ਪੰਜਾਬੀ ਸੰਗੀਤ, ਪੰਜਾਬੀ ਖਾਣੇ ਅਤੇ ਮਿਸ ਪੰਜਾਬਣ ਲਈ ਰਹੇ ਪਹਿਲੇ ਨੰਬਰ ‘ਤੇ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਬਰੈਂਪਟਨ ਸਿਟੀ ਦੇ ਅਧੀਨ ਕੰਮ ਕਰਦੀ ਬਹੁ-ਸੱਭਿਆਚਾਰਕ ਗਤੀਵਿਧੀਆਂ ਨੂੰ ਪ੍ਰਮੋਟ ਕਰਨ ਵਾਲੀ ਬਰੈਂਪਟਨ ਦੀ ਸੰਸਥਾ ਕੈਰਾਬ੍ਰਹਮ ਵੱਲੋਂ, ਬਰੈਂਪਟਨ ਸਿਟੀ ਵੱਲੋਂ ਕਰਵਾਏ ਜਾਂਦੇ ਤਿੰਨ ਦਿਨਾਂ ਸਲਾਨਾ ਬਹੁ-ਸੱਭਿਆਚਾਰਕ ਮੇਲੇ ਕੈਰਾਬ੍ਰਹਮ ਵਿੱਚ ਹਿੱਸਾ ਲੈਣ ਵਾਲੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਉਹਨਾਂ ਸੱਭਿਆਚਾਰਕ ਗਰੁੱਪਾਂ ਨੂੰ ਸਨਮਾਨਿਤ ਕਰਨ ਲਈ ਇੱਕ ਐਵਾਰਡ ਵਿਨਰ ਡਿਨਰ ਬਰੈਂਪਟਨ ਦੇ ਲਾਇਨਜ਼ ਕਲੱਬ ਵਿੱਚ ਰੱਖਿਆ ਗਿਆ। ਜਿਸ ਵਿੱਚ ਕੈਰਾਬ੍ਰਹਮ ਮੇਲੇ ‘ਤੇ਼ ਬਾਜ਼ ਅੱਖ ਰੱਖਣ ਅਤੇ ਸਾਰੇ ਮੇਲੇ ਦਾ ਨਿਰੀਖਣ ਕਰਨ ਵਾਲੀ ਟੀਮ ਵੱਲੋਂ ਕੀਤੇ ਨਿਰਣੇ ਅਨੁਸਾਰ ਮੇਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਦੇਸ਼ਾਂ ਦੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ‘ਤੇ਼ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਪ੍ਰਿਤਪਾਲ ਸਿੰਘ ਚੱਗਰ ਦੀ ਅਗਵਾਈ ਹੇਠ ਪੰਜਾਬੀ ਸੱਭਿਆਚਾਰ, ਪੰਜਾਬੀ ਖਾਣੇ, ਪੰਜਾਬੀ ਪਹਿਰਾਵੇ, ਪੰਜਾਬੀ ਵਿਰਸੇ, ਪੰਜਾਬੀ ਗੀਤ-ਸੰਗੀਤ ਦੀ ਸੁਚੱਜੀ ਅਤੇ ਮਨਮੋਹਕ ਪੇਸ਼ਕਾਰੀ ਕਰਕੇ ਪੰਜਾਬ ਪਵੇਲੀਅਨ ਨੇ ਪੰਜਾਬੀ ਸੱਭਿਆਚਾਰ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਜਿੱਥੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਕੈਨੇਡਾ ਭਰ ਵਿੱਚ ਉੱਚਾ ਕੀਤਾ ਉੱਥੇ ਹੀ ਪੰਜਾਬ ਪਵੇਲੀਅਨ ਦੀ ਟੀਮ ਦਾ ਅੱਗੇ ਤੋਂ ਹੋਰ ਵੀ ਵਧੀਆ ਸਮਾਗਮ ਕਰਨ ਲਈ ਮਨੋਬਲ ਵੀ ਵਧਿਆ।
ਦੱਸਣਯੋਗ ਹੈ ਕਿ ਪ੍ਰਿਤਪਾਲ ਸਿੰਘ ਚੱਗਰ ਦੀ ਅਗਵਾਈ ਹੇਠ ਮੇਜਰ ਸਿੰਘ ਨਾਗਰਾ, ਅਹਿਸਾਨ ਖੰਡੇਕਰ, ਹਰੀਦੇਵ ਕਾਂਡਾ, ਹਰਪ੍ਰੀਤ ਸਿੰਘ ਬੰਗਾ, ਡਾ. ਅਮਰਦੀਪ ਸਿੰਘ ਬਿੰਦਰਾ, ਚਮਕੌਰ ਸਿੰਘ, ਪ੍ਰੋ. ਜੰਗੀਰ ਸਿੰਘ ਕਾਹਲੋਂ, ਸੁਰਜੀਤ ਕੌਰ ਆਦਿ ਨੇ ਪਿਛਲੇ ਕਈ ਹਫਤਿਆਂ ਦੀ ਮਿਹਨਤ ਨਾਲ ਪੰਜਾਬ ਪਵੇਲੀਅਨ ਨੂੰ ਦਿਲਕਸ਼ ਮੁਕਾਬਲਿਆਂ ਲਈ ਤਿਆਰ ਕੀਤਾ ਅਤੇ ਪੰਜਾਬ ਦੇ ਗੀਤ-ਸੰਗੀਤ ਨੇ ਸਾਰਿਆਂ ਨੂੰ ਝੂਮਣ ਹੀ ਲਾ ਦਿੱਤਾ। ਇਸ ਸਮਾਗਮ ਵਿੱਚ ਕੈਰੀਬੀਅਨ, ਸਪੇਨ, ਚਾਈਨਾ, ਇੰਡੀਆ, ਪੰਜਾਬ, ਨੇਪਾਲ, ਫਿਲੀਪੀਨ,ਆਇਰਲੈਂਡ, ਇੰਗਲੈਂਡ, ਈਲਮ, ਸਕਾਟਲੈਂਡ, ਪੀਰੂ ਅਤੇ ਕੈਨੇਡਾ ਆਦਿ ਦੇਸ਼ਾਂ ਦੇ ਕਲਾਕਾਰਾਂ ਵੱਲੋਂ ਆਪੋ-ਆਪਣੇ ਦੇਸ਼ ਦੇ ਸੱਭਿਆਚਾਰਾਂ ਦੀ ਪੇਸ਼ਕਾਰੀ ਇਸ ਸਮਾਗਮ ਦੌਰਾਨ ਕੀਤੀ ਗਈ। ਪਰ ਹਰ ਪਾਸੇ ਪੰਜਾਬ ਦੀ ਝੰਡੀ ਰਹੀ, ਜਿਸਨੇ ਪੰਜਾਬੀ ਸੰਗੀਤ, ਪੰਜਾਬੀ ਖਾਣੇ ਅਤੇ ਮਿਸ ਪੰਜਾਬਣ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਬੱਲੇ-ਬੱਲੇ ਕਰਵਾਈ।