ਬਰੈਂਪਟਨ/ਡਾ. ਝੰਡ : ਮਹਿੰਦਰ ਸਿੰਘ ਵਾਲੀਆ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮੈਰਿਕਾ ਵੱਲੋਂ ਸੁਲਤਾਨ-ਉਲ-ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਆ ਦਾ 301ਵਾਂ ਜਨਮ-ਦਿਹਾੜਾ 12 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਲਟਨ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮੌਕੇ ਸੰਗਤਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਸਮੂਹਿਕ ਰੂਪ ਵਿਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ, ਰਾਗੀ-ਸਿੰਘਾ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ, ਕਥਾ-ਵਾਚਕਾਂ ਵੱਲੋਂ ਦਲ-ਖ਼ਾਲਸਾ ਦੇ ਪ੍ਰਮੁੱਖ ਜਰਨੈਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪੰਜਵੇਂ ਜੱਥੇਦਾਰ ਸੁਲਤਾਨ-ਉਲ-ਕੌਮ ਅਤੇ ਸਿੱਖਾਂ ਦੇ ਸਿਰਮੌਰ ਲੀਡਰ ਬਾਬਾ ਜੱਸਾ ਸਿੰਘ ਜੀ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸਮਾਗ਼ਮ ਦੀ ਸਮੁੱਚੀ ਜ਼ਿੰਮੇਵਾਰੀ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ, ਮੀਤ-ਪ੍ਰਧਾਨ ਕਿੰਗ ਵਾਲੀਆ, ਜਨਰਲ ਸਕੱਤਰ ਵਿਸ਼ ਵਾਲੀਆ ਨੇ ਮਿਲ ਕੇ ਨਿਭਾਈ। ਸ. ਕਿੰਗ ਵਾਲੀਆ ਨੇ ਓਸੇ ਦਿਨ ‘ਮਦਰਜ਼ ਡੇਅ’ ਹੋਣ ਕਾਰਨ ਇਸ ਵਿਸ਼ੇਸ਼ ਦਿਨ ਬਾਰੇ ਭਰਪੂਰ ਚਾਨਣਾ ਪਾਇਆ। ਸਮਾਗ਼ਮ ਵਿਚ ਹੋਰਨਾਂ ਕਈ ਪ੍ਰਮੁੱਖ ਸ਼ਖ਼ਸੀਅਤਾਂ ਤੋਂ ਇਲਾਵਾ ਐਸੋਸੀਏਸ਼ਨ ਦੇ ਪੈਟਰਨ ਮਹਿੰਦਰ ਸਿੰਘ ਵਾਲੀਆ, ਫ਼ਾਈਨਾਂਸ ਸਕੱਤਰ ਜੱਸ ਵਾਲੀਆ, ਪੀਲ ਪੋਲੀਸ ਬੋਰਡ ਦੇ ਸਾਬਕਾ ਚੇਅਰਪਰਸਨ ਅਮਰੀਕ ਸਿੰਘ ਵਾਲੀਆ, ਕੇ.ਡੀ. ਵਾਲੀਆ, ਹਰਸ਼ਰਨ ਸਿੰਘ ਵਾਲੀਆ, ਚਰਨਜੀਤ ਸਿੰਘ ਵਾਲੀਆ, ਰਾਜਿੰਦਰ ਸਿੰਘ ਵਾਲੀਆ, ਹਰਮਨ ਵਾਲੀਆ ਤੇ ਕਈ ਹੋਰ ਸ਼ਾਮਲ ਸਨ। ਅਮਾਗ਼ਮ ਦੇ ਅਖ਼ੀਰ ਵਿਚ ਪ੍ਰਧਾਨ ਟੌਮੀ ਵਾਲੀਆ ਵੱਲੋਂ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …