਪਏ ਪ੍ਰਤੀ ਸਵਾਰੀ ਰੱਖੀ ਗਈ ਹੈ, ਜਦੋਂ ਕਿ ਅੰਮ੍ਰਿਤਸਰ ਤੋਂ ਆਉਣ ਵਾਲੇ ਯਾਤਰੀਆਂ ਵਾਸਤੇ ਆਉਣ-ਜਾਣ ਸਮੇਤ 2000 ਰੁਪਏ ਪ੍ਰਤੀ ਸਵਾਰੀ ਫੀਸ ਰੱਖੀ ਗਈ ਹੈ। ਇਸ ਫੀਸ ਵਿੱਚ ਯਾਤਰੂਆਂ ਨੂੰ ਹਲਕਾ ਨਾਸ਼ਤਾ ਵੀ ਮੁਹੱਈਆ ਹੋਵੇਗਾ। ਉਨ੍ਹਾਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਸ਼ੁਰੂ ਕੀਤੀਆਂ ਡਬਲ ਡੈਕਰ ਬੱਸਾਂ ਨੂੰ ਵੀ ਇਸ ਯੋਜਨਾ ਨਾਲ ਜੋੜਿਆ ਗਿਆ ਹੈ। ਇਸ ਬੱਸ ਵਿੱਚ 28 ਸੀਟਾਂ ਹਨ ਅਤੇ ਹਰੇਕ ਸੀਟ ਨਾਲ ਸੁਰੱਖਿਆ ਜੈਕਟ ਲੱਗੀ ਹੋਈ ਹੈ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …