Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਪ੍ਰੋ. ਜਗਮੋਹਣ ਸਿੰਘ ਨਾਲ ਕਰਵਾਇਆ ਗਿਆ ਰੂਬਰੂ ਤੇ ਕਵੀ ਦਰਬਾਰ ਸਫ਼ਲ ਰਿਹਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵਲੋਂ ਪ੍ਰੋ. ਜਗਮੋਹਣ ਸਿੰਘ ਨਾਲ ਕਰਵਾਇਆ ਗਿਆ ਰੂਬਰੂ ਤੇ ਕਵੀ ਦਰਬਾਰ ਸਫ਼ਲ ਰਿਹਾ

ਬਰੈਂਪਟਨ/ਡਾ ਝੰਡ : ਲੰਘੇ ਸ਼ੁੱਕਰਵਾਰ 15 ਅਪ੍ਰੈਲ ਨੂੰ ਕੈਨੇਡੀਅਨ ਪੰਜਾਬੀ ਸਾਹਿੱਤ ਸਭਾ ਟੋਰਾਂਟੋ ਵੱਲੋਂ ਕਰਵਾਇਆ ਗਿਆ ਰੂਬਰੂ ਅਤੇ ਕਵੀ ਦਰਬਾਰ ਬੇਹੱਦ ਸਫ਼ਲ ਰਿਹਾ, ਜਿਸ ਵਿੱਚ ਇਥੋਂ ਦੀਆਂ ਸਾਹਿਤ ਪ੍ਰੇਮੀ ਸਖ਼ਸ਼ੀਅਤਾਂ ਵਲੋਂ ਸਰਗ਼ਰਮੀ ਨਾਲ ਭਾਗ ਲਿਆ ਗਿਆ। ਸ਼ਹੀਦੇ ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿੱਚ ਭਗਤ ਸਿੰਘ ਹੁਰਾਂ ਦੇ ਭਾਜਣੇ ਅਤੇ ਸਕਾਲਰ ਪ੍ਰੋ. ਜਗਮੋਹਣ ਸਿੰਘ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਸਭਾ ਵਲੋਂ ਉਨ੍ਹਾਂ ਨਾਲ ਇੱਕ ਰੂਬਰੂ ਕੀਤਾ ਗਿਆ। ਇਸ ਰੂਬਰੂ ਦੌਰਾਨ ਜਗਮੋਹਣ ਸਿੰਘ ਵਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਉਨ੍ਹਾਂ ਪੱਖਾਂ ਨੂੰ ਉਜਾਗਰ ਕੀਤਾ ਗਿਆ ਜਿਨ੍ਹਾਂ ਬਾਰੇ ਲੋਕਾਂ ਨੂੰ ਪਹਿਲਾਂ ਨਹੀਂ ਸੀ ਪਤਾ। ਆਪਣੇ ਲੱਗਭਗ ਇੱਕ ਘੰਟੇ ਦੇ ਭਾਸ਼ਨ ਵਿੱਚ ਉਨ੍ਹਾਂ ਨੇ ਆਪਣੀ ਖੋਜ ਭਰਪੂਰ ਜਾਣਕਾਰੀ ਸਰੋਤਿਆਂ ਨਾਲ ਸਾਂਝੀ ਕੀਤੀ। ਹਾਜ਼ਰ ਸਰੋਤਿਆਂ ਵਲੋਂ ਉਨ੍ਹਾਂ ਨੂੰ ਕਈ ਸਵਾਲ ਵੀ ਕੀਤੇ ਗਏ ਜਿਨ੍ਹਾਂ ਦੇ ਜੁਆਬ ਜਗਮੋਹਣ ਸਿੰਘ ਹੁਰਾਂ ਵਲੋਂ ਬੜੇ ਵਾਜਬ ਤਰੀਕੇ ਨਾਲ ਦਿੱਤੇ ਗਏ। ਪ੍ਰੋ. ਜਗਮੋਹਣ ਸਿੰਘ ਹੁਰਾਂ ਬਾਰੇ ਜਾਣ-ਪਛਾਣ ਸ਼ਹੀਦੇ ਆਜ਼ਮ ਦੇ ਬਰੈਂਪਟਨ ਵਿੱਚ ਰਹਿੰਦੇ ਰਿਸ਼ਤੇਦਾਰ ਅੰਮ੍ਰਿਤ ਢਿੱਲੋਂ ਵਲੋਂ ਕਰਵਾਈ ਗਈ।
ਉਪਰੰਤ, ਸਭਾ ਦੇ ਦੂਸਰੇ ਸੈਸ਼ਨ ਵਿੱਚ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਜੀਟੀਏ ਭਰ ਤੋਂ ਆਏ ਸ਼ਾਇਰ ਦੋਸਤਾਂ ਵਲੋਂ ਆਪਣੀਆਂ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪਰਗਟ ਸਿੰਘ ਬੱਗਾ, ਜਰਨੈਲ ਮੱਲ੍ਹੀ, ਕਰਨ ਅਜਾਇਬ ਸਿੰਘ ਸੰਘਾ, ਕੁਲਜੀਤ ਮਾਨ, ਹਰਜੀਤ ਬੇਦੀ, ਪ੍ਰੋ. ਜਗੀਰ ਕਾਹਲੋਂ, ਸੰਜੀਵ ਧਵਨ, ਸ਼ਿੰਦਰਪਾਲ ਰਾਜਸਾਂਸੀ, ਸੁਰਿੰਦਰਜੀਤ ਕੌਰ, ਸੁਰਜੀਤ, ਪਰਮਜੀਤ ਗਿੱਲ, ਮਲੂਕ ਕਾਹਲੋਂ, ਭੁਪਿੰਦਰ ਦੁਲੇ, ਇਕਬਾਲ ਬਰਾੜ, ਤਲਵਿੰਦਰ ਮੰਡ ਅਤੇ ਕਈ ਹੋਰ ਸੱਜਣ ਸ਼ਾਮਲ ਸਨ।
ਸਮਾਗਮ ਦੀ ਪ੍ਰਧਾਨਗੀ ਪ੍ਰੋ. ਜਗਮੋਹਣ ਸਿੰਘ, ਕਰਨ ਅਜਾਇਬ ਸਿੰਘ ਸੰਘਾ ਅਤੇ ਮੈਡਮ ਸੁਰਿੰਦਰਜੀਤ ਵਲੋਂ ਸਾਂਝੇ ਤੌਰ ਤੇ ਕੀਤੀ ਗਈ। ਮਹਿਮਾਨਾਂ ਨੂੰ ਜੀ ਆਇਆ ਅਤੇ ਧੰਨਵਾਦ ਬਲਰਾਜ ਚੀਮਾ ਵੱਲੋਂ ਕੀਤਾ ਗਿਆ। ਸਟੇਜ ਦੀ ਕਾਰਵਾਈ ਤਲਵਿੰਦਰ ਮੰਡ ਤੇ ਹਰਜਸਪ੍ਰੀਤ ਵਲੋਂ ਨਿਭਾਈ ਗਈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …