-14.4 C
Toronto
Friday, January 30, 2026
spot_img
Homeਕੈਨੇਡਾਟੀਪੀਏਆਰ ਕਲੱਬ ਦੇ ਦੌੜਾਕ ਧਿਆਨ ਸਿੰਘ ਸੋਹਲ ਬੋਸਟਨ ਵਿਚ 11 ਅਕਤੂਬਰ ਨੂੰ...

ਟੀਪੀਏਆਰ ਕਲੱਬ ਦੇ ਦੌੜਾਕ ਧਿਆਨ ਸਿੰਘ ਸੋਹਲ ਬੋਸਟਨ ਵਿਚ 11 ਅਕਤੂਬਰ ਨੂੰ ਹੋ ਰਹੀ ਵਿਸ਼ਵ-ਪੱਧਰੀ ਮੈਰਾਥਨ ਵਿਚ ਭਾਗ ਲੈਣਗੇ

ਬਰੈਂਪਟਨ/ਡਾ. ਝੰਡ : ਪਿਛਲੇ 10 ਕੁ ਸਾਲ ਤੋਂ ਬਰੈਂਪਟਨ ਵਿਚ ਵਿਚਰ ਰਹੀ ‘ਟੋਰਾਂਟੋ ਪੀਅਰਸਨ ਏਅਰਪੋਰਟ ਕਲੱਬ’ (ਟੀਪੀਏਆਰ ਕਲੱਬ) ਲਈ ਬੜੇ ਮਾਣ ਵਾਲੀ ਗੱਲ ਹੈ ਕਿ ਉਸ ਦੇ ਸਰਗ਼ਰਮ ਮੈਂਬਰ ਤੇਜ਼-ਤਰਾਰ ਮੈਰਾਥਨ ਦੌੜਾਕ ਧਿਆਨ ਸਿੰਘ ਸੋਹਲ 11 ਅਕਤੂਬਰ ਨੂੰ ਅਮਰੀਕਾ ਦੇ ਸ਼ਹਿਰ ਬੋਸਟਨ ਵਿਚ ਹੋ ਰਹੀ ਵਿਸ਼ਵ-ਪੱਧਰੀ ਮੈਰਾਥਨ ਦੌੜ ਵਿਚ ਭਾਗ ਲੈ ਰਹੇ ਹਨ।ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਇਸ ਵੱਕਾਰੀ ਦੌੜ ਲਈ ਸਾਲ 2019 ਵਿਚ ਕੁਆਲੀਫ਼ਾਈ ਕਰ ਲਿਆ ਸੀ, ਪਰ ਸਾਰੀ ਦੁਨੀਆਂ ਵਿਚ ਕਰੋਨਾ ਮਹਾਂਮਾਰੀ ਦੇ ਫੈਲ ਜਾਣ ਕਾਰਨ ਪਿਛਲੇ ਸਾਲ 2020 ਵਿਚ ਹੋਣ ਵਾਲਾ ਇਹ ਦਿਲਚਸਪ ਮੈਰਾਥਨ ਈਵੈਂਟ ਪ੍ਰਬੰਧਕਾਂ ਵੱਲੋਂ ਕੈਂਸਲ ਕਰ ਦਿੱਤਾ ਗਿਆ ਸੀ। ਹੁਣ ਹਾਲਾਤ ਕੁਝ ਸਾਜ਼ਗਾਰ ਹੋ ਜਾਣ ਕਾਰਨ ਉਨ੍ਹਾਂ ਵੱਲੋਂ ਇਹ 11 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ।
ਟੀਪੀਏਆਰ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਧਿਆਨ ਸਿੰਘ ਸੋਹਲ ਦੀ ਹੌਸਲਾ-ਅਫ਼ਜ਼ਾਈ ਲਈ ਉਨ੍ਹਾਂ ਤੋਂ ਇਲਾਵਾ ਕਲੱਬ ਦੇ ਤਿੰਨ-ਚਾਰ ਹੋਰ ਸਰਗ਼ਰਮ ਮੈਂਬਰ ਵੀ ਨਾਲ ਜਾ ਰਹੇ ਹਨ।
ਅਕਤੂਬਰ ਦੇ ਪਹਿਲੇ ਹਫ਼ਤੇ ਜੇਕਰ ਅਮਰੀਕਾ ਅਤੇ ਕੈਨੇਡਾ ਦੇ ਵਿਚਕਾਰ ਸੜਕੀ ਆਵਾਜਾਈ ਬਹਾਲ ਹੋ ਜਾਂਦੀ ਹੈ ਤਾਂ ਹੌਸਲਾ ਵਧਾਉਣ ਵਾਲੇ ਕਲੱਬ ਦੇ ਇਨ੍ਹਾਂ ਮੈਂਬਰਾਂ ਦੀ ਗਿਣਤੀ 15-18 ਦੇ ਵਿਚਕਾਰ ਵੀ ਹੋ ਸਕਦੀ ਹੈ, ਕਿਉਂਕਿ ਉਸ ਹਾਲਤ ਵਿਚ ਬੋਸਟਨ ਜਾਣ ਲਈ ਕਲੱਬ ਵੱਲੋਂ ਵੱਡੀ ਵੈਨ ਦਾ ਪ੍ਰਬੰਧ ਵੀ ਕੀਤਾ ਜਾ ਸਕਦਾ ਹੈ। ਇੱਥੇ ਇਹ ਵਰਨਣਯੋਗ ਹੈ ਕਿ ਇਸ ਮੈਰਾਥਨ ਦੌੜ ਮੌਕੇ ਧਿਆਨ ਸਿੰਘ ਸੋਹਲ ਵੱਲੋਂ ਪਹਿਨੀ ਜਾਣ ਵਾਲੀ ਟੀ-ਸ਼ਰਟ ਉੱਪਰ ਆਪਣਾ ‘ਲੋਗੋ’ ਪ੍ਰਿੰਟ ਕਰਵਾਉਣ ਲਈ ਕਲੱਬ ਵੱਲੋਂ 500 ਡਾਲਰ ਦੀ ਰਾਸ਼ੀ ਨਿਸ਼ਚਿਤ ਕੀਤੀ ਗਈ ਹੈ।
ਉਨ੍ਹਾਂ ਹੋਰ ਦੱਸਿਆ ਕਿ ਧਿਆਨ ਸਿੰਘ ਸੋਹਲ ਦੇ ਇਸ ਮੈਰਾਥਨ ਈਵੈਂਟ ਨੂੰ ਸਪਾਂਸਰ ਕਰਨ ਲਈ ਹੁਣ ਤੱਕ ਚਾਰ ਬਿਜ਼ਨੈੱਸ-ਅਦਾਰੇ ਅੱਗੇ ਆਏ ਹਨ ਅਤੇ ਕੁਝ ਹੋਰਨਾਂ ਦੇ ਵੀ ਆਉਣ ਦੀ ਉਮੀਦ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਸੰਧੂਰਾ ਸਿੰਘ ਬਰਾੜ ਜਾਂ ਨਰਿੰਦਰ ਪਾਲ ਬੈਂਸ ਨੂੰ 647-893-3656 ਨੂੰ 416-275-9337 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS