Breaking News
Home / ਕੈਨੇਡਾ / ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਦੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਵਿਚ ਸ਼ਮੂਲੀਅਤ ਬਾਰੇ ਭਰਪੂਰ ਹੁੰਗਾਰਾ

ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਦੇ ਵਿਦਿਆਰਥੀਆਂ ਦੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਵਿਚ ਸ਼ਮੂਲੀਅਤ ਬਾਰੇ ਭਰਪੂਰ ਹੁੰਗਾਰਾ

ਬਰੈਂਪਟਨ/ਡਾ. ਝੰਡ : ਗੁਰੂ ਤੇਗ਼ ਬਹਾਦਰ ਇੰਟਰਨੈਸ਼ਨਲ ਸਕੂਲ ਬਰੈਂਪਟਨ ਅਤੇ ਇਸੇ ਹੀ ਮੈਨੇਜਮੈਂਟ ਦੇ ਦੂਸਰੇ ਨਵੇਂ ਸਕੂਲ ਫ਼ਰੈੱਡਰਿਕ ਬੈਂਟਿੰਗ ਇੰਟਰਨੈਸ਼ਨਲ (ਐੱਫ਼.ਬੀ.ਆਈ.) ਸਕੂਲ 21, ਕੋਵੈਂਟਰੀ ਰੋਡ ਦੇ ਵਿਦਿਆਰਥੀ 20 ਮਈ ਨੂੰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੀ ਅਗਵਾਈ ਅਤੇ ਪ੍ਰਬੰਧ ਹੇਠ ਹੋਣ ਵਾਲੀ ‘ਛੇਵੀਂ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਡੀ ਗਿਣਤੀ ਵਿਚ ਪੂਰੇ ਉਤਸ਼ਾਹ ਨਾਲ ਭਾਗ ਲੈਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰੂ ਤੇਗ਼ ਬਹਾਦਰ ਸਕੂਲ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਸੰਜੀਵ ਧਵਨ ਨੇ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਅਤੇ ਟੀ.ਪੀ.ਏ.ਆਰ. ਦੇ ਨੁਮਾਇੰਦਿਆਂ ਨਾਲ ਲੰਘੇ ਸ਼ੁੱਕਰਵਾਰ ਨੂੰ ਹੋਈ ਮੀਟਿੰਗ ਦੌਰਾਨ ਦੱਸਿਆ ਕਿ ਉਨ੍ਹਾਂ ਦੇ ਦੋਹਾਂ ਸਕੂਲਾਂ ਦੇ ਬੱਚੇ ਵੱਧ ਤੋਂ ਵੱਧ ਗਿਣਤੀ ਵਿਚ ਕਮਿਊਨਿਟੀ ਦੇ ਇਸ ਮਹਾਨ ਈਵੈਂਟ ਵਿਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਉਹ ਇਸ ਦੇ ਬਾਰੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਇਸ ਮਹੀਨੇ ਦੌਰਾਨ ਸੰਪਰਕ ਕਰਨਗੇ ਅਤੇ ਉਨ੍ਹਾਂ ਕੋਲੋਂ ਲੋੜੀਂਦੀ ਆਗਿਆ ਪ੍ਰਾਪਤ ਕਰਨ ਉਪਰੰਤ ਚਾਹਵਾਨ ਵਿਦਿਆਰਥੀਆਂ ਦੇ ਰਜਿਸਟ੍ਰੇਸ਼ਨ ਫ਼ਾਰਮ ਭਰਾਉਣ ਤੋਂ ਬਾਅਦ ਉਹ ਇਸ ਦੌੜ ਵਿਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਸਹੀ ਗਿਣਤੀ ਬਾਰੇ ਦੱਸ ਸਕਣਗੇ ਪਰ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਹ ਗਿਣਤੀ ਵੱਧ ਤੋਂ ਵੱਧ ਹੋਵੇਗੀ।
ਲੱਗਭੱਗ ਅੱਧਾ ਘੰਟਾ ਚੱਲੀ ਇਸ ਮੀਟਿੰਗ ਵਿਚ ਵੱਖ-ਵੱਖ ਦੂਰੀ ਵਾਲੀਆਂ ਮੈਰਾਥਨ, ਹਾਫ਼ ਮੈਰਾਥਨ, 12 ਕਿਲੋ ਮੀਟਰ, 5 ਕਿਲੋ ਮੀਟਰ ਦੌੜਾਂ ਤੇ ਛੇ ਸਾਲ ਤੱਕ ਦੇ ਬੱਚਿਆਂ ਦੀ ਇਕ ਕਿਲੋਮੀਟਰ ਦੌੜ ਅਤੇ ਇਨ੍ਹਾਂ ਦੇ ਲਈ ਕੀਤੇ ਜਾ ਰਹੇ ਲੋੜੀਂਦੇ ਪ੍ਰਬੰਧਾਂ ਸਬੰਧੀ ਵਿਸਥਾਰ ਸਹਿਤ ਵਿਚਾਰ-ਵਟਾਂਦਰਾ ਹੋਇਆ। ਪ੍ਰਿੰਸੀਪਲ ਸਾਹਿਬ ਵੱਲੋਂ ਇਸ ਸਬੰਧੀ ਪੁੱਛੇ ਗਏ ਕਈ ਸੁਆਲਾਂ ਦੇ ਜੁਆਬ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਦੇ ਮੁੱਖ-ਸੰਚਾਲਕ ਪਰਮਜੀਤ ਸਿੰਘ ਅਤੇ ਉਨ੍ਹਾਂ ਸਾਥੀਆਂ ਵੱਲੋਂ ਤਸੱਲੀ-ਪੂਰਵਕ ਦਿੱਤੇ ਗਏ। ਮੀਟਿੰਗ ਵਿਚ ਪਰਮਜੀਤ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਸਹਿਯੋਗੀ ਮੈਂਬਰ ਦਲਜੀਤ ਸਿੰਘ ਗਿੱਲ, ਟੀ.ਪੀ.ਏ.ਆਰ. ਕਲੱਬ ਦੇ ਸਕੱਤਰ ਡਾ. ਜੈ ਪਾਲ ਸਿੱਧੂ, ਡਾਇਰੈਕਟਰ ਜਸਵੀਰ ਸਿੰਘ ਪਾਸੀ ਤੇ ਸਰਗ਼ਰਮ ਮੈਂਬਰ ਜਸਵਿੰਦਰ (ਉਰਫ਼ ਕਾਕਾ) ਲੇਲਣਾ ਅਤੇ ਪੰਜਾਬੀ ਮੀਡੀਆ ਵੱਲੋਂ ਮਲੂਕ ਸਿੰਘ ਕਾਹਲੋਂ ਤੇ ਸੁਖਦੇਵ ਸਿੰਘ ਝੰਡ ਸ਼ਾਮਲ ਹੋਏ। ਇੱਥੇ ਇਹ ਜ਼ਿਕਰਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਅਤੇ ਟੀ.ਪੀ.ਏ.ਆਰ. ਕਲੱਬ ਵੱਲੋਂ ਮਿਲ ਕੇ ਇਸ ਮਹਾਨ ਮੈਰਾਥਨ ਈਵੈਂਟ ਵਿਚ ਸਕੂਲੀ ਵਿਦਿਆਰਥੀਆਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਸਿਲਸਿਲੇ ਵਿਚ ਇਸ ਸਕੂਲ ਨਾਲ ਇਹ ਪਲੇਠੀ-ਮੀਟਿੰਗ ਸੀ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਵੀ ਅਜਿਹੀਆਂ ਮੀਟਿੰਗਾਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ।
ਇਹ ਵਰਨਣਯੋਗ ਹੈ ਕਿ ਵੱਖ-ਵੱਖ ਦੌੜਾਂ ਲਈ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਵੱਲੋਂ ਆਨ-ਲਾਈਨ ਰਜਿਸਟ੍ਰੇਸ਼ਨ ਚੱਲ ਰਹੀ ਹੈ ਅਤੇ ਚਾਹਵਾਨ ਦੌੜਾਕਾਂ ਵੱਲੋਂ 15 ਮਾਰਚ ਤੱਕ ‘ਅਰਲੀ ਬਰਡ ਡਿਸਕਾਊਂਟ’ ਦਾ ਲਾਭ ਉਠਾਇਆ ਜਾ ਸਕਦਾ ਹੈ। ਇਸ ਦੇ ਲਈ www.ggscf.com ‘ਤੇ ਜਾ ਕੇ ਲੋੜੀਂਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਰਜਿਸਟ੍ਰੇਸ਼ਨ ਟੀ.ਪੀ.ਏ.ਆਰ. ਰਾਹੀਂ ਵੀ ਕਰਵਾਈ ਜਾ ਸਕਦੀ ਹੈ। ਇਸ ਸਬੰਧੀ 416-275-9337, 416-918-6858, ਜਾਂ 647-567-9128 ਫ਼ੋਨ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …