ਸੋਨੀਆ ਸਿੱਧੂ ਬਣਨਗੇ ਫਿਰ ਬਰੈਂਪਟਨ ਸਾਊਥ ਦੀ ਆਵਾਜ਼
ਔਟਵਾ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਆਪਣੇ ਹਲਕਾ-ਵਾਸੀਆਂ ਦੀ ਹਾਊਸ ਆਫ਼ ਕਾਮਨਜ਼ ਵਿਚ ਨੁਮਾਇੰਦਗੀ ਕਰਨ ਲਈ ਨਵੇਂ ਸਾਲ 2018 ਵਿਚ ਮੁੜ ਔਟਵਾ ਪਧਾਰੇ। ਪਿਛਲੇ ਸਾਲ 2017 ਦੇ ਅਖ਼ੀਰ ਵਿਚ ਛੁੱਟੀਆਂ ਵਿਚ ਹਾਊਸ ਦੇ ਸਾਰੇ ਮੈਂਬਰ ਆਪੋ-ਆਪਣੇ ਹਲਕਿਆਂ ਵਿਚ ਚਲੇ ਗਏ ਸਨ ਅਤੇ ਹੁਣ 2018 ਵਿਚ ਹੋਣ ਵਾਲੀਆਂ ਸੰਸਦ ਬੈਠਕਾਂ ਵਿਚ ਭਾਗ ਲੈਣ ਲਈ ਉਹ ਵਾਪਸ ਆ ਗਏ ਹਨ।
ਇੱਥੇ ਵਾਪਸ ਪਰਤਣ ‘ਤੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਸੋਨੀਆ ਨੇ ਕਿਹਾ, ”ਮੈਨੂੰ ਖ਼ੁਸ਼ੀ ਹੈ ਕਿ ਮੈਂ ਛੁੱਟੀਆਂ ਦਾ ਸਮਾਂ ਆਪਣੀ ਰਾਈਡਿੰਗ ਵਿਚ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਜ਼ਰੂਰਤਾਂ ਅਤੇ ਬਰੈਂਪਟਨ ਵਿਚ ਹੋਰ ਕੀਤੇ ਜਾ ਸਕਣ ਵਾਲੇ ਸਮੂਹਿਕ ਕੰਮਾਂ ਬਾਰੇ ਵਿਚਾਰ-ਵਟਾਂਦਰਾ ਕਰਨ ਵਿਚ ਗ਼ੁਜ਼ਾਰਿਆ। ਸਿਹਤਮੰਦ ਲੋਕਤੰਤਰ ਲਈ ਇਹ ਜ਼ਰੂਰੀ ਹੈ ਕਿ ਸਾਡੇ ਲੋਕਾਂ ਦੀ ਆਵਾਜ਼ ਸੁਣੀ ਜਾਵੇ ਅਤੇ ਉਸ ਨੂੰ ਔਟਵਾ ਪਹੁੰਚਾਇਆ ਜਾਵੇ। ਮੈਨੂੰ ਅਤਿਅੰਤ ਪ੍ਰਸੰਨਤਾ ਹੈ ਕਿ ਮੇਰੀ ਰਾਈਡਿੰਗ ਦੇ ਲੋਕਾਂ ਵੱਲੋਂ ਮੈਨੂੰ ਇਹ ਖ਼ੁਸ਼-ਗੁਆਰ ਜ਼ਿੰਮੇਵਾਰੀ ਸ਼ੌਂਪੀ ਗਈ ਹੈ।” ਪਾਰਲੀਮੈਂਟ ਮੈਂਬਰਾਂ ਦੇ ਵਾਪਸ ਆਉਣ ਨਾਲ ਵੱਖ-ਵੱਖ ਕਮੇਟੀਆਂ ਦਾ ਕੰਮ ਮੁੜ ਸ਼ੁਰੂ ਹੋ ਜਾਏਗਾ ਅਤੇ ਸੰਸਦੀ ਬਿੱਲ ਤੇ ਪ੍ਰਸਤਾਵ ਹਾਊਸ ਵਿਚ ਪੇਸ਼ ਕੀਤੇ ਜਾਣਗੇ ਅਤੇ ਉਨ੍ਹਾਂ ਉੱਪਰ ਲੋੜੀਂਦੀ ਭਰਪੂਰ ਬਹਿਸ ਹੋਵੇਗੀ। ਐੱਮ.ਪੀ. ਸੋਨੀਆ ਸਿੱਧੂ ਨੂੰ ਹੈੱਲਥ ਕਮੇਟੀ ਦੀ ‘ਚੇਅਰ’ ਵਜੋਂ ਸੌਂਪੇ ਗਏ ਕੰਮ ਨੂੰ ਉਹ ਅੱਗੋਂ ਪੂਰੀ ਤਨ-ਦੇਹੀ ਨਾਲ ਜਾਰੀ ਰੱਖਣਗੇ ਅਤੇ ਨਾਲ ਹੀ ਹਾਊਸ ਆਫ਼ ਕਾਮਨਜ਼ ਵਿਚ ਬਰੈਂਪਟਨ ਸਾਊਥ ਦੀ ਨੁਮਾਇੰਦਗੀ ਦੀ ਜ਼ਿੰਮੇਵਾਰੀ ਵੀ ਪਹਿਲਾਂ ਦੀ ਤਰ੍ਹਾਂ ਨਿਭਾਉਣਗੇ।
ਇਸ ਦੇ ਨਾਲ ਹੀ ਸੋਨੀਆ ਆਪਣੇ ਹੈੱਲਥ ਕਮੇਟੀ ਦੇ ਸਹਿਯੋਗੀਆਂ ਨਾਲ ਡਾਇਬਟੀਜ਼ ਦੀ ਕੰਪਰੀਹੈੱਨਸਿਵ ਸਟੱਡੀ ਦਾ ਪ੍ਰਾਜੈੱਕਟ ਵੀ ਇਸ ਸਾਲ ਸ਼ੁਰੂ ਕਰਨਗੇ। ਇਹ ਅਧਿਐੱਨ ਉਨ੍ਹਾਂ ਵੱਲੋਂ ਸਾਲ 2017 ਵਿਚ ਹਾਊਸ ਵਿਚ ਪੇਸ਼ ਕੀਤੇ ਗਏ ਬਿੱਲ ਐੱਮ-118 ਦੇ ਨਤੀਜੇ ਵਜੋਂ ਕਰਵਾਇਆ ਜਾ ਰਿਹਾ ਹੈ ਜਿਸ ਦੀ ਸਾਰੇ ਹੀ ਪਾਰਲੀਮੈਂਟ ਮੈਂਬਰਾਂ ਵੱਲੋਂ ਹਮਾਇਤ ਕੀਤੀ ਗਈ ਸੀ ਅਤੇ ਉਨ੍ਹਾਂ ਵੱਲੋਂ ਸਮੂਹਿਕ ਤੌਰ ‘ਤੇ ਡਾਇਬਟੀਜ਼ ਦੀ ਰੋਕਥਾਮ ਲਈ ਐਕਸ਼ਨ ਲੈਣ ਲਈ ਕਿਹਾ ਗਿਆ ਸੀ। ਸੋਨੀਆ ਨੇ ਹੋਰ ਕਿਹਾ, ਪਿਛਲੇ ਦੋ ਸਾਲਾਂ ਵਿਚ ਸਾਡੀ ਸਰਕਾਰ ਨੇ ਦੇਸ਼ ਵਿਚ ਵਿਕਾਸ ਦੇ ਕੰਮਾਂ ਅਤੇ ਮੱਧ ਵਰਗੀ ਤੇ ਹੋਰ ਕਈ ਜੋ ਇਸ ਦੇ ਵਿਚ ਸ਼ਾਮਲ ਹੋਣ ਲਈ ਜੱਦੋ-ਜਹਿਦ ਕਰ ਰਹੇ ਹਨ, ਦੀ ਜੀਵਨ-ਸ਼ੈਲੀ ‘ਚ ਤਬਦੀਲੀ ਲਿਆਉਣ ਵਿਚ ਕਾਫ਼ੀ ਤਰੱਕੀ ਕੀਤੀ ਹੈ। ਅਸੀਂ ਜਾਣਦੇ ਹਾਂ ਕਿ ਅਜੇ ਹੋਰ ਬਹੁਤ ਸਾਰਾ ਕੰਮ ਕਰਨ ਵਾਲਾ ਹੈ ਅਤੇ ਅਸੀਂ ਇਹ ਸੱਭ ਕਰਨ ਵਿਚ ਵੀ ਸਫ਼ਲ ਹੋਵਾਂਗੇ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …