ਬਰੈਂਪਟਨ/ਬਿਊਰੋ ਨਿਊਜ਼ : ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਪੂਰੀ ਦੁਨੀਆ ਵਿਚ ਮਨਾਇਆ ਜਾ ਰਿਹਾ ਹੈ। ਇਸ ਦੇ ਚੱਲਦਿਆਂ ਡਿਕਸੀ ਰੋਡ ‘ਤੇ ਗ੍ਰੇਟ ਲੇਕਸ ਰੋਡ ਦਰਮਿਆਨ ਪੀਟਰ ਰੌਬਰਟਸਨ ਬੋਲੀਵੀਆਰਡ ਦੇ ਇੱਕ ਸੈਕਸ਼ਨ ਦਾ ਨਾਂ ਗੁਰੂ ਨਾਨਕ ਸਟਰੀਟ ਰੱਖਿਆ ਜਾ ਰਿਹਾ ਹੈ। ਬਰੈਂਪਟਨ ਸਿਟੀ ਕਾਊਂਸਲ ਦੀ ਹੋਈ ਮੀਟਿੰਗ ਵਿੱਚ ਰੀਜਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਤੇ ਸਿਟੀ ਕਾਊਂਸਲਰ ਹਰਕੀਰਤ ਸਿੰਘ ਵੱਲੋਂ ਇਸ ਸਬੰਧ ਵਿੱਚ ਮਤਾ ਪੇਸ਼ ਕੀਤਾ ਗਿਆ ਸੀ ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਸਿਟੀ ਆਫ ਬਰੈਂਪਟਨ ਪਬਲਿਕ ਵਰਕਸ ਐਂਡ ਇੰਜੀਨੀਅਰਿੰਗ ਸਟਾਫ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਹੀ ਇਸ ਸਟਰੀਟ ਦਾ ਨਾਂ ਬਦਲੀ ਕਰਨ ਦੇ ਕੰਮ ਨੂੰ ਨੇਪਰੇ ਚਾੜ੍ਹਨ ਦੀ ਹਦਾਇਤ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਿੱਖਾਂ ਅਤੇ ਗੈਰ ਸਿੱਖ ਭਾਈਚਾਰਿਆਂ ਵੱਲੋਂ ਵਿਸ਼ਵ ਵਿਆਪੀ ਪੱਧਰ ਉੱਤੇ ਇੱਕੋ ਜਿਹਾ ਮਨਾਇਆ ਜਾਂਦਾ ਹੈ। ਜਿਹੜੀ ਸਟਰੀਟ ਦਾ ਨਾਂ ਬਦਲਿਆ ਜਾ ਰਿਹਾ ਹੈ ਉਸ ਥਾਂ ਉੱਤੇ ਸਥਿਤ ਗੁਰੂ ਨਾਨਕ ਮਿਸ਼ਨ ਸੈਂਟਰ ਗੁਰਦੁਆਰੇ ਵੱਲੋਂ ਨਾਂ ਦੀ ਇਸ ਬਦਲੀ ਦਾ ਸਮਰਥਨ ਕੀਤਾ ਗਿਆ ਤੇ ਬਰੈਂਪਟਨ ਵਿੱਚ ਰਹਿ ਰਹੇ ਸਿੱਖ ਧਰਮ ਦੇ 200,000 ਪੈਰੋਕਾਰਾਂ ਦੇ ਪੱਖ ਉੱਤੇ ਇਸ ਫੈਸਲੇ ਦੀ ਸ਼ਲਾਘਾ ਵੀ ਕੀਤੀ ਗਈ।
ਕਾਊਂਸਲਰ ਢਿੱਲੋਂ ਨੇ ਆਖਿਆ ਕਿ ਬਰੈਂਪਟਨ ਵਿੱਚ ਸਿੱਖਾਂ ਦੀ ਵੱਡੀ ਆਬਾਦੀ ਵੱਸਦੀ ਹੈ ਤੇ ਸਿੱਖਾਂ ਨੇ ਇੱਥੋਂ ਦੇ ਆਰਥਿਕ, ਸਿਆਸੀ ਤੇ ਸੱਭਿਆਚਾਰਕ ਤਾਣੇ-ਬਾਣੇ ਵਿੱਚ ਅਹਿਮ ਯੋਗਦਾਨ ਪਾਇਆ ਹੈ। ਮਨੁੱਖਤਾ, ਲਿੰਗਕ ਸਮਾਨਤਾ ਤੇ ਘੱਟ ਕਿਸਮਤ ਵਾਲੇ ਲੋਕਾਂ ਦੀ ਦੇਖਭਾਲ ਸਬੰਧੀ ਗੁਰੂ ਨਾਨਕ ਦੀਆਂ ਸਿੱਖਿਆਵਾਂ ਬਰੈਂਪਟਨ ਦੀਆਂ ਕਦਰਾਂ ਕੀਮਤਾਂ ਨਾਲ ਮੇਲ ਖਾਂਦੀਆਂ ਹਨ। ਕਾਉਂਸਲਰ ਹਰਕੀਰਤ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਉੱਤੇ ਮਾਣ ਹੈ ਕਿ ਸਾਡੀ ਕਾਉਂਸਲ ਇੱਥੋਂ ਦੀ ਸੱਭਿਆਚਾਰਕ ਵੰਨ-ਸੁਵੰਨਤਾ ਦੇ ਜਸ਼ਨ ਮਨਾਉਣ ਲਈ ਸਾਡੇ ਨਾਲ ਬਰਾਬਰ ਖੜ੍ਹੀ ਹੈ। ਜ਼ਿਕਰਯੋਗ ਹੈ ਕਿ ਸਟਰੀਟ ਦਾ ਨਾਂ ਬਦਲੀ ਕੀਤਾ ਜਾਣਾ ਬਾਕਾਇਦਾ ਇੱਕ ਪ੍ਰਕਿਰਿਆ ਦਾ ਹਿੱਸਾ ਹੈ ਤੇ ਇਸ ਲਈ ਰੀਜਨ ਆਫ ਪੀਲਜ਼ ਸਟਰੀਟ ਨੇਮਿੰਗ ਕਮੇਟੀ ਵੱਲੋਂ ਮਨਜ਼ੂਰੀ ਲੈ ਕੇ ਰਸਮੀ ਸਮਾਰੋਹ ਦੀਆਂ ਤਰੀਕਾਂ ਜਲਦ ਐਲਾਨੀਆਂ ਜਾਣਗੀਆਂ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ‘ਚ ਮਲੂਕ ਸਿੰਘ ਕਾਹਲੋਂ ਦੀ ਪੁਸਤਕ ‘ਕੂਕ ਫ਼ਕੀਰਾ ਕੂਕ ਤੂੰ’ ਉੱਪਰ ਹੋਈ ਚਰਚਾ
ਡਾ. ਗੁਰਬਖ਼ਸ਼ ਸਿੰਘ ਭੰਡਾਲ, ਡਾ. ਸੁਖਦੇਵ ਸਿੰਘ ਝੰਡ ਤੇ ਡਾ. ਸੁਰਿੰਦਰਜੀਤ ਕੌਰ ਦੀਆਂ ਪੁਸਤਕਾਂ ਕੀਤੀਆਂ …