ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ ਦਾ ਸਮਾਂ। ਇੱਕ ਪਰਿਵਾਰ, ਕੈਨੇਡਾ ਵਿੱਚ ਵਿਜ਼ਟਰ ਆਇਆ ਸੀ। ਬਿਮਾਰ ਧੀ ਦੀ ਦੇਖ-ਭਾਲ ਵਾਸਤੇ ਪਹਿਲਾਂ ਮਾਂ ਇਥੇ ਪਹੁੰਚੀ। ਪੰਜਾਬ ਦੇ ਲੁਧਿਆਣੇ ਜ਼ਿਲ੍ਹੇ ਦੀ ਤਹਿਸੀਲ ਜਗਰਾਉਂ ‘ਚ ਪੈਂਦੇ ਪਿੰਡ ਮੱਲਾ ਨਾਲ ਸੰਬੰਧਤ ਅਭਾਗੀ ਬਲਵਿੰਦਰ ਕੌਰ ਦੇ ਆਉਣ ਮਗਰੋਂ ਉਸਦਾ ਪਤੀ, ਇਕ ਹਫਤੇ ਪਹਿਲਾਂ ਹੀ ਐਬਟਸਫੋਰਡ ਬੀਸੀ ਕੈਨੇਡਾ ਪਹੁੰਚਿਆ। ਬਲਵਿੰਦਰ ਦਾ ਵਿਆਹ ਜਗਪ੍ਰੀਤ ਉਰਫ ਰਾਜੂ ਨਾਲ ਸੰਨ 2000 ਵਿੱਚ ਹੋਇਆ ਸੀ। ਰਾਜੂ ਕੰਚਨ ਕਲੋਨੀ ਪੱਖੋਵਾਲ ਰੋਡ ਲੁਧਿਆਣੇ ਦਾ ਰਹਿਣ ਵਾਲਾ ਹੈ। ਬਲਵਿੰਦਰ ਲੁਧਿਆਣੇ ਮੈਡੀਕਲ ਕਲੀਨਿਕ ਵਿੱਚ ਕੰਮ ਕਰਦੀ ਸੀ।
ਰਾਜੂ ਡਰਾਈਵਰ ਸੀ, ਪਰ ਅੱਜ ਕੱਲ ਕੰਮ ਨਹੀਂ ਸੀ ਕਰਦਾ। ਪਰਿਵਾਰ ਦੇ ਹਾਲਾਤ ਆਰਥਿਕ ਤੌਰ ‘ਤੇ ਨਾ ਖੁਸ਼ਗਵਾਰ ਸਨ। ਇਸ ਦੇ ਬਾਵਜੂਦ ਬਲਵਿੰਦਰ ਕੌਰ (41 ਸਾਲਾ) ਆਪਣੀ ਮਿਹਨਤ ਦੀ ਕਮਾਈ ਨਾਲ, ਆਪਣੇ ਘਰ ਵਾਲੇ ਜਗਪ੍ਰੀਤ ਉਰਫ ਰਾਜੂ (50 ਸਾਲਾ) ਨੂੰ ਕੈਨੇਡਾ ਬੁਲਾਉਣ ਵਿੱਚ ਸਫਲ ਹੋਈ। ਇਸ ਵਿੱਚ ਉਨਾਂ ਦੀ ਧੀ ਹਰਨੂਰ ਨੇ ਆਪਣੇ ਵੱਲੋਂ ਰਾਹਦਾਰੀ ਭੇਜ ਕੇ ਯੋਗਦਾਨ ਪਾਇਆ। ਦਰਅਸਲ 22 ਸਾਲਾ ਹਰਨੂਰ ਚਾਰ ਕੁ ਸਾਲ ਪਹਿਲਾਂ ਕੈਨੇਡਾ ਵਿਦਿਆਰਥੀ ਵੀਜ਼ੇ ‘ਤੇ ਆਈ ਅਤੇ ਲਗਾਤਾਰ ਸੰਘਰਸ਼ ਕਰ ਰਹੀ ਸੀ। ਇਨ੍ਹੀਂ ਦਿਨੀ ਉਹ ਸਿਹਤ ਪੱਖੋਂ ਵੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ।15 ਮਾਰਚ ਦੀ ਰਾਤ ਨੂੰ ਬਲਵਿੰਦਰ ਕੌਰ ਨਾਲ ਤਕਰਾਰ ਕਰਦਿਆਂ ਰਾਜੂ ਨੇ, ਉਸ ਨੂੰ ਚਾਕੂ ਮਾਰ-ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇੱਥੇ ਹੀ ਬੱਸ ਨਹੀਂ ਜ਼ਖਮੀ ਹਾਲਤ ਵਿੱਚ ਲਹੂ ‘ਚ ਲੱਥ-ਪੱਥ ਬਲਵਿੰਦਰ ਦੀ ਵੀਡੀਓ ਬਣਾ ਕੇ, ਉਸਦੇ ਪਰਿਵਾਰ ਨੂੰ ਫੋਨ ਕੀਤਾ ਤੇ ਇਹ ਆਖਿਆ, ”ਮੈਂ ਇਸਨੂੰ ਸਦਾ ਦੀ ਨੀਂਦ ਸੁਆ ਦਿੱਤਾ ਹੈ।”
ਮ੍ਰਿਤਕਾ ਬਲਵਿੰਦਰ ਕੌਰ ਦਾ ਇਕ ਪੁੱਤਰ 18 ਸਾਲਾ ਗੁਰਨੂਰ, ਆਪਣੀ ਨਾਨੀ ਅਤੇ ਮਾਸੀ ਦੇ ਨਾਲ ਪਿੰਡ ਮੱਲੇ ਪਰਿਵਾਰ ਵਿੱਚ ਮੌਜੂਦ ਸੀ। ਪੀੜਿਤ ਪਰਿਵਾਰ ਦੀ ਹੋਸ਼ ਉੱਡ ਗਏ। ਦੁੱਖਾਂ ਦਾ ਪਹਾੜ ਟੁੱਟ ਪਿਆ। ਇਥੇ ਐਬਟਸਫੋਰਡ ਪੁਲਿਸ ਨੇ ਆ ਕੇ ਜਦੋਂ ਘਰ ਵਿੱਚ ਲਹੂ ‘ਚ ਲੱਥ-ਪੱਥ ਬਲਵਿੰਦਰ ਨੂੰ ਤੱਕਿਆ, ਤਾਂ ਤੁਰੰਤ ਹਸਪਤਾਲ ਲਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਕਰਾਰ ਘੋਸ਼ਿਤ ਕੀਤਾ। ਦੂਜੇ ਪਾਸੇ ਜ਼ਖਮੀ ਔਰਤ ਦੇ ਕੋਲੋਂ ਉਸਦੇ ‘ਕਥਿਤ ਕਾਤਲ’ ਪਤੀ ਜਗਪ੍ਰੀਤ ਉਰਫ ਰਾਜੂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਤੇ ਦੂਜਾ ਦਰਜਾ ਕਤਲ ਦੇ ਚਾਰਜ ਲਾ ਦਿੱਤੇ।
ਪੀੜਤ ਪਰਿਵਾਰ ਨੇ ਪੰਜਾਬ ਤੋਂ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਸਭ ਕੁਝ ਉਜੜ ਗਿਆ ਹੈ। ਮ੍ਰਿਤਕ ਦਾ ਪਿਤਾ ਹਿੰਮਤ ਸਿੰਘ ਕਦੇ ਦੁਬਈ ਵਿੱਚ ਕੰਮ ਕਰਦਾ ਸੀ। ਸਿਹਤ ਖਰਾਬ ਹੋਣ ਕਾਰਨ ਆਪਣੇ ਪਿੰਡ ਮੱਲੇ ਵਾਪਸ ਆ ਗਿਆ। ਇਸ ਵੇਲੇ ਮੰਜੇ ਤੇ ਪਿਆ ਹੈ। ਪੀੜਤ ਦੀ ਮਾਂ ਆਪਣੀ ਧੀ ਦੀ ਮੌਤ ਦੇ ਉੱਪਰ ਮਾਤਮ ਮਨਾ ਰਹੀ ਹੈ। ਛੋਟੀ ਭੈਣ ਰਾਜਵਿੰਦਰ ਨੇ ਦੱਸਿਆ ਕਿ ਉਹਨਾਂ ਦੇ ਨਾਲ ਜੋ ਜ਼ੁਲਮ ਹੋਇਆ ਹੈ, ਉਹ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ।
”ਇਉਂ ਲੱਗਦਾ ਹਫਤਾ ਪਹਿਲਾਂ ਰਾਜੂ ਜਿਵੇਂ ਬਲਵਿੰਦਰ ਨੂੰ ਮਾਰਨ ਲਈ ਹੀ ਕੈਨੇਡਾ ਗਿਆ ਸੀ।” ਰੋਂਦਾ ਕੁਰਲਾਉਂਦਾ ਟੱਬਰ ਸੋਚਦਾ ਹੈ। ਜਿਸ ਇਨਸਾਨ ਨੂੰ ਉਸਦੀ ਧੀ ਤੇ ਪਤਨੀ ਨੇ ਲੱਖ ਯਤਨ ਕਰਕੇ ਕੈਨੇਡਾ ਸੱਦਿਆ, ਉਹੀ ਸ਼ੈਤਾਨ ਬਣ ਗਿਆ। ਭਾਈਚਾਰਾ ਇਹ ਸੋਚ ਰਿਹਾ ਹੈ ਕਿ ਕੀ ਇਸ ਵਾਰਦਾਤ ਨੇ ਹੋਰਨਾਂ ਵਿਜ਼ਟਰ ਵੀਜ਼ਿਆਂ ਲਈ ਰਸਤੇ ਬੰਦ ਤਾਂ ਨਹੀਂ ਕਰ ਦੇਣੇ? ਕੀ ਕਾਰਨ ਹੈ ਹੰਕਾਰ, ਗੁੱਸੇ, ਆਰਥਿਕ ਮੰਦਹਾਲੀ ਜਾਂ ਹੋਰ? ਇਹ ਸਮਾਂ ਆਉਣ ‘ਤੇ ਹੀ ਪਤਾ ਲੱਗੇਗਾ, ਪਰ ਐਬਟਸਫੋਰਡ ਦਾ ਪੰਜਾਬੀ ਭਾਈਚਾਰਾ ਇਸ ਵੇਲੇ ਸਦਮੇ ਵਿੱਚ ਹੈ। ਮ੍ਰਿਤਕ ਦੇ ਪਰਿਵਾਰ ਦੀ ਮੱਦਦ ਲਈ ਭਾਈਚਾਰੇ ਦੀਆਂ ਕੁਝ ਸ਼ਖਸੀਅਤਾਂ ਸਹਿਯੋਗ ਨਹੀਂ ਅੱਗੇ ਆਈਆਂ ਹਨ।
ਪਿੰਡ ਮੱਲੇ ਦੇ ਵਸਨੀਕ ਅਤੇ ਇੱਥੋਂ ਦੇ ਸਾਬਕਾ ਐਮ ਪੀ ਜਤਿੰਦਰ ਸਿੰਘ ਜਤੀ ਸਿੱਧੂ ਨੇ ਕਿਹਾ ਹੈ ਕਿ ਮੈਂ ਪਿੰਡ ਵਾਲਿਆਂ ਨਾਲ ਸੰਪਰਕ ਵਿੱਚ ਹਾਂ। ਇਸ ਵੇਲੇ ਪੀੜਤ ਪਰਿਵਾਰ, ਖਾਸ ਕਰਕੇ ਪੀੜਤ ਧੀ ਨੂੰ ਦੇਖਦੇ ਆਂ, ਤਾਂ ਔਰਤਾਂ ‘ਤੇ ਹੋ ਰਹੇ ਜ਼ੁਲਮ ਦੀ ਇੱਕ ਦਿਲ ਕਮਾਊ ਕਹਾਣੀ ਦਰਦ ਬਿਆਨ ਕਰ ਰਹੀ ਹੈ। ਅਜਿਹੇ ਦੁਖਾਂਤ ਦੀ ਕਹਾਣੀ ਇੱਕ ਪਰਿਵਾਰ ਨੂੰ ਨਹੀਂ, ਬਲਕਿ ਸਮੂਹ ਭਾਈਚਾਰੇ ਨੂੰ ਵੀ ਸੰਕਟ ਵਿੱਚ ਲਿਆ ਖੜਾ ਕਰਦੀ ਹੈ। ਇਹ ਹੋਰਨਾਂ ਵਾਸਤੇ ਵੀ ਇਥੋਂ ਦੀ ਖੁਸ਼ਗਵਾਰ ਜ਼ਿੰਦਗੀ ਨੂੰ ਉਜਾੜਨ ਲਈ ਦੋਸ਼ੀ ਨਜ਼ਰ ਆਉਂਦੀ ਹੈ।
Check Also
ਬਰੈਂਪਟਨ ਤੇ ਸਮੁੱਚੇ ਕੈਨੇਡਾ ‘ਚ ਸੀਨੀਅਰਾਂ ਦੀ ਸਹਾਇਤਾ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਸਾਰਾ ਜੀਵਨ ਸਖ਼ਤ ਮਿਹਨਤ ਕਰਨ ਤੋਂ ਬਾਅਦ ਸੀਨੀਅਰਜ਼ ਸੇਵਾ-ਮੁਕਤੀ ਦਾ ਆਪਣਾ ਸਮਾਂ …