ਦੇਸ਼ ਵਿਚ ਏਡਜ਼ ਰੋਗੀਆਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਰਾਸ਼ਟਰੀ ਪੱਧਰ ‘ਤੇ ਨਸ਼ੇ ਦੇ ਟੀਕੇ ਲਗਾਉਣ ਕਾਰਨ ਏਡਜ਼ ਦੇ ਸ਼ਿਕਾਰ ਹੋਣ ਵਾਲੇ ਕੁੱਲ ਗਿਣਤੀ ਦੇ ਕਰੀਬ 8.6 ਫੀਸਦੀ ਹਨ। ਪਰ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਅੰਦਰ ਇਹ ਅੰਕੜੇ ਹੈਰਾਨੀਜਨਕ ਮੁਕਾਮ ਤੱਕ ਪਹੁੰਚ ਗਏ ਹਨ। ਹਾਲਾਂਕਿ ਏਡਜ਼ ਦੇ ਫੈਲਣ ਪਿੱਛੇ ਕਈ ਕਾਰਨ ਹਨ, ਪਰ ਇਕ ਵੱੜਾ ਕਾਰਨ ਇਕ ਸਰਿੰਜ ਨਾਲ ਟੀਕੇ ਲਗਾ ਕੇ ਨਸ਼ੇ ਦਾ ਸਰੂਰ ਲੈਣਾ ਵੀ ਹੈ ਅਤੇ ਤਰਨਤਾਰਨ ਵਿਚ ਅਜਿਹੇ ਮਰੀਜ਼ਾਂ ਦਾ ਅੰਕੜਾ 23 ਫੀਸਦੀ ਹੈ। ਯਾਨੀ ਕਿ ਰਾਸ਼ਟਰੀ ਪੱਧਰ ਦਾ ਕਰੀਬ ਤਿੰਨ ਗੁਣਾ। ਸਰਕਾਰ ਅਤੇ ਸਿਹਤ ਵਿਭਾਗ ਵਲੋਂ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਲਈ ਬੇਸ਼ੱਕ ਵੱਡੇ ਪੱਧਰ ‘ਤੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੂਦ ਸਰਹੱਦੀ ਜ਼ਿਲ੍ਹੇ ਵਿਚ ਐਚਆਈਵੀ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਿਹਾ ਵਾਧਾ ਚਿੰਤਾ ਦਾ ਵਿਸ਼ਾ ਹੈ। ਪੇਸ਼ ਹੈ ਇਸ ਸਬੰਧੀ ਵਿਸ਼ੇਸ਼ ਰਿਪੋਰਟ :
ਇਲਾਜ ਨਾਲ ਆਮ ਜ਼ਿੰਦਗੀ ਜੀਅ ਸਕਦਾ ਹੈ ਮਰੀਜ਼ : ਆਈਸੀਟੀਸੀ (ਇੰਟਰਗ੍ਰੇਟਿਡ ਕਾਊਂਸਲਿੰਗ ਅਤੇ ਟੈਸਟਿੰਗ ਸੈਂਟਰ) ਤਰਨਤਾਰਨ ਦੇ ਇੰਚਾਰਜ ਡਾ. ਸੌਰਭ ਅਰੋੜਾ ਨੇ ਦੱਸਿਆ ਕਿ ਇਸ ਸੈਂਟਰ ‘ਚ ਐਚਆਈਵੀ ਦਾ ਟੈਸਟ ਮੁਫਤ ਕੀਤਾ ਜਾਂਦਾ ਹੈ। ਹਰ ਮਹੀਨੇ ਹੋਣ ਵਾਲੇ ਟੈਸਟਾਂ ਦੇ ਦੌਰਾਨ ਲਗਾਤਾਰ ਐਚਆਈਵੀ ਪਾਜ਼ੇਟਿਵ ਮਰੀਜ਼ ਸਾਹਮਣੇ ਆਉਂਦੇ ਹਨ ਜਿਨ੍ਹਾਂ ‘ਚ ਮਰਦ, ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਮਰੀਜ਼ਾਂ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ ਤਾਂ ਜੋ ਉਹ ਹੌਸਲਾ ਨਾ ਛੱੜਣ ਅਤੇ ਪਾਜ਼ੇਟਿਵ ਮਰੀਜ਼ਾਂ ਨੂੰ ਏਆਰਟੀ ਵਿਚ ਰਜਿਸਟ੍ਰੇਸ਼ਨ ਲਈ ਰੈਫਰ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਐਚਆਈਵੀ ਪਾਏ ਜਾਣ ਵਾਲੇ ਵਿਅਕਤੀ ਦੀ ਰੋਗ ਪ੍ਰਤੀਰੋਧੀ ਸਮਰੱਥਾ ਘਟ ਜਾਂਦੀ ਹੈ ਤੇ ਲਗਾਤਾਰ ਦਵਾਈ ਲੈਂਦੇ ਰਹਿਣ ਨਾਲ ਉਹ ਇਸ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ।
ਨਸ਼ੇ ਦਾ ਟੀਕਾ ਲਗਾਉਣ ਕਾਰਨ ਐਚਆਈਵੀ ਹੋਣ ਵਾਲੇ 23 ਫੀਸਦੀ : ਡਾ. ਰਾਣਾ
ਮਨੋਰੋਗ ਮਾਹਿਰ ਡਾ. ਰਾਣਾ ਰਣਬੀਰ ਸਿੰਘ ਦਾ ਕਹਿਣਾ ਹੈ ਕਿ ਨਸ਼ੇ ਦਾ ਟੀਕਾ ਲਗਾਉਣ ਕਾਰਨ ਐਚਆਈਵੀ ਪੀੜਤ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 23 ਫੀਸਦੀ ਹੈ ਜਦੋਂ ਕਿ ਪੰਜਾਬ ਵਿਚ 21 ਅਤੇ ਰਾਸ਼ਟਰੀ ਪੱਧਰ ‘ਤੇ ਇਹ ਗਿਣਤੀ 8.6 ਫੀਸਦੀ ਹੈ। ਤਰਨਤਾਰਨ ਵਿਚ ਅਕਤੂਬਰ 2010 ਵਿਚ ਖੋਲ੍ਹੇ ਗਏ ਓਐਸਟੀ ਸੈਂਟਰ ਤੇ ਹੁਣ ਤੱਕ 1750 ਲੋਕਾਂ ਦੀ ਰਜਿਸਟ੍ਰੇਸ਼ਨ ਹੋਈ ਹੈ, ਜਿਨ੍ਹਾਂ ਵਿਚੋਂ ਟਰੀਟਮੈਂਟ ਕੰਪਲੀਟ ਹੋਣ, ਕਿਸੇ ਹੋਰ ਕੇਂਦਰ ‘ਤੇ ਸ਼ਿਫਟ ਹੋਣ ਅਤੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਮਰੀਜ਼ਾਂ ਤੋਂ ਬਾਅਦ 1350 ਲੋਕ ਰਜਿਸਟਰਡ ਹਨ, ਜਿਨ੍ਹਾਂ ਵਿਚੋਂ 600 ਟੀਕਾ ਲਗਾਉਣ ਦਾ ਨਸ਼ਾ ਕਰਨ ਵਾਲੇ ਲੋਕ ਰੋਜ਼ਾਨਾ ਜ਼ਰੂਰਤ ਮੁਤਾਬਕ ਦਵਾਈ ਲੈਣ ਆਉਂਦੇ ਹਨ। ਡਾ. ਰਾਣਾ ਨੇ ਕਿਹਾ ਕਿ ਓਐਸਟੀ ਸੈਂਟਰ ਅਜਿਹੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਜੋ ਪਹਿਲਾਂ ਟੀਕਾ ਲਗਾਉਂਦੇ ਸਨ। ਡਾ.ਰਾਣਾ ਨੇ ਦੱਸਿਆ ਕਿ ਟੀਕੇ ਵਾਲੀ ਦਵਾਈ ਮੂੰਹ ਰਾਹੀਂ ਲੈਣ ਨਾਲ ਏਡਜ਼ ਫੈਲਣ ਦਾ ਖਤਰਾ ਟਲ ਰਿਹਾ ਹੈ। ਜ਼ਿਲ੍ਹੇ ਵਿਚ ਤਿੰਨ ਓਐਸਟੀ ਸੈਂਟਰ ਤਰਨਤਾਰਨ, ਪੱਟੀ ਅਤੇ ਝਬਾਲ ਵਿਚ ਚਲਾਏ ਜਾ ਰਹੇ ਹਨ।
2016 ਵਿਚ ਇਹ ਸੀ ਮਰੀਜ਼ਾਂ ਦੀ ਗਿਣਤੀ
ਮਹੀਨਾ ਕੁੱਲ ਟੈਸਟ ਐਚਆੲਵੀ+
ਜਨਵਰੀ 671 11
ਫਰਵਰੀ 846 11
ਮਾਰਚ 965 17
ਅਪ੍ਰੈਲ 1033 21
ਮਈ 1004 26
ਜੂਨ 814 17
ਜੁਲਾਈ 910 17
ਅਗਸਤ 1003 18
ਸਤੰਬਰ 1015 5
ਅਕਤੂਬਰ 1020 12
ਨਵੰਬਰ 1037 8
ਦਸੰਬਰ 938 14
ਕੁੱਲ ਟੈਸਟ 11256, ਪਾਜ਼ੇਟਿਵ 177, ਮਰਦ 119, ਔਰਤਾਂ 56, ਬੱਚੇ 2
ਇੰਝ ਫੈਲਦਾ ਹੈ ਇਹ ਨਾ ਮੁਰਾਦ ਰੋਗ
ੲ ਅਸੁਰੱਖਿਅਤ ਸਰੀਰਕ ਸਬੰਧ। ੲ ਐਚਆਈਵੀ ਪ੍ਰਭਾਵਿਤ ਖੂਨ ਚੜ੍ਹਾਉਣ। ੲ ਬਿਨਾ ਉਬਾਲੀਆਂ ਸੂਈਆਂ-ਸਰਿੰਜਾਂ ਦੀ ਵਰਤੋਂ। ੲ ਪ੍ਰਭਾਵਿਤ ਮਾਂ ਤੋਂ ਉਸਦੇ ਬੱਚੇ ਨੂੰ ।
4047 ਮਰੀਜ਼ਾਂ ਦੀ ਜਾਂਚ ਦੌਰਾਨ ਸਾਹਮਣੇ ਆਏ 30 ਪਾਜ਼ੀਟਿਵ ਕੇਸ
ਤਰਨਤਾਰਨ ਦੇ ਸਿਵਲ ਹਸਪਤਾਲ ਵਿਚ ਚੱਲ ਰਹੇ ਆਈਸੀਟੀਸੀ ਸੈਂਟਰ ‘ਤੇ ਸਾਲ 2017 ਦੀ 27 ਅਪ੍ਰੈਲ ਤੱਕ 4067 ਮਰੀਜ਼ਾਂ ਦੀ ਜਾਂਚ ਮਗਰੋਂ ਐਚਆਈਵੀ ਦੇ 30 ਮਰੀਜ਼ ਸਾਹਮਣੇ ਆਏ ਹਨ। ਇੱਥੇ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਦਾ ਆਤਮ ਬਲ ਵਧਾਉਣ ਵਾਸਤੇ ਜਿੱਥੇ ਕਾਊਂਸਲਿੰਗ ਦਿੱਤੀ ਜਾਂਦੀ ਹੈ ਉਥੇ ਇਨ੍ਹਾਂ ਨੂੰ ਮੁਫਤ ਦਵਾਈ ਵੀ ਮੁਹੱਈਆ ਕਰਵਾਈ ਜਾਂਦੀ ਹੈ ਤਾਂ ਜੋ ਇਹ ਆਪਣੀ ਜ਼ਿੰਦਗੀ ਨੂੰ ਆਮ ਲੋਕਾਂ ਵਾਂਗ ਜੀ ਸਕਣ।
ਐਚਆਈਵੀ ਤੋਂ ਬਚਾਅ ਲਈ ਕੀਤਾ ਜਾਂਦਾ ਹੈ ਜਾਗਰੂਕ
ਤਰਨਤਾਰਨ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਐਚਆਈਵੀ/ਏਡਜ਼ ਤੋਂ ਬਚਾਅ ਲਈ ਜਾਗਰੂਕ ਕਰਨ ਵਾਸਤੇ ਲਗਾਤਾਰ ਸੈਮੀਨਾਰ ਅਤੇ ਕੈਂਪ ਲਗਾਉਂਦਾ ਆ ਰਿਹਾ ਹੈ। ਜਿਨ੍ਹਾਂ ਵਿਚ ਮਾਹਿਰ ਡਾਕਟਰ ਇਸ ਨਾਮੁਰਾਦ ਬਿਮਾਰੀ ਤੋਂ ਬਚਣ ਦੇ ਸੁਝਾਅ ਦੱਸਦੇ ਹਨ। ਜਾਂਚ ਦੌਰਾਨ ਐਚਆਈਵੀ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਨੂੰ ਉਹਨਾਂ ਦਾ ਆਤਮ ਵਿਸ਼ਵਾਸ ਮਜ਼ਬੂਤ ਕਰਨ ਵਾਸਤੇ ਜਿੱਥੇ ਕਾਊਂਸਲਿੰਗ ਦਿੱਤੀ ਜਾਂਦੀ ਹੈ, ਉਥੇ ਹੀ ਜਾਂਚ ਦੇ ਨਾਲ ਨਾਲ ਏਐਚਟੀ (ਐਂਟੀ ਰਿਟਵੋਵਾਇਰਲ ਟਰੀਟਮੈਂਟ) ਸੈਂਟਰ ਤੋਂ ਦਵਾਈ ਵੀ ਮੁਫਤ ਦਿੱਤੀ ਜਾਂਦੀ ਹੈ। ਡਾ. ਸ਼ਮਸ਼ੇਰ ਸਿੰਘ ਨੇ ਕਿਹਾ ਕਿ ਨਸ਼ੇ ਦਾ ਟੀਕਾ ਲਗਾਉਣ ਵਾਲਿਆਂ ਵਿਚ ਇਹ ਰੋਗ ਜਲਦੀ ਫੈਸਲਾ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …