ਨੇਕ ਇਨਸਾਨ ਵਜੋਂ ਜਾਣੇ ਜਾਂਦੇ ਸਨ ਨ੍ਰਿਪਇੰਦਰ ਰਤਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਤੇ ਚਰਚਿਤ ਲੇਖਕ ਨ੍ਰਿਪਇੰਦਰ ਸਿੰਘ ਰਤਨ (81) ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਚੰਡੀਗੜ੍ਹ ਦੇ ਸੈਕਟਰ-25 ਸਥਿਤ ਬਿਜਲਈ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ। ਉਨ੍ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਬਤੌਰ ਡਿਪਟੀ ਕਮਿਸ਼ਨਰ ਸੇਵਾ ਨਿਭਾਈ। ਇਸ ਦੇ ਨਾਲ ਹੀ ਉਹ ਸਾਲ 2003 ‘ਚ ਪੰਜਾਬ ‘ਚ ਉੱਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਪ੍ਰਮੁੱਖ ਸਕੱਤਰ, ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀਟੀਯੂ) ਜਲੰਧਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਰਤਨ ਇਕ ਇਮਾਨਦਾਰ, ਮਿਹਨਤੀ ਅਧਿਕਾਰੀ ਅਤੇ ਨੇਕ ਇਨਸਾਨ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦਾ ਇਕ ਪੁੱਤਰ, ਨੂੰਹ ਤੇ ਦੋ ਪੋਤੇ ਹਨ।
ਨ੍ਰਿਪਇੰਦਰ ਸਿੰਘ ਰਤਨ ਬਤੌਰ ਆਈਏਐੱਸ ਅਧਿਕਾਰੀ ਦੇ ਨਾਲ-ਨਾਲ ਪੰਜਾਬੀ ਦੇ ਕਵੀ, ਕਹਾਣੀਕਾਰ, ਜੀਵਨੀ ਵਾਰਤਕ ਲੇਖਕ ਅਤੇ ਜੀਵਨੀ ਲੇਖਕ ਵਜੋਂ ਜਾਣੇ ਜਾਂਦੇ ਹਨ। ਉਨ੍ਹਾਂ ਦੀਆਂ ਦਰਜਨ ਦੇ ਕਰੀਬ ਕਿਤਾਬਾਂ ਛਪੀਆਂ ਹਨ। ਇਸ ਵਿੱਚ ਤਿੰਨ ਕਾਵਿ ਸੰਗ੍ਰਹਿ, ਤਿੰਨ ਕਹਾਣੀ ਸੰਗ੍ਰਹਿ, ਤਿੰਨ ਜੀਵਨੀ ਦੀਆਂ ਪੁਸਤਕਾਂ ਹਨ। ਇਨ੍ਹਾਂ ਦਾ ਪ੍ਰਸਿੱਧ ਕਹਾਣੀ ਸੰਗ੍ਰਹਿ ‘ਇਕ ਅਫ਼ਸਰ ਦਾ ਜਨਮ’, ‘ਸ਼ੇਰਾਂ ਦਾ ਵਾਨ ਪ੍ਰਸਤ’ ਬਹੁਤ ਚਰਚਿਤ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ‘ਮੇਰੀ ਪਹਿਲੀ ਕਮਾਈ’, ‘ਇਕ ਦਰਵੇਸ਼ ਮੰਤਰੀ’, ‘ਚੁਰਾਸੀ ਦੇ ਚੱਕਰ’, ‘ਆਰਜ਼ੀ ਫਾਇਲ’, ‘ਸਾਹਾਂ ਦੀ ਪੱਤਰੀ’, ‘ਤੀਸਰਾ ਬਨਵਾਸ’, ‘ਰਤਨ ਕੋਠੜੀ ਖੁਲ੍ਹੀ ਅਨੂਪਾ’, ‘ਜੋ ਹਲਾਹਲ ਪੀਂਵਦੇ’ ਅਤੇ ਹੋਰ ਵੀ ਕਈ ਪੁਸਤਕਾਂ ਲਿਖੀਆਂ ਹਨ। ਇਨ੍ਹਾਂ ਦੇ ਪਿਤਾ ਗਿਆਨੀ ਮਹਿੰਦਰ ਸਿੰਘ ਰਤਨ ਗੁਰਬਾਣੀ ਦੇ ਵੱਡੇ ਸਕਾਲਰ ਸਨ। ਇਨ੍ਹਾਂ ਦਾ ਸਾਰਾ ਪਰਿਵਾਰ ਪੜ੍ਹਨ ਲਿਖਣ ਵਾਲਾ ਸੀ। ਮੁੱਢਲੇ ਤੌਰ ‘ਤੇ ਇਹ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਛਾਪਣ ਦਾ ਕੰਮ ਕਰਦਾ ਸੀ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਨ੍ਰਿਪਇੰਦਰ ਸਿੰਘ ਰਤਨ ਪੰਜਾਬੀ ਦੇ ਵੱਡੇ ਲੇਖਕ ਤੇ ਚਿੰਤਕ ਸਨ। ਉਹ ਉੱਘੇ ਕਾਵਿ, ਕਹਾਣੀਕਾਰ ਤੇ ਵਾਰਤਕ ਲੇਖਕ ਸਨ। ਉਨ੍ਹਾਂ ਨੇ ਪੰਜਾਬੀ ਸਾਹਿਤ ਨੂੰ ਦਰਜਨ ਤੋਂ ਵੱਧ ਪੁਸਤਕਾਂ ਨਾਲ ਹੋਰ ਅਮੀਰ ਕੀਤਾ ਹੈ। ਡਾ. ਸਿਰਸਾ ਨੇ ਕਿਹਾ ਕਿ ਉਨ੍ਹਾਂ ਦਾ ਜਾਣਾ ਮੇਰੇ ਲਈ ਨਿੱਜੀ ਘਾਟਾ ਹੈ। ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਸਰਪ੍ਰਸਤ ਡਾ. ਤੇਜਵੰਤ ਸਿੰਘ ਗਿੱਲ, ਪ੍ਰਧਾਨ ਪ੍ਰੋ. ਸੁਰਜੀਤ ਜੱਜ, ਸੀਨੀਅਰ ਮੀਤ ਪ੍ਰਧਾਨ ਸੁਰਜੀਤ ਬਰਾੜ, ਜਨਰਲ ਸਕੱਤਰ ਕੁਲਦੀਪ ਸਿੰਘ ਦੀਪ, ਕੌਮੀ ਸਕੱਤਰੇਤ ਮੈਂਬਰ ਡਾ. ਸਰਬਜੀਤ ਸਿੰਘ, ਗੁਲਜ਼ਾਰ ਸਿੰਘ ਪੰਧੇਰ, ਰਮੇਸ਼ ਯਾਦਵ, ਜਸਪਾਲ ਮਾਨਖੇੜਾ ਨੇ ਉਨ੍ਹਾਂ ਦੇ ਦੇਹਾਂਤ ‘ਤੇ ਦੁੱਖ ਪ੍ਰਗਟਾਇਆ ਹੈ।