Breaking News
Home / ਕੈਨੇਡਾ / ਮਲਾਲਾ ਨੂੰ ਕੈਨੇਡਾ ਦੀ ਨਾਗਰਿਕਤਾ ਮਿਲਣ ‘ਤੇ ਕੈਨੇਡਾ ਦੇ ਮੁਸਲਿਮ ਭਾਈਚਾਰੇ ਨੇ ਦਿੱਤੀ ਵਧਾਈ

ਮਲਾਲਾ ਨੂੰ ਕੈਨੇਡਾ ਦੀ ਨਾਗਰਿਕਤਾ ਮਿਲਣ ‘ਤੇ ਕੈਨੇਡਾ ਦੇ ਮੁਸਲਿਮ ਭਾਈਚਾਰੇ ਨੇ ਦਿੱਤੀ ਵਧਾਈ

ਟੋਰਾਂਟੋ/ਡਾ. ਝੰਡ :  ਟੋਰਾਂਟੋ ਏਰੀਏ ਵਿੱਚ ਵਸਦੀ ਅਹਿਮਦੀਆ ਮੁਸਲਿਮ ਜਮਾਤ ਨੇ ਪਾਕਿਸਤਾਨੀ ਮੂਲ ਦੀ ਮਲਾਲਾ ਯੂਸਫ਼ਜ਼ਾਈ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆਂ ਉਸ ਨੂੰ ਕੈਨੇਡਾ ਦੇ ਆਨਰੇਰੀ ਸਿਟੀਜ਼ਨ ਮਿਲਣ ‘ਤੇ ਹਾਰਦਿਕ-ਮੁਬਾਰਕਬਾਦ ਦਿੱਤੀ ਹੈ। ਮਲਾਲਾ ਯੂਸਫ਼ਜ਼ਾਈ ਨੇ 12 ਅਪ੍ਰੈਲ ਨੂੰ ਕੈਨੇਡਾ ਦੀ ਪਾਰਲੀਮੈਂਟ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ ਜਿੱਥੇ ਉਸ ਨੂੰ ਕੈਨੇਡਾ ਦੀ ਆਨਰੇਰੀ ਨਾਗਰਿਕਤਾ ਪ੍ਰਦਾਨ ਕੀਤੀ ਗਈ। ਇਸ ਮੌਕੇ ਮਲਾਲਾ ਦਾ ਸੰਬੋਧਨ ਮੁੱਖ ਤੌਰ ‘ਤੇ ਲੜਕੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦੇਣ ਉੱਪਰ ਕੇਂਦ੍ਰਿਤ ਸੀ। ਉਸ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਸਲਾਮ ਸਿੱਖਿਆ, ਭਾਵਨਾਤਮਿਕ ਅਤੇ ਰਹਿਮ-ਦਿਲੀ ਵਾਲਾ ਧਰਮ ਹੈ। ਕੈਨੇਡਾ ਦੀ ਅਹਿਮਦੀਆਂ ਮੁਸਲਿਮ ਜਮਾਤ ਵੱਲੋਂ ਔਰਤਾਂ ਦੀ ਸਿੱਖਿਆ ਦੇ ਸੁਧਾਰ ਲਈ ਮਲਾਲਾ ਵੱਲੋਂ ਨਿਭਾਏ ਜਾ ਰਹੇ ਰੋਲ ਦੀ ਭਾਰੀ ਸ਼ਲਾਘਾ ਕੀਤੀ ਗਈ। ਜਮਾਤ ਦੇ ਇੱਕ ਬੁਲਾਰੇ ਨੇ ਕਿਹਾ ਕਿ ਇਸਲਾਮ ਧਰਮ ਵਿੱਚ ਹਜ਼ਰਤ ਮੁਹੰਮਦ ਸਾਹਿਬ ਨੇ ਔਰਤਾਂ ਅਤੇ ਮਰਦਾਂ ਦੋਹਾਂ ਨੂੰ ਹੀ ‘ਪੰਘੂੜੇ’ (ਬਚਪਨ) ਤੋਂ ਲੈ ਕੇ ‘ਕਬਰ’ (ਆਖ਼ਰੀ ਸਮੇਂ) ਤੱਕ ਦੇ ਸਫ਼ਰ ਬਾਰੇ ਹਦਾਇਤਾਂ ਦਿੱਤੀਆਂ ਹਨ। ਮਲਾਲਾ ਯੂਸਫ਼ਜ਼ਾਈ ਪਾਕਿਸਤਾਨ ਦੀ ਦੂਸਰੀ ਨੋਬਲ ਪਰਾਈਜ਼ ਜੇਤੂ ਵਿਅੱਕਤੀ ਹੈ ਅਤੇ ਦੁਨੀਆ-ਭਰ ਦੇ ਇਸ ਸਰਵੋਤਮ ਇਨਾਮ ਦੇ ਪਹਿਲੇ ਜੇਤੂ ਡਾ. ਅਬਦੁਲ ਅਬਾਸ ਨੂੰ ਅਹਿਮਦੀਆ ਮੁਸਲਿਮ ਹੋਣ ਕਾਰਨ ਪਾਕਿਸਤਾਨ ਛੱਡਣਾ ਪਿਆ ਸੀ।  ਇਸ ਮੌਕੇ ਕੈਨੇਡੀਅਨ ਨੈਸ਼ਨਲ ਪ੍ਰੈਜ਼ੀਡੈਂਟ ਜਨਾਬ ਲਾਲ ਖ਼ਾਨ ਨੇ ਕਿਹਾ,”ਅਸੀਂ ਸਾਰੇ ਮਲਾਲਾ ਨੂੰ ਕੈਨੇਡੀਅਨ ਨਾਗਰਿਕ ਬਣਨ ‘ਤੇ ਦਿਲੀ-ਮੁਬਾਰਕਬਾਦ ਪੇਸ਼ ਕਰਦੇ ਹਾਂ ਅਤੇ ਉਹ ਜਿਹੜੀਆਂ ਮਨੁੱਖੀ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਉਹ ਸਾਰੀਆਂ ਦੀਆਂ ਸਾਰੀਆਂ ਕੈਨੇਡੀਅਨ ਸਮਾਜਿਕ-ਭਾਈਚਾਰੇ ਨਾਲ ਪੂਰੀਆਂ ਮੇਲ ਖਾਂਦੀਆਂ ਹਨ। ਮੈਂ ਸਮੁੱਚੀ ਮੁਸਲਿਮ ਜਮਾਤ ਵੱਲੋਂ ਮਲਾਲਾ ਵੱਲੋਂ ਕੀਤੇ ਜਾ ਰਹੇ ਮਹਾਨ ਕਾਰਜ ਦੀ ਭਰਪੂਰ ਸ਼ਲਾਘਾ ਕਰਦਾ ਹਾਂ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …