18 ਸਾਲ ਦੀ ਉਮਰ ਵਾਲੇ ਹਰੇਕ ਨੌਜਵਾਨ ਦੀ ਬਣਾਈ ਜਾਵੇਗੀ ਵੋਟ : ਕਰੁਣਾ ਰਾਜੂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਅਗਲੇ ਸਾਲ ਯਾਨੀ ਕਿ 2022 ਦੇ ਸ਼ੁਰੂ ਵਿਚ ਹੀ ਪੰਜਾਬ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਨੂੰ ਲੈ ਕੇ ਸਰਕਾਰੀ ਪੱਧਰ ’ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਕਰੁਣਾ ਰਾਜੂ ਨੇ ਦੱਸਿਆ ਅਗਾਮੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਧਿਆਨ ਰਹੇ ਕਿ ਪੰਜਾਬ ’ਚ ਤਿੰਨ ਕਰੋੜ ਦੇ ਕਰੀਬ ਵੋਟਰ ਹਨ। ਡਾਕਟਰ ਕਰੁਣਾ ਰਾਜੂ ਨੇ ਕਿਹਾ ਕਿ 1 ਜਨਵਰੀ 2022 ਤਕ 18 ਸਾਲ ਦੀ ਉਮਰ ਵਾਲੇ ਹਰੇਕ ਨੌਜਵਾਨ ਦੀ ਵੋਟ ਬਣਾਈ ਜਾਵੇਗੀ।
ਪੰਜਾਬ ਦੇ ਮੁੱਖ ਚੋਣ ਅਫਸਰ ਡਾਕਟਰ ਕਰੁਣਾ ਰਾਜੂ ਨੇ ਕਿਹਾ ਕਿ ਪਹਿਲਾਂ ਤਾਂ ਡਰ ਮੁਕਤ ਚੋਣਾਂ ਕਰਵਾਉਣਾ ਚੁਣੌਤੀ ਹੁੰਦੀ ਸੀ ਅਤੇ ਹੁਣ ਕੋਰੋਨਾ ਦੇ ਚਲਦਿਆਂ ਸੁਰੱਖਿਅਤ ਚੋਣਾਂ ਕਰਵਾਉਣਾ ਵੀ ਵੱਡੀ ਚੁਣੌਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੋਟਰਾਂ ਦਾ ਨਾਂ ਲਿਸਟ ’ਚੋ ਹਟਾਉਣ ਜਾਂ ਕਟਵਾਉਣ ਦਾ ਵੀ ਵੱਡਾ ਮੁੱਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਡੋਰ-ਟੂ-ਡੋਰ ਕੰਪੇਨ ਕਰਕੇ 2022 ਲਈ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ।
ਪੰਜਾਬ ਦੇ ਮੁੱਖ ਚੋਣ ਅਫਸਰ ਨੇ ਕਿਹਾ ਕਿ ਕਿਸੇ ਵੀ ਵੋਟਰ ਦੇ ਇਤਰਾਜ ਨੂੰ ਦੇਖਣ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਖੁਦ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਘਰ-ਘਰ ਜਾ ਕੇ ਵੋਟਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਡਾ. ਕਰੁਣਾ ਰਾਜੂ ਹੋਰਾਂ ਦੱਸਿਆ ਕਿ ਪੰਜਾਬ ’ਚ 100 ਫੀਸਦੀ ਫੋਟੋ ਪਹਿਚਾਣ ਵਾਲੇ ਵੋਟਰ ਹਨ ਅਤੇ 80 ਸਾਲ ਤੋਂ ਉਪਰ ਵਾਲੇ ਹਰੇਕ ਵੋਟਰ ਨੂੰ ਪੋਸਟਲ ਬੈਲਟ ਦੀ ਸੁਵਿਧਾ ਦਿੱਤੀ ਜਾਵੇਗੀ।