Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ ਵਿਚ ਕਾਵਿ,-ਪੁਸਤਕ ‘ਤਰਕ ਅਤਰਕ’ ਉਪਰ ਹੋਈ ਗੋਸ਼ਟੀ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਇਕੱਤਰਤਾ ਵਿਚ ਕਾਵਿ,-ਪੁਸਤਕ ‘ਤਰਕ ਅਤਰਕ’ ਉਪਰ ਹੋਈ ਗੋਸ਼ਟੀ

‘ਦੁਸ਼ਵਾਰੀਆਂ ਦੇ ਝਰੋਖੇ ‘ਚੋਂ’ ਕੀਤੀ ਗਈ ਲੋਕ-ਅਰਪਿਤ ਤੇ ਕਵੀ-ਦਰਬਾਰ ਵੀ ਹੋਇਆ
ਬਰੈਂਪਟਨ/ਡਾ. ਝੰਡ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਲੰਘੇ ਐਤਵਾਰ 21 ਅਪ੍ਰੈਲ ਨੂੰ ਮਾਸਿਕ ਇਕੱਤਰਤਾ ਵਿਚ ਕਰਨ ਅਜਾਇਬ ਸਿੰਘ ਸੰਘਾ ਦੀ ਕਾਵਿ-ਪੁਸਤਕ ‘ਤਰਕ ਅਤਰਕ’ ਉੱਪਰ ਗੋਸ਼ਟੀ ਕੀਤੀ ਗਈ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਸੰਘਾ ਸਾਹਿਬ ਤੋਂ ਇਲਾਵਾ ਬਰਲਿੰਘਟਨ ਤੋਂ ਆਏ ਕਵੀ ਪ੍ਰਗਟ ਸਿੰਘ ਬੱਗਾ, ਕੰਪਿਊਟਰ-ਧਨੰਤਰ ਕ੍ਰਿਪਾਲ ਸਿੰਘ ਪੰਨੂੰ ਤੇ ਹਰਜਸਪ੍ਰੀਤ ਗਿੱਲ ਤੋਂ ਇਲਾਵਾ ਦਰਸ਼ਨ ਸਿੰਘ ‘ਦਰਸ਼ਨ’ ਜਿਨ੍ਹਾਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਦੁਸ਼ਵਾਰੀਆਂ ਦੇ ਝਰੋਖੇ ‘ਚੋਂ’ ਇਸ ਸਮਾਗ਼ਮ ਵਿਚ ਲੋਕ-ਅਰਪਿਤ ਕੀਤੀ ਗਈ, ਵੀ ਸੁਸ਼ੋਭਿਤ ਸਨ।
ਪੁਸਤਕ ‘ਤਰਕ ਅਤਰਕ’ ਸਬੰਧੀ ਮੁੱਖ-ਪਰਚਾ ਹਰਜਸਪ੍ਰੀਤ ਕੌਰ ਗਿੱਲ ਦਾ ਸੀ ਜਿਨ੍ਹਾਂ ਨੇ ਆਪਣੀ ਗੱਲ ਪੁਸਤਕ ਵਿਚ ਡਾ. ਦੀਪਕ ਮਨਮੋਹਨ ਸਿੰਘ ਦੇ ਮੁੱਖ-ਬੰਦ ਵਿਚ ਲਿਖੇ ਮੁੱਢਲੇ ਸ਼ਬਦਾਂ ”ਅੱਜਕੱਲ੍ਹ ਪੰਜਾਬੀ ਵਿਚ ਕਵਿਤਾ ਥੋਕ ਦੇ ਭਾਅ ਲਿਖੀ ਜਾ ਰਹੀ ਹੈ” ਤੋਂ ਸ਼ੁਰੂ ਕੀਤੀ ਅਤੇ ਦੱਸਿਆ ਕਿ ਮਾੜੀ-ਮੋਟੀ ਤੁਕਬੰਦੀ ਸਿੱਖ ਲੈਣ ਵਾਲੇ ਕਿਵੇਂ ਆਪਣੇ ਆਪ ਨੂੰ ਕਵੀ ਸਮਝ ਬੈਠਦੇ ਹਨ। ਉਨ੍ਹਾਂ ਪੁਸਤਕ ਵਿੱਚੋਂ ਕਈ ਟੂਕਾਂ ਦਾ ਹਵਾਲਾ ਦੇ ਕੇ ਸੰਘਾ ਸਾਹਿਬ ਦੀ ਕਵਿਤਾ ਵਿਚ ਧਰਮ, ਫ਼ਿਲਾਸਫ਼ੀ, ਸਿਆਸਤ, ਅਧਿਆਤਮਵਾਦ ਤੇ ਫ਼ੈਲੇ ਭ੍ਰਿਸ਼ਟਾਚਾਰ ਦੀ ਗੱਲ ਬਾਖ਼ੂਬੀ ਕੀਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਕਹਿਣਾ ਸੀ ਕਿ ਸੰਘਾ ਸਾਹਿਬ ਦੀ ਕਵਿਤਾ ਕਈ ਥਾਈਂ ਨਿੱਜਮਈ ਅਤੇ ਉਪਦੇਸ਼ਮਈ ਹੋ ਜਾਂਦੀ ਹੈ।
ਬਹਿਸ ਦੀ ਸ਼ੁਰੂਆਤ ਕਰਦਿਆਂ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਕਵਿਤਾ ਲਿਖਦਿਆਂ ਕਵੀ ਦੇ ਮਨ ਵਿਚ ‘ਨਿੱਜ’ ਤੇ ‘ਪਰ’ ਦਾ ਅੰਤਰ ਬਹੁਤ ਥੋੜ੍ਹਾ ਰਹਿ ਜਾਂਦਾ ਹੈ ਅਤੇ ਉਸ ਦੀ ਹੱਡਬੀਤੀ ਦੇ ਨਾਲ਼ ਨਾਲ਼ ਜੱਗਬੀਤੀ ਵੀ ਕਵਿਤਾ ਦਾ ਅਹਿਮ ਹਿੱਸਾ ਬਣਦੀ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਵਿਤਾ ਵਿਚ ਇਲਮ ਤੇ ਅਮਲ ਦਾ ਸੁਮੇਲ ਹੋਣਾ ਚਾਹੀਦਾ ਹੈ। ਇਸ ਮੌਕੇ ਪ੍ਰੋ. ਰਾਮ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕਿਹਾ ਕਿ ਧਰਮ ਤੇ ਜੀਵਨ ਇਕ ਦੂਸਰੇ ਦੇ ਪਿੱਛਲੱਗ ਹਨ ਅਤੇ ਧਰਮ ਦੇ ਅਰਥ ਮਨੁੱਖ ਦੀ ਸੋਚ ਤੇ ਸਮਝ ਅਨੁਸਾਰ ਸਮੇਂ-ਸਮੇਂ ਬਦਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਲੇਖਕ ਨੂੰ ਆਪਣੇ ਲਿਖੇ ਹੋਏ ਸ਼ਬਦਾਂ ਨੂੰ ਪਾਠਕ ਦੀ ਨਜ਼ਰ ਨਾਲ ਵੇਖਣਾ ਚਾਹੀਦਾ ਹੈ ਤੇ ਉਨ੍ਹਾਂ ‘ਤੇ ਪਹਿਰਾ ਵੀ ਦੇਣਾ ਚਾਹੀਦਾ ਹੈ। ਡਾ. ਸੁਖਦੇਵ ਸਿੰਘ ਝੰਡ ਨੇ ਪੁਸਤਕ ਵਿਚਲੀ ਅਹਿਮ ਕਵਿਤਾ ‘ਤਰਕ ਹੈ’ ਨੂੰ ਆਧਾਰ ਬਣਾਉਂਦਿਆਂ ਹੋਇਆਂ ਆਪਣੇ ਵਿਚਾਰ ਪੇਸ਼ ਕੀਤੇ ਤੇ ਕਵੀ ਸੰਘਾ ਹੁਰਾਂ ਵੱਲੋਂ ਇਸ ਵਿਚ ਵਰਤੇ ਗਏ ਸ਼ਬਦਾਂ ‘ਤਰਕ’, ‘ਅਤਰਕ’, ‘ਵਿਤਰਕ’ ਤੇ ‘ਕੁਤਰਕ’ ਦੀ ਸਪੱਸ਼ਟਤਾ ਦੀ ਮੰਗ ਕੀਤੀ, ਜਦਕਿ ਬਲਰਾਜ ਚੀਮਾ ਨੇ ਕਵਿਤਾ ਲਿਖਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਹੋਇਆ ਸੰਘਾ ਜੀ ਨੂੰ ਸੁਆਲ ਕੀਤਾ ਕਿ ਉਹ ਕਿਹੜੀ ਸ਼ਕਤੀ ਹੈ ਜੋ ਉਨ੍ਹਾਂ ਕੋਲੋਂ ਕਵਿਤਾ ਲਿਖਵਾਉਂਦੀ ਹੈ। ਇਨ੍ਹਾਂ ਤੋਂ ਇਲਾਵਾ ਗੁਰਦੇਵ ਚੌਹਾਨ ਤੇ ਅਮਰਜੀਤ ਪੰਛੀ ਨੇ ਵੀ ਇਸ ਬਹਿਸ ਵਿਚ ਸਰਗ਼ਰਮ ਹਿੱਸਾ ਲਿਆ। ਬਹਿਸ ਵਿਚ ਉਠਾਏ ਗਏ ਨੁਕਤਿਆ ‘ਤੇ ਸੁਆਲਾਂ ਦੇ ਜੁਆਬ ਕਰਨ ਅਜਾਇਬ ਸੰਘਾ ਵੱਲੋਂ ਤਸੱਲੀਪੂਰਵਕ ਦਿੱਤੇ ਗਏ।
ਉਪਰੰਤ, ਸਭਾ ਦੇ ਸਰਗ਼ਰਮ ਮੈਂਬਰ ਦਰਸ਼ਨ ਸਿੰਘ ‘ਦਰਸ਼ਨ’ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਦੁਸਵਾਰੀਆਂ ਦੇ ਝਰੋਖੇ ‘ਚੋਂ’ ਲੋਕ-ਅਰਪਿਤ ਕੀਤੀ ਗਈ। ਡਾ. ਸੁਖਦੇਵ ਸਿੰਘ ਝੰਡ ਨੇ ਇਸ ਪੁਸਤਕ ਸਬੰਧੀ ਮੁੱਢਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੁਸਤਕ ਵਿਚ ਦਰਜ ਵੱਖ-ਵੱਖ ਵਿਸ਼ਿਆਂ ‘ਤੇ ਲਿਖੇ ਗਏ 64 ਕਹਾਣੀ-ਨੁਮਾ ਨਿਬੰਧ ਪੰਜਾਬ ਤੇ ਕੈਨੇਡਾ ਵਿਚਲੀਆਂ ਲੋਕਾਂ ਵੱਲੋਂ ਸਹੀਆਂ ਜਾ ਰਹੀਆਂ ਦੁਸ਼ਵਾਰੀਆਂ ਨੂੰ ਭਲੀ-ਭਾਂਤ ਦਰਸਾਉਂਦੇ ਹਨ। ਸਮਾਗ਼ਮ ਦੇ ਇਸ ਭਾਗ ਦਾ ਸੰਚਾਲਨ ਤਲਵਿੰਦਰ ਮੰਡ ਵੱਲੋਂ ਬਾਖ਼ੂਬੀ ਨਿਭਾਇਆ ਗਿਆ।
ਸਮਾਗ਼ਮ ਦੇ ਦੂਸਰੇ ਭਾਗ ਨੂੰ ਅੱਗੇ ਵਧਾਉਦਿਆਂ ਪਰਮਜੀਤ ਢਿੱਲੋਂ ਨੇ ਹਾਜ਼ਰ ਕਵੀਆਂ, ਕਵਿੱਤਰੀਆਂ ਤੇ ਗਾਇਕਾਂ ਨੂੰ ਵਾਰੋ-ਵਾਰੀ ਮੰਚ ‘ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਵਿਚ ਇਕਬਾਲ ਬਰਾੜ, ਮੀਤਾ ਖੰਨਾ, ਡਾ. ਕੁਲਦੀਪ ਸਿੰਘ ਭਾਟੀਆ, ਰਿੰਕੂ ਭਾਟੀਆ, ਅਮਰਜੀਤ ਪੰਛੀ, ਹਰਭਜਨ ਕੌਰ ਗਿੱਲ, ਨਵਦੀਪ ਕੌਰ ਗਿੱਲ, ਸੁਰਜੀਤ ਕੌਰ, ਗੁਰੰਜਲ ਕੌਰ, ਜਸਵੰਤ ਕੌਰ, ਅਵਤਾਰ ਸਿੰਘ ਅਰਸ਼ੀ, ਡਾ.ਅਰੁਣਜੀਤ ਟਿਵਾਣਾ, ਮਕਸੂਦ ਚੌਧਰੀ, ਪ੍ਰਗਟ ਸਿੰਘ ਬੱਗਾ, ਕਰਨ ਅਜਾਇਬ ਸੰਘਾ, ਹਰਦਿਆਲ ਝੀਤਾ, ਜਰਨੈਲ ਸਿੰਘ ਮੱਲ੍ਹੀ, ਸੁਰਿੰਦਰ ਸ਼ਰਮਾ, ਤਲਵਿੰਦਰ ਮੰਡ ਤੇ ਕਈ ਹੋਰ ਸ਼ਾਮਲ ਸਨ। ਪਟਿਆਲਾ ਤੋਂ ਪਿਛਲੇ ਦਿਨੀਂ ਇੱਥੇ ਆਏ ਡਾ. ਅਰੁਣਜੀਤ ਟਿਵਾਣਾ ਦੀਆਂ ਕਵਿਤਾਵਾਂ ‘ਮੈਂ ਮੈਂ ਹਾਂ’ ਤੇ ‘ਮੈਂ ਭੀੜ ਹਾਂ’ ਨੇ ਸਰੋਤਿਆਂ ਦੀ ਖੂਬ ਵਾਹ-ਵਾਹ ਖੱਟੀ।
ਇਸ ਕਵੀ-ਦਰਬਾਰ ਦਾ ਇਹ ਵਿਸ਼ੇਸ਼ ਹਾਸਲ ਰਿਹਾ ਕਿ ਇਸ ਦੇ ਪ੍ਰਧਾਨਗੀ-ਮੰਡਲ ਵਿਚ ਸ਼ਾਮਲ ਹਰਭਜਨ ਕੌਰ ਗਿੱਲ, ਸੁਰਜੀਤ ਕੌਰ, ਪੁਸ਼ਪਿੰਦਰ ਜੋਸਣ, ਜਸਵੰਤ ਕੌਰ ਤੇ ਕੈਲਾਸ਼ ਮਹੰਤ ਸਮੇਤ ਸਾਰੀਆਂ ਬੀਬੀਆਂ ਹੀ ਸਨ ਅਤੇ ਇਸ ਵਿਚ ਕਵਿੱਤਰੀਆਂ ਦੀ ਗਿਣਤੀ ਵੀ ਕਵੀਆਂ ਨਾਲੋਂ ਵਧੇਰੇ ਸੀ। ਸਮਾਗ਼ਮ ਵਿਚ ਸਮਾਜ-ਸੇਵੀ, ਦਲਜੀਤ ਸਿੰਘ ਗੈਦੂ, ਕਈ ਵਾਰ ਖ਼ੂਨਦਾਨ ਕਰ ਚੁੱਕੀ ਜੋੜੀ ਬਲਵੰਤ ਸਿੰਘ ਤੇ ਜਸਵੰਤ ਕੌਰ, ਡਾ. ਜਗਮੋਹਨ ਸੰਘਾ, ਹਰਪਾਲ ਸਿੰਘ ਭਾਟੀਆ, ਜਸਵਿੰਦਰ ਸਿੰਘ, ਰਮਿੰਦਰ ਵਾਲੀਆ ਤੇ ਕਈ ਹੋਰਨਾਂ ਨੇ ਭਰਪੂਰ ਸ਼ਿਰਕਤ ਕੀਤੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …