22.1 C
Toronto
Saturday, September 13, 2025
spot_img
Homeਕੈਨੇਡਾਬੀਸੀ 'ਚ ਰੀ-ਓਪਨਿੰਗ ਦੇ ਦੂਜੇ ਪੜਾਅ ਅਧੀਨ ਕੁਝ ਹੋਰ ਛੋਟਾਂ ਦਾ ਐਲਾਨ

ਬੀਸੀ ‘ਚ ਰੀ-ਓਪਨਿੰਗ ਦੇ ਦੂਜੇ ਪੜਾਅ ਅਧੀਨ ਕੁਝ ਹੋਰ ਛੋਟਾਂ ਦਾ ਐਲਾਨ

ਸਰੀ/ਹਰਦਮ ਮਾਨ : ਬ੍ਰਿਟਿਸ਼ ਕੋਲੰਬੀਆ ਵਿੱਚ ਰੀ-ਓਪਨਿੰਗ ਦੇ ਦੂਜੇ ਪੜਾਅ ਅਧੀਨ ਕੋਵਿਡ-19 ਪਾਬੰਦੀਆਂ ਵਿਚ ਕੁਝ ਛੋਟਾਂ ਦੇ ਦਿੱਤੀਆਂ ਹਨ। ਇਨ੍ਹਾਂ ਛੋਟਾਂ ਤਹਿਤ ਹੁਣ ਬੀਸੀ ਵਿਚ ਯਾਤਰਾ ਸਬੰਧੀ ਲਾਈਆਂ ਸਾਰੀਆਂ ਪਾਬੰਦੀਆਂ ਖਤਮ ਕਰ ਦਿੱਤੀਆਂ ਗਈਆਂ ਹਨ ਅਤੇ ਆਊਟਡੋਰ ਇਕੱਠਾਂ ਵਿਚ 50 ਬੰਦੇ ਸ਼ਾਮਲ ਹੋ ਕੇ ਪਾਰਟੀਆਂ ਦਾ ਆਨੰਦ ਲੈ ਸਕਦੇ ਹਨ। ਇਹ ਐਲਾਨ ਬੀਸੀ ਦੇ ਪ੍ਰੀਮਿਅਰ ਜੌਨ ਹੌਰਗਨ ਅਤੇ ਪ੍ਰੋਵਿੰਸ਼ੀਅਲ ਹੈਲਥ ਅਫ਼ਸਰ ਡਾ. ਬੌਨੀ ਹੈਨਰੀ ਨੇ ਕੀਤਾ ਸੀ। ਜੌਨ ਹੌਰਗਨ ਅਤੇ ਡਾ. ਹੈਨਰੀ ਨੇ ਕਿਹਾ ਕਿ ਇੰਡੋਰ ਸੀਟਿਡ ਇਕੱਠਾਂ ਵਿਚ ਵੀ 50 ਬੰਦੇ ਸ਼ਾਮਲ ਹੋ ਸਕਣਗੇ, ਸਿਨੇਮਾ ਹਾਲ ਅਤੇ ਬੈਂਕੁਇਟ ਹਾਲ ਵਿਚ 50 ਵਿਅਕਤੀਆਂ ਦੀ ਸ਼ਮੂਲੀਅਤ ਵਾਲੇ ਪ੍ਰੋਗਰਾਮ ਕੀਤੇ ਜਾ ਸਕਣਗੇ। ਖੇਡ ਮੈਦਾਨਾਂ ਵਿਚ ਹੁਣ ਸੀਮਤ ਗਿਣਤੀ ਤੱਕ ਦਰਸ਼ਕ ਵੀ ਜਾ ਸਕਣਗੇ। ਬਾਰ ਅਤੇ ਪੱਬ ਵਿਚ ਹੁਣ ਸ਼ਰਾਬ ਦੇ ਸ਼ੌਕੀਨ ਰਾਤ ਦੇ 12 ਵਜੇ ਤੱਕ ਵਿਸਕੀ, ਬੀਅਰ ਦੀਆਂ ਚੁਸਕੀਆਂ ਲੈ ਸਕਣਗੇ। ਘਰਾਂ ਵਿਚ ਇਕ ਪਰਿਵਾਰ ਦੇ ਮੈਂਬਰ ਜਾਂ 5 ਮਹਿਮਾਨ ਹੀ ਜਾ ਸਕਣਗੇ। ਫਿਲਹਾਲ ਮਾਸਕ ਪਹਿਨਣ, ਆਪਸੀ ਦੂਰੀ ਰੱਖਣ ਅਤੇ ਹੋਰ ਸਿਹਤ ਸਬੰਧੀ ਨਿਰਦੇਸ਼ ਜਾਰੀ ਰਹਿਣਗੇ। ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਗੈਰ-ਜ਼ਰੂਰੀ ਯਾਤਰਾ ਤੋਂ ਗੁਰੇਜ਼ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਸ ਐਲਾਨ ਸਮੇਂ ਸਿਹਤ ਮੰਤਰੀ ਐਡਰੀਅਨ ਡਿਕਸ, ਨੌਕਰੀਆਂ, ਆਰਥਿਕ ਰਿਕਵਰੀ ਅਤੇ ਨਵੀਨਤਾ ਮੰਤਰੀ ਰਵੀ ਕਾਹਲੋਂ ਅਤੇ ਸੈਰ ਸਪਾਟਾ, ਕਲਾ, ਸਭਿਆਚਾਰ ਅਤੇ ਖੇਡ ਮੰਤਰੀ, ਮੇਲਾਨੀਆ ਮਾਰਕ ਵੀ ਮੌਜੂਦ ਸਨ।

RELATED ARTICLES
POPULAR POSTS