3.6 C
Toronto
Friday, November 14, 2025
spot_img
Homeਕੈਨੇਡਾਬਰੈਂਪਟਨ ਸਿਟੀ ਹਾਲ 'ਚ ਡਾਇਬਟੀਜ਼ ਅਵੇਅਰਨੈੱਸ ਲਈ ਝੰਡਾ ਲਹਿਰਾਇਆ

ਬਰੈਂਪਟਨ ਸਿਟੀ ਹਾਲ ‘ਚ ਡਾਇਬਟੀਜ਼ ਅਵੇਅਰਨੈੱਸ ਲਈ ਝੰਡਾ ਲਹਿਰਾਇਆ

ਐੱਮ.ਪੀ. ਸੋਨੀਆ ਸਿੱਧੂ ਨੇ ਪੰਜਵੇਂ ਸਲਾਨਾ ਡਾਇਬਟੀਜ਼ ਦਿਵਸ ਦੀ ਰਸਮ ਦੀ ਕੀਤੀ ਅਗਵਾਈ
ਬਰੈਂਪਟਨ/ਬਿਊਰੋ ਨਿਊਜ਼ : ਸੰਸਾਰ-ਭਰ ਵਿੱਚ ‘ਵਿਸ਼ਵ ਡਾਇਬਟੀਜ਼ ਦਿਵਸ’ ਅਤੇ ‘ਡਾਇਬਟੀਜ਼ ਜਾਗਰੂਕਤਾ ਮਹੀਨਾ’ ਮਨਾਉਣ ਦੇ ਸਬੰਧ ਵਿੱਚ ਲੰਘੇ ਐਤਵਾਰ 9 ਨਵੰਬਰ ਨੂੰ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਬਰੈਂਪਟਨ ਸਿਟੀ ਹਾਲ ਵਿੱਚ ਪੰਜਵਾਂ ਸਲਾਨਾ ਡਾਇਬਟੀਜ਼ ਦਿਵਸ ਮਨਾਉਣ ਲਈ ਝੰਡਾ ਝੁਲਾਉਣ ਦੀ ਰਸਮ ਦੀ ਅਗਵਾਈ ਕੀਤੀ ਗਈ।
ਝੰਡਾ ਝੁਲਾਉਣ ਦੀ ਇਸ ਰਸਮ ਵਿੱਚ ਫ਼ੈੱਡਰਲ, ਮਿਊਂਸੀਪਲ ਅਤੇ ਕਮਿਊਨਿਟੀ ਦੇ ਲੀਡਰਾਂ, ਸਥਾਨਕ ਸੰਸਥਾਵਾਂ ਤੇ ਬਰੈਂਪਟਨ-ਵਾਸੀਆਂ ਨੇ ਸਮੂਹਿਕ ਤੌਰ ‘ਤੇ ਹਿੱਸਾ ਲਿਆ ਅਤੇ ਉਹ ਡਾਇਬਟੀਜ਼ ਦੇ ਪ੍ਰਹੇਜ਼, ਇਸ ਤੋਂ ਬਚਾਅ ਦੇ ਪ੍ਰਬੰਧਾਂ ਅਤੇ ਇਸ ਦੀ ਹੋ ਰਹੀ ਨਵੀਂ ਖੋਜ ਸਬੰਧੀ ਜਾਗਰੂਕ ਹੋਏ। ਵਿਸ਼ਵ ਪੱਧਰ ‘ਤੇ ਡਾਇਬਟੀਜ਼ ਸਬੰਧੀ ਜਾਗਰੂਕਤਾ ਨੂੰ ਦਰਸਾਉਂਦਾ ਹੋਇਆ ਨੀਲੇ ਚੱਕਰ ਵਾਲਾ ਇਹ ਝੰਡਾ ਡਾਇਬਟੀਜ਼ ਨਾਲ ਜੂਝ ਰਹੇ ਲੱਖਾਂ ਮਰੀਜ਼ਾਂ ਦੇ ਨਾਲ ਕੈਨੇਡਾ-ਵਾਸੀਆਂ ਦੀ ਇੱਕਜੁਟਤਾ ਨੂੰ ਪ੍ਰਗਟ ਕਰਦਾ ਹੈ।
ਡਾਇਬਟੀਜ਼ ਵਿਰੁੱਧ ਲੜਾਈ ਵਿੱਚ ਐੱਮ.ਪੀ.ਸੋਨੀਆ ਸਿੱਧੂ ਕੌਮੀ ਪੱਧਰ ‘ਤੇ ਮੋਹਰੀ ਲੀਡਰ ਰਹੇ ਹਨ। ਉਨ੍ਹਾਂ ਵੱਲੋਂ ਲਿਆਂਦਾ ਗਿਆ ‘ਬਿੱਲ ਸੀ-237: ਐਨ ਐਕਟ ਟੂ ਐੱਸਟੈਬਲਿਸ਼ ਏ ਨੈਸ਼ਨਲ ਫ਼ਰੇਮਵਰਕ ਫ਼ਾਰ ਡਾਇਬਟੀਜ਼’ 2021 ਵਿੱਚ ਕਾਨੂੰਨ ਬਣ ਗਿਆ ਅਤੇ ਇਸ ਦੇ ਨਾਲ ਕੈਨੇਡਾ ਵਿੱਚ ਸੱਭ ਤੋਂ ਪਹਿਲੇ ‘ਨੈਸ਼ਨਲ ਡਾਇਬਟੀਜ਼ ਫ਼ਰੇਮਵਰਕ’ ਦੀ ਨੀਂਹ ਰੱਖੀ ਗਈ। ਸਿਹਤ ਦੇ ਮਾਮਲੇ ਵਿੱਚ ‘ਮੀਲ-ਪੱਥਰ’ ਸਮਝੇ ਗਏ ਇਸ ਉਪਰਾਲੇ ਨੇ ‘ਫ਼ੈੱਡਰਲ ਹੈੱਲਥ ਪਾਲਿਸੀ’ ਦੀ ਰੂਪ-ਰੇਖਾ ਤਿਆਰ ਕੀਤੀ ਅਤੇ ‘ਨੈਸ਼ਨਲ ਹੈੱਲਥਕੇਅਰ’ ਬਨਾਉਣ ਲਈ ਰਾਹ ਪੱਧਰਾ ਕੀਤਾ ਜੋ ਡਾਇਬਟੀਜ਼ ਦੇ ਸਾਰੇ ਮਰੀਜਾਂ ਲਈ ਲੋੜੀਂਦੀਆਂ ਜ਼ਰੂਰੀ ਦਵਾਈਆਂ ਮੁਫ਼ਤ ਅਤੇ ਇਨ੍ਹਾਂ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਂਦਾ ਹੈ। ਇਨ੍ਹਾਂ ਉਪਰਾਲਿਆਂ ਨਾਲ ਫ਼ੈੱਡਰਲ ਸਰਕਾਰ ਆਪਣੇ ਸੂਬਿਆਂ, ਟੈਰੀਟਰੀਆਂ ਤੇ ਹੋਰ ਭਾਈਵਾਲਾਂ ਦੇ ਨਾਲ ਮਿਲ਼ ਕੇ ਕੈਨੇਡਾ-ਵਾਸੀਆਂ ਦੇ ਸਿਹਤਮੰਦ ਜੀਵਨ, ਸਿਹਤ ਸੁਰੱਖਿਆ ਲਈ ਉਨ੍ਹਾਂ ਦੀ ਆਸਾਨ ਪਹੁੰਚ ਅਤੇ ਡਾਇਬਟੀਜ਼ ਲਈ ਚੱਲ ਰਹੀ ਨਵੀਂ ਖੋਜ ਦੀ ਸਹਾਇਤਾ ਲਈ ਲਗਾਤਾਰ ਕੰਮ ਕਰ ਰਹੀ ਹੈ।
ਇਸਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਐੱਮ.ਪੀ. ਸੋਨੀਆ ਸਿੱਧੂ ਨੇ ਕਿਹਾ, ”ਵਰਲਡ ਡਾਇਬਟੀਜ਼ ਡੇਅ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਕੱਠੇ ਹੋ ਕੇ ਅਸੀਂ ਡਾਇਬਟੀਜ਼ ਤੋਂ ਪ੍ਰਭਾਵਿਤ ਲੱਖਾਂ ਕੈਨੇਡਾ-ਵਾਸੀਆਂ ਦੇ ਨਾਲ ਦ੍ਰਿੜ੍ਹਤਾ ਨਾਲ ਖੜੇ ਹਾਂ। ਬਰੈਂਪਟਨ ਵਿੱਚ ਜਦੋਂ ਅਸੀਂ ਨੀਲੇ ਚੱਕਰ ਵਾਲਾ ਡਾਇਬਟੀਜ਼ ਵਾਲਾ ਝੰਡਾ ਝੁਲਾਉਂਦੇ ਹਾਂ ਤਾਂ ਅਸੀਂ ਇਸ ਸਬੰਧੀ ਜਾਗਰੂਕਤਾ, ਨਵੀਂ ਆਸ ਅਤੇ ਸਾਰਿਆਂ ਲਈ ਸੁਰੱਖ਼ਿਅਤ ਭਵਿੱਖ ਲਈ ਵਚਨਬੱਧਤਾ ਨੂੰ ਦਰਸਾਉਂਦੇ ਹਾਂ।” ਇੱਥੇ ਇਹ ਦੱਸਣਾ ਬਣਦਾ ਹੈ ਕਿ ਸਾਰੀ ਦੁਨੀਆ ਵਿੱਚ ‘ਵਿਸ਼ਵ ਡਾਇਬਟੀਜ਼ ਦਿਵਸ’ ਹਰ ਸਾਲ 14 ਨਵੰਬਰ ਨੂੰ ਮਨਾਇਆ ਜਾਂਦਾ ਹੈ ਜੋ ਡਾਇਬਟੀਜ਼ ਲਈ ਦਵਾਈ ‘ਇਨਸੂਲੀਨ’ ਦੀ ਖੋਜ ਕਰਨ ਵਾਲੇ ਕੈਨੇਡਾ ਦੇ ਸਾਂਝੇ ਖੋਜੀ ਬੈਂਜਾਮਿਨ ਫ਼ਰੈਂਕਲਿਨ ਦਾ ਜਨਮ-ਦਿਨ ਹੈ।

 

RELATED ARTICLES
POPULAR POSTS