ਟੋਰਾਂਟੋ : ਅਲਬਰਟਾ ਦੇ ਟੀ ਸੀ ਐਨਰਜੀ ਵੱਲੋਂ ਕੀਅਸਟੋਨ ਐਕਸਐਲ ਪ੍ਰੋਜੈਕਟ ਨੂੰ ਰਸਮੀ ਤੌਰ ਉੱਤੇ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਅਸਫਲ ਪਾਈਪਲਾਈਨ ਉੱਤੇ ਪ੍ਰੋਵਿੰਸ ਦਾ ਫਾਈਨਲ ਖਰਚਾ 1.3 ਬਿਲੀਅਨ ਡਾਲਰ ਹੋਇਆ। ਜਨਵਰੀ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਕੀਅਸਟੋਨ ਐਕਸਐਲ ਪਾਈਪਲਾਈਨ ਦੇ ਪਰਮਿਟ ਨੂੰ ਖਾਰਜ ਕੀਤੇ ਜਾਣ ਤੋਂ ਬਾਅਦ ਹੁਣ ਅਲਬਰਟਾ ਸਰਕਾਰ ਨੇ ਵੀ ਇਸ ਪਾਈਪਲਾਈਨ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਟੀ ਸੀ ਐਨਰਜੀ ਨੇ ਆਖਿਆ ਕਿ ਉਨ੍ਹਾਂ ਅਲਬਰਟਾ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਹੀ ਇਸ ਪ੍ਰੋਜੈਕਟ ਨੂੰ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੇਨੀ ਨੇ ਆਖਿਆ ਕਿ ਕੀਅਸਟੋਨ ਐਕਸਐਲ ਪ੍ਰੋਜੈਕਟ ਜਿਹੋ ਜਿਹੇ ਹਾਲਾਤ ਵਿੱਚੋਂ ਲੰਘ ਰਿਹਾ ਸੀ ਉਸ ਤੋਂ ਅਸੀਂ ਪਰੇਸ਼ਾਨ ਤੇ ਨਿਰਾਸ਼ ਹੋ ਚੁੱਕੇ ਸੀ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਵੱਲੋਂ ਇਸ ਪ੍ਰੋਜੈਕਟ ਨੂੰ ਪਰਮਿਟ ਨਾ ਦੇਣ ਨਾਲ ਇਹ ਸਮੱਸਿਆ ਹੋਰ ਵੱਧ ਗਈ। ਉਨ੍ਹਾਂ ਆਖਿਆ ਕਿ ਅਸੀਂ ਆਪਣੇ ਅਮਰੀਕੀ ਭਾਈਵਾਲਾਂ ਨਾਲ ਰਲ ਕੇ ਇਹ ਯਕੀਨੀ ਬਣਾਵਾਂਗੇ ਕਿ ਉਨ੍ਹਾਂ ਦੀਆਂ ਐਨਰਜੀ ਸਬੰਧੀ ਮੰਗਾਂ ਨੂੰ ਅਸੀਂ ਜ਼ਿੰਮੇਵਾਰਾਨਾ ਢੰਗ ਤਰੀਕਿਆਂ ਤੇ ਟਰਾਂਸਪੋਰਟੇਸ਼ਨ ਰਾਹੀਂ ਪੂਰਾ ਕਰ ਸਕੀਏ।