ਪੰਜਾਬੀ ਇਕ ‘ਨਵੇਂ ਪੰਜਾਬ’ ਦੀ ਸਿਰਜਣਾ ਕਰਨਗੇ
ਬਰੈਂਪਟਨ/ਡਾ. ਝੰਡ
ਲੰਘੇ ਸ਼ਨੀਵਾਰ 7 ਜਨਵਰੀ ਨੂੰ ਆਮ ਆਦਮੀ ਪਾਰਟੀ ਟੋਰਾਂਟੋ ਚੈਪਟਰ ਵੱਲੋਂ ‘ਆਪ’ ਪੰਜਾਬ ਦੇ ਸੀਨੀਅਰ ਲੀਡਰ, ਬੁਲਾਰੇ ਅਤੇ ਐੱਨ.ਆਰ.ਆਈ. ਸੈੱਲ ਦੇ ਕਨਵੀਨਰ ਜਗਤਾਰ ਸਿੰਘ ਸੰਘੇੜਾ ਦੀ ਟੋਰਾਂਟੋ ਆਮਦ ‘ਤੇ ‘ਨੈਸ਼ਨਲ ਬੈਂਕੁਇਟ ਹਾਲ’ ਵਿੱਚ ਭਰਵੀਂ ਪ੍ਰੈੱਸ ਕਾਨਫ਼ਰੰਸ ਅਤੇ ਟੋਰਾਂਟੋ ਏਰੀਏ ਵਿੱਚ ਵੱਸਦੇ ‘ਆਪ’ ਦੇ ਹਮਾਇਤੀਆਂ ਦੀ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ। ਪੰਜਾਬੀ ਪ੍ਰੈਸ ਦੇ ਇਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਏ ਦੇ ਪੱਤਰਕਾਰਾਂ ਨੇ ਵੱਡੀ ਗਿਣਤੀ ਵਿੱਚ ਇਸ ਪ੍ਰੈੱਸ ਕਾਨਫ਼ਰੰਸ ਵਿੱਚ ਭਾਗ ਲਿਆ।
ਟੋਰਾਂਟੋ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਤੋਂ ਸੈਂਕੜੇ ‘ਆਪ’ ਸਮੱਰਥਕਾਂ ਨੇ ਇਸ ਮੌਕੇ ਹੋਈ ਰੈਲੀ ਵਿੱਚ ਸ਼ਿਰਕਤ ਕੀਤੀ ਜਿਸ ਨੂੰ ਜਗਤਾਰ ਸਿੰਘ ਸੰਘੇੜਾ ਤੋਂ ਇਲਾਵਾ ਕਈ ਹੋਰ ਸਥਾਨਕ ਲੀਡਰਾਂ ਨੇ ਸੰਬੋਧਨ ਕੀਤਾ। ਪ੍ਰੈੱਸ ਕਾਨਫ਼ਰੰਸ ਦੌਰਾਨ ਜਗਤਾਰ ਸਿਂਘ ਸੰਘੇੜਾ ਦੇ ਨਾਲ ਮੰਚ ‘ਤੇ ਟੋਰਾਂਟੋ ਦੇ ‘ਆਪ’ ਕਨਵੀਨਰ ਸੁਰਿੰਦਰ ਮਾਵੀ, ਮੁੱਖ ਪਾਰਟੀ ਸਮੱਰਥਕ ਹਰਿੰਦਰ ਸਿੰਘ ਸੋਮਲ, ਮੀਡੀਆ-ਕੋਆਡੀਨੇਟਰ ਸੁਦੀਪ ਸਿੰਗਲਾ ਅਤੇ ਨੌਜੁਆਨ ਨੇਤਾ ਪ੍ਰਭ ਧਾਲੀਵਾਲ ਵੀ ਬਿਰਾਜਮਾਨ ਸਨ। ਪ੍ਰੈੱਸ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਹੋਇਆਂ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਇਸ ਨਵੇਂ ਸਾਲ ਦੇ ਫ਼ਰਵਰੀ ਮਹੀਨੇ ਵਿੱਚ ਪੰਜਾਬੀ ਇੱਕ ‘ਨਵੇਂ ਪੰਜਾਬ’ ਦੀ ਸਿਰਜਣਾ ਕਰਨ ਜਾ ਰਹੇ ਹਨ। ਉਹ ਦੋਹਾਂ ਰਵਾਇਤੀ ਰਾਜਨੀਤਕ ਪਾਰਟੀਆਂ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਦੇ ਗੁੰਡਾ-ਰਾਜ ਤੋਂ ਪੰਜਾਬ ਨੂੰ ਨਿਜਾਤ ਦਿਵਾਉਣ ਜਾ ਰਹੇ ਹਨ ਜਿਨ੍ਹਾਂ ਨੇ ਵਾਰੋ-ਵਾਰੀ ਇਸ ਨੂੰ ਲੁੱਟਿਆ ਅਤੇ ਇਸ ਦੇ ਲੋਕਾਂ ਨੂੰ ਕੁੱਟਿਆ। ਇਨ੍ਹਾਂ ਦੇ ਲੰਮੇ ਰਾਜ ਦੌਰਾਨ ਪੰਜਾਬ ਵਿੱਚ ਰਿਸ਼ਵਤਖੋਰੀ, ਨਸ਼ਾਖ਼ੋਰੀ, ਗੁੰਡਾਗ਼ਰਦੀ, ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ। ਰੇਤਾ ਅਤੇ ਬੱਜਰੀ ਮਾਫ਼ੀਆ ਨੇ ਪੰਜਾਬੀਆਂ ਦੀ ਰੱਜ ਕੇ ਲੁੱਟ ਕੀਤੀ। ਇੱਥੋਂ ਤੱਕ ਕਿ ਕੇਬਲ ਨੈੱਟ-ਵਰਕ, ਟ੍ਰਾਂਸਪੋਰਟ ਅਤੇ ਮੀਡੀਏ ਉੱਪਰ ਵੀ ਇਨ੍ਹਾਂ ਆਪਣਾ ਕਬਜ਼ਾ ਜਮਾ ਲਿਆ ਅਤੇ ਲੋਕਾਂ ਦੀ ਆਵਾਜ਼ ਦਬਾ ਦਿੱਤੀ।
ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਨਾਂ ਨਾ ਐਲਾਨੇ ਜਾਣ ਦੇ ਸੁਆਲ ਦੇ ਜੁਆਬ ਵਿੱਚ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਚੋਣ ਚੁਣੇ ਹੋਏ ਐੱਮ.ਐੱਲ.ਏ. ਕਰਨਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਪਾਰਟੀ ਦਾ ਮੁੱਖ ਮੰਤਰੀ ਨਿਸ਼ਚੇ ਪੰਜਾਬੀ ਹੀ ਹੋਵੇਗਾ ਅਤੇ ਉਹ ਕੋਈ ਨਸ਼ੱਈ ਜਾਂ ਸਵੇਰੇ ਦਸ ਵਜੇ ਉੱਠਣ ਵਾਲਾ ਨਹੀਂ ਹੋਵੇਗਾ। ਉਹ ਨਾ ਹੀ ਆਨੀਂ-ਬਹਾਨੀਂ ਪਾਕਿਸਤਾਨ ਜਾਏਗਾ ਅਤੇ ਨਾ ਹੀ ਉੱਥੋਂ ਆਉਣ ਵਾਲੇ ਕਿਸੇ ਵਿਸ਼ੇਸ਼ ਵਿਅੱਕਤੀ ਨਾਲ ਆਪਣਾ ਬਹੁਤਾ ਸਮਾਂ ਗੁਜ਼ਾਰੇਗਾ। ਅਲਬੱਤਾ, ਡਿਪਟੀ ਮੁੱਖ ਮੰਤਰੀ ਜ਼ਰੂਰ ਦਲਿਤ ਵਰਗ ਨਾਲ ਸਬੰਧਿਤ ਹੋਵੇਗਾ। ਚੋਣਾਂ ਤੋਂ ਕੁਝ ਹੀ ਸਮਾਂ ਪਹਿਲਾਂ ਦੂਸਰੀਆਂ ਪਾਰਟੀਆਂ ਤੋਂ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਅਤੇ ਨੇਤਾਵਾਂ ਬਾਰੇ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ‘ਆਪ’ ਦੀ ਵਿਚਾਰਧਾਰਾ ਨਾਲ ਸਹਿਮਤ ਕੋਈ ਵੀ ਵਿਅੱਕਤੀ ਇਸ ਵਿੱਚ ਸ਼ਾਮਲ ਹੋ ਸਕਦਾ ਹੈ। ਪਰੰਤੂ, ਦੂਸਰੀਆਂ ਪਾਰਟੀਆਂ ਤੋਂ ਆਉਣ ਵਾਲੇ ਨੇਤਾਵਾਂ ਦੇ ਪਿਛੋਕੜ ਨੂੰ ਜ਼ਰੂਰ ਵੇਖਿਆ ਅਤੇ ਪੜਚੋਲਿਆ ਗਿਆ ਹੈ। ਜਿੱਥੇ ਜੱਸੀ ਜਸਰਾਜ ਵਰਗਿਆਂ ਦੀ ਪਾਰਟੀ ਵਿੱਚ ‘ਘਰ-ਵਾਪਸੀ’ ਹੋਈ ਹੈ, ਉੱਥੇ ਡਾ. ਧਰਮਵੀਰ ਗਾਂਧੀ ਵਰਗੇ ਸੀਨੀਅਰ ਨੇਤਾ ਜਿਨ੍ਹਾਂ ਨੂੰ ਪਾਰਟੀ ਡਿਸਿਪਲਿਨ ਕਾਰਨ ਮੁਅੱਤਲ ਕੀਤਾ ਗਿਆ ਸੀ, ਜੇਕਰ ਉਹ ਵਾਪਸ ਆਉਣਾ ਚਾਹੁਣ ਤਾਂ ਉਨ੍ਹਾਂ ਦਾ ਵੀ ਭਰਪੂਰ ਸਵਾਗ਼ਤ ਹੈ। ਪਾਰਟੀ ਦੇ ਮੁੱਖ ਚੋਣ-ਮੈਨੀਫੈਸਟੋ ਦੇ ਅਜੇ ਤੀਕ ਜਾਰੀ ਨਾ ਹੋਣ ਸਬੰਧੀ ਉਨ੍ਹਾਂ ਕਿਹਾ ਕਿ ਪਾਰਟੀ ਨੇ ਪੰਜਾਬ ਦੇ ਵੱਖ-ਵੱਖ ਵਰਗਾਂ ਲਈ ਕਿਸਾਨ ਮੈਨੀਫੈਸਟੋ, ਮਜ਼ਦੂਰ ਮੈਨੀਫੈਸਟੋ, ਵਿਉਪਾਰ ਮੈਨੀਫੈਸਟੋ, ਆਦਿ ਜਾਰੀ ਕੀਤੇ ਹਨ ਅਤੇ ਜਲਦੀ ਹੀ ਮੁੱਖ ਚੋਣ-ਮੈਨੀਫੈਸਟੋ ਵੀ ਲੋਕਾਂ ਦੇ ਸਾਹਮਣੇ ਆ ਜਾਵੇਗਾ। ਉਨ੍ਹਾਂ ਅਨੁਸਾਰ ਐੱਸ. ਵਾਈ. ਐੱਲ. ਨਹਿਰ ਦੇ ਨਿਰਮਾਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਪੰਜਾਬ ਕੋਲ ਕੋਈ ਵਾਧੂ ਪਾਣੀ ਨਹੀਂ ਹੈ। ਇੱਕ ਹੋਰ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ‘ਚਲੋ ਪੰਜਾਬ’ ਮੁਹਿੰਮ ਹੇਠ ਬਾਹਰਲੇ ਦੇਸ਼ਾਂ ਤੋਂ ਪੰਜਾਬ ਜਾਣ ਵਾਲੇ ਪੰਜਾਬੀ ਉੱਥੇ ਜਾ ਕੇ ਵਾਲੰਟੀਅਰਜ਼ ਦੇ ਤੌਰ ‘ਤੇ ਕੰਮ ਕਰਨਗੇ ਅਤੇ ਲੋਕਾਂ ਨੂੰ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦੇ ਵਿਰੁੱਧ ਲਾਮਬੰਦ ਕਰਨਗੇ। ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਜਾਣ ਵਾਲਿਆਂ ਦੇ ਦੋਸ਼ੀਆਂ ਵਿਰੁੱਧ ‘ਆਪ’ ਦੇ ਸਟੈਂਡ ਬਾਰੇ ਉਨ੍ਹਾਂ ਕਿਹਾ ਕਿ ਬੇਦੋਸ਼ਿਆਂ ਨੂੰ ਮਾਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਪਾਰਟੀ ਵੱਲੋਂ ਕੀਤੇ ਜਾ ਰਹੇ ਚੋਣ-ਵਾਅਦਿਆਂ ਨੂੰ ਪੂਰੇ ਕਰਨ ਲਈ ਸੰਭਾਵੀ ਬੱਜਟ ਸਬੰਧੀ ਕੀਤੇ ਗਏ ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚੋਂ ਜੇਕਰ ਭ੍ਰਿਸ਼ਟਾਚਾਰ, ਵੱਢੀਖ਼ੋਰੀ ਅਤੇ ਬੇਈਮਾਨੀ ਦੂਰ ਹੋ ਜਾਂਦੀ ਹੈ ਤਾਂ ਉੱਥੇ ਵਿੱਤੀ-ਵਸੀਲਿਆਂ ਦੀ ਕੋਈ ਘਾਟ ਨਹੀਂ ਹੈ ਅਤੇ ਉਨ੍ਹਾਂ ਦੀ ਪਾਰਟੀ ਇਹ ਸੱਭ ਕਰਕੇ ਵਿਖਾਏਗੀ। ਇਸ ਪ੍ਰੈੱਸ-ਕਾਨਫ਼ਰੰਸ ਵਿੱਚ ‘ਸਿੱਖ ਸਪੋਕਸਮੈਨ’ ਤੋਂ ਡਾ. ਸੁਖਦੇਵ ਸਿੰਘ ਝੰਡ ਤੇ ਪ੍ਰੋ. ਜਗੀਰ ਸਿੰਘ ਕਾਹਲੋਂ, ‘ਪੰਜ ਪਾਣੀ’ ਤੋਂ ਜਸਪਾਲ ਸ਼ੇਤਰਾ, ‘ਪਰਵਾਸੀ’ ਤੋਂ ਤਲਵਿੰਦਰ ਮੰਡ ਤੇ ਅਸ਼ਵਨੀ ਅਗਰਵਾਲ, ਰੇਡੀਓ ‘ਰਮਜ਼ ਪੰਜਾਬੀ’ ਤੋਂ ਹਰਜਿੰਦਰ ਗਿੱਲ, ਜਤਿੰਦਰ ਗਿੱਧਾ ਤੇ ਮਨਜੀਤ ਗਿੱਲ, ਰੇਡੀਓ ‘ਅੱਜ ਦੀ ਆਵਾਜ਼’ ਤੋਂ ਸੁਖਦੇਵ ਸਿੰਘ ਗਿੱਲ, ‘ਏ.ਟੀ.ਐੱਨ.’ ਤੋਂ ਮਿਸ ਸ਼ੁਨਾ ਕੌਸ਼ਿਕ, ‘ਪੰਜ ਆਬ’ ਟੀ.ਵੀ. ਦੀ ਟੀਮ ਤੋਂ ਜੱਸੀ ਸਰਾਏ, ਪਰਿੰਸ ਸੰਧੂ, ਕੁਲਵਿੰਦਰ ਛੀਨਾ, ਰਵਿੰਦਰ ਸਿੰਘ ਤੇ ਬਲਜੀਤ ਮੰਡ, ‘ਜ਼ੀ ਟੀ.ਵੀ’ (ਕੈਨੇਡਾ) ਤੋਂ ਜਸਵੰਤ ਸਿੰਘ, ‘ਵਾਈ ਟੀ.ਵੀ.’ ਤੋਂ ਗੁਰਪ੍ਰੀਤ ਸਿੰਘ ਅਤੇ ਕਈ ਹੋਰ ਸ਼ਾਮਲ ਹੋਏ। ਉਨ੍ਹਾਂ ਵੱਲੋਂ ਉਠਾਏ ਗਏ ਵੱਖ-ਵੱਖ ਸਵਾਲਾਂ ਦੇ ਜੁਆਬ ਜਗਤਾਰ ਸਿੰਘ ਸੰਘੇੜਾ ਵੱਲੋਂ ਬੜੇ ਵਿਸਥਾਰ-ਪੂਰਵਕ ਅਤੇ ਤਸੱਲੀਬਖ਼ਸ਼ ਤਰੀਕੇ ਨਾਲ ਦਿੱਤੇ ਗਏ। ਇਸ ਪ੍ਰੈੱਸ-ਕਾਨਫ਼ਰੰਸ ਦੌਰਾਨ ਪਾਲ ਬਡਵਾਲ ਨੇ ਮੀਡੀਏਟਰ ਦੇ ਤੌਰ ‘ਤੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਵੱਲੋਂ ਅਤੇ ਜਗਤਾਰ ਸੰਘੇੜਾ ਵੱਲੋਂ ਪ੍ਰੈੱਸ ਦੇ ਨੁਮਾਇੰਦਿਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।
Check Also
ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ
ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …