ਬਰੈਂਪਟਨ/ਬਿਊਰੋ ਨਿਊਜ਼
ਗਰੇਟਰ ਟੋਰਾਂਟੋ ਇਲਾਕੇ ਦੀਆਂ ਛੇ ਅਗਾਂਹਵਧੂ ਜਥੇਬੰਦੀਆਂ ਵਲੋਂ ਰਲ ਕੇ ਲੰਘੇ ਐਤਵਾਰ ਕਰਵਾਏ, ਮਈ ਦਿਵਸ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਵਿਚ ਗੰਭੀਰ ਵਿਚਾਰ ਵਟਾਂਦਰਾ ਹੋਇਆ। ਇਸ ਵਿਚ ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ, ਇੰਡੋ ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ, ਜੀ ਟੀ ਏ ਵੈਸਟ ਕਲੱਬ ਸੀ ਪੀ ਸੀ, ਪਾਕਿਸਤਾਨੀ ਕੈਨੇਡੀਅਨਾਂ ਦੀ ਪ੍ਰੋਗਰੈਸਿਵ ਕਮੇਟੀ, ਕਲਮਾਂ ਦਾ ਕਾਫ਼ਲਾ ਅਤੇ ਸੀਨੀਅਰ ਸੀਟੀਜ਼ਨ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਵੱਧ ਚੜ੍ਹ ਕੇ ਹਿਸਾ ਲਿਆ। ਤਿੰਨ ਘੰਟੇ ਚੱਲੇ ਸੈਮੀਨਾਰ ਵਿਚ ਦਿਵਸ ਦੇ ਇਤਿਹਾਸ ਅਤੇ ਇਸ ਦੀ ਅਜੋਕੇ ਸਮੇਂ ਵਿਚ ਮਹੱਤਤਾ ਤੇ ਜਿਆਦਾ ਜੋਰ ਰਿਹਾ। ਮਈ ਦਿਵਸ ਦੇ ਇਤਿਹਾਸਕ ਦਿਹਾੜੇ ਨਾਲ ਸਬੰਧਿਤ ਘਟਨਾਵਾਂ ਬਾਰੇ ਜਾਣਕਾਰੀ ਇੰਡੋ ਕੈਨੇਡੀਅਨ ਦੇ ਨੁਮਾਇੰਦੇ ਨਿਰਮਲ ਸਿੱਧੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਬੰਬ ਧਮਾਕੇ ਦੇ ਮੁਕੱਦਮੇ ਦੀ ਕਾਰਵਾਈ ਦੌਰਾਨ ਬੇਸ਼ੱਕ ਇਹ ਗੱਲ ਸਾਫ਼ ਹੋ ਗਈ ਸੀ ਕਿ ਦੋਸ਼ੀਆਂ ਵਿਚੋਂ ਕਿਸੇ ਨੇ ਵੀ ਬੰਬ ਨਹੀਂ ਸੁਟਿਆ, ਸਿਰਫ ਇਸ ਅਧਾਰ ਤੇ ਕਿ ਉਨ੍ਹਾਂ ਵਿਚੋਂ ਇੱਕ ਨੇ ਬੰਬ ਬਣਾਇਆ ਹੋ ਸਕਦਾ ਹੈ, ਸੱਤ ਲੀਡਰਾਂ ਨੂੰ ਫ਼ਾਂਸੀ ਦੀਆਂ ਸਜ਼ਾਵਾਂ ਸੁਣਾ ਦਿਤੀਆਂ ਗਈਆਂ। ਉਨ੍ਹਾਂ ਵਿਚੋਂ ਦੋ ਨੂੰ ਗਵਰਨਰ ਵਲੋਂ ਮੁਆਫ਼ੀ ਦੇ ਦਿੱਤੀ ਗਈ, ਇੱਕ ਮਜ਼ਦੂਰ ਨੇ ਜੇਲ੍ਹ ਵਿਚ ਆਤਮ ਹੱਤਿਆ ਕਰ ਲਈ ਅਤੇ ਚਾਰ ਨੂੰ ਫ਼ਾਂਸੀ ਲਾ ਦਿੱਤਾ ਗਿਆ। ਪਾਕਿਸਤਾਨੀ ਕੈਨੇਡੀਅਨਾਂ ਦੀ ਪ੍ਰੋਗਰੈਸਿਵ ਕਮੇਟੀ ਦੇ ਉਮਰ ਲਾਤੀਫ਼ ਨੇ ਸਾਮਰਾਜਵਾਦ ਨਾਲ ਲੜਨ ਲਈ ਕਾਮਿਆਂ ਦੀ ਏਕਤਾ ਤੇ ਜੋਰ ਦਿੱਤਾ। ਕਲਮਾਂ ਦੇ ਕਾਫ਼ਲੇ ਦੇ ਕਨਵੀਨਰ ਕੁਲਵਿੰਦਰ ਖਹਿਰਾ ਨੇ ਕੈਨੇਡਾ ਵਿਚ ਪੜ੍ਹਨ ਲਈ ਆਏ ਵਿਦਿਆਰਥੀਆਂ ਦੇ ਭਵਿੱਖ ਬਾਰੇ ਚਿੰਤਾ ਜ਼ਾਹਿਰ ਕੀਤੀ। ਉਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ ਦੇ ਕੋਆਰਡੀਨੇਟਰ ਬਲਰਾਜ ਸ਼ੌਕਰ ਨੇ ਕਿਹਾ ਕਿ ਅੱਜ ਫਿਰ ਮਜ਼ਦੂਰ ਲਹਿਰ ਸਾਹਮਣੇ ਤਕੜੀਆਂ ਚੁਣੌਤੀਆਂ ਹਨ। ਕੈਨੇਡਾ ਦੀ ਕਮਿਊਨਿਸਟ ਪਾਰਟੀ ਦੇ ਡੇਵ ਮੈਕੀ ਨੇ ਸਮਾਜਵਾਦ ਦੀ ਲਹਿਰ ਵਿਚ ਆਈਆਂ ਕੁਝ ਕਮਜ਼ੋਰੀਆਂ ਦੇ ਬਾਵਜੂਦ ਇਸ ਦੇ ਆਖਿਰ ਵਿਚ ਜੇਤੂ ਹੋਣ ਦੀ ਉਮੀਦ ਪ੍ਰਗਟ ਕੀਤੀ।
ਪ੍ਰੋਗਰਾਮ ਦੇ ਮੁੱਖ ਬੁਲਾਰੇ ਪ੍ਰਸਿੱਧ ਕਹਾਣੀਕਾਰ ਡਾ. ਵਰਿਆਮ ਸਿੰਘ ਸੰਧੂ ਨੇ ਮਈ ਦਿਵਸ ਨਾਲ ਸਬੰਧਿਤ ਘਟਨਾਵਾਂ ਦੇ ਪਿਛੋਕੜ ‘ਤੇ ਝਾਤ ਮਰਵਾਉਂਦਿਆਂ ਕਿਹਾ ਕਿ ਮਜ਼ਦੂਰ ਜਮਾਤ ਦੇ ਅਸਲ ਜੋਧੇ ਉਹ ਨਹੀਂ ਸੋ ਸਿਰਫ ਗੱਲਾਂ ਕਰਦੇ ਹਨ, ਸਗੋਂ ਉਹ ਹਨ ਜਿਨ੍ਹਾਂ ਦੇ ਸੀਨੇ ਵਿਚ ਹੇਠਲੇ ਵਰਗ ਦੀ ਹੋਣੀ ਨੂੰ ਬਦਲਣ ਲਈ ਸਦਾ ਸੁਲਗਦੀ ਅੱਗ ਹੈ। ਉਹ ਟਿਕ ਕੇ ਨਹੀਂ ਬੈਠ ਸਕਦੇ ਅਤੇ ਹਮੇਸ਼ਾ ਮਿਹਨਤਕਸ਼ਾਂ ਦੀ ਲਹਿਰ ਨੂੰ ਅੱਗੇ ਲਿਜਾਣ ਲਈ ਜਦੋ ਜਹਿਦ ਕਰਦੇ ਰਹਿੰਦੇ ਹਨ। ਦੂਸਰੇ ਮੁੱਖ ਬੁਲਾਰੇ ਪੀਲ ਖੇਤਰੀ ਮਜ਼ਦੂਰ ਕੌਂਸਲ ਦੇ ਪ੍ਰਧਾਨ ਜਿਮ ਮੈਕਡਾਵਲ ਨੇ ਕਿਹਾ ਕਿ ਕੈਨੇਡਾ ਦਾ ਮੱਧਵਰਗ ਮਜ਼ਦੂਰ ਜਥੇਬੰਦੀਆਂ ਦੀਆਂ ਕੁਰਬਾਨੀਆਂ ਦੀ ਦੇਣ ਹੈ ਅਤੇ ਇਸ ਨੇ ਕੈਨੇਡਾ ਨੂੰ ਇੱਕ ਚੰਗਾ ਦੇਸ਼ ਬਣਾਇਆ ਹੈ। ਕੈਨੇਡੀਅਨ ਮਜ਼ਦੂਰ ਕੌਂਸਲ ਕਾਂਗਰਸ ਦੀ ਗੋਗੀ ਭੰਡਾਲ ਨੇ ਇਸ ਜਥੇਬੰਦੀ ਵਲੋਂ ਆਮ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਮਾਸਟਰ ਪਰਮਜੀਤ ਸਿੰਘ ਸੰਘੇੜਾ ਨੇ ਸਾਰੀਆਂ ਅਗਾਂਹਵਧੂ ਜਥੇਬੰਦੀਆਂ ਨੂੰ ਇਕੱਠੇ ਰਲ ਕੇ ਚੱਲਣ ਦੀ ਸਲਾਹ ਦਿੱਤੀ। ਸੁਰਜੀਤ ਸਹੋਤਾ ਵਲੋਂ ਪ੍ਰੋਗਰਾਮ ਲਈ ਕੀਤੀ ਮਾਲੀ ਸਹਾਇਤਾ ਦੀ ਅਪੀਲ ਨੂੰ ਭਰਵਾਂ ਹੁੰਗਾਰਾ ਮਿਲਿਆ। ਸਟੇਜ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਡਾ. ਬਲਜਿੰਦਰ ਸੇਖੋਂ ਨੇ ਕਿਹਾ ਕਿ ਸਵਾ ਸੌ ਸਾਲ ਬੀਤ ਜਾਣ ਬਾਅਦ ਵੀ ਕਿਰਤੀ ਲੋਕਾਂ ਦੇ ਮਸਲੇ ਜਿਉਂ ਦੀ ਤਿਉਂ ਹਨ। ਜਿਨ੍ਹਾਂ ਸ਼ਹੀਦਾਂ ਨੇ ਸਾਡੇ ਲਈ ਅੱਠ ਘੰਟੇ ਦੀ ਮਜ਼ਦੂਰੀ ਦੀ ਮੰਗ ਵਾਸਤੇ ਲੜਦਿਆਂ ਫ਼ਾਂਸੀ ਦੇ ਫੰਦਿਆਂ ਨੂੰ ਚੁਮਿਆਂ, ਉਨ੍ਹਾਂ ਦਾ ਇਹ ਸੁਪਨਾ ਵੀ ਅਜੇ ਅਧੂਰਾ ਹੈ। ਅੱਜ ਵੀ ਸਾਡੇ ਲੋਕ ਟਰੱਕਾਂ, ਟੈਕਸੀਆਂ ਤੇ ਫੈਕਟਰੀਆਂ, ਵਿਚ ਅਪਣੇ ਘਰਾਂ ਦਾ ਖਰਚਾ ਚਲਾਉਣ ਖਾਤਰ, ਬਾਰਾਂ ਤੇਰਾਂ ਘੰਟੇ ਕੰਮ ਕਰਦੇ ਹਨ। ਇਸ ਪ੍ਰੋਗਰਾਮ ਨੂੰ ਰੌਚਕ ਬਣਾਉਣ ਲਈ, ਬਲਜੀਤ ਧਾਲੀਵਾਲ ਅਤੇ ਜਸ਼ਨ ਨੇ ਅਪਣੀਆਂ ਸੁਰੀਲੀਆਂ ਅਵਾਜ਼ਾਂ ਵਿਚ ਇਨਕਲਾਬੀ ਗੀਤ ਸੁਣਾਏ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …