ਬਰੈਂਪਟਨ : ਕੈਨੇਡਾ ਦੀ ਲਿਬਰਲ ਸਰਕਾਰ ਵੱਲੋਂ ਲੰਘੇ ਹਫ਼ਤੇ ਪੇਟੈਂਟ ਦਵਾਈਆਂ ਦੇ ਰੈਗੂਲੇਸ਼ਨ ਲਈ ਆਖ਼ਰੀ ਤਬਦੀਲੀਆਂ ਦਾ ਐਲਾਨ ਕੀਤਾ ਗਿਆ। 1987 ਵਿਚ ਲਾਗੂ ਹੋਏ ਇਸ ਰੈਗੂਲੇਸ਼ਨ ਦੇ ਸੁਧਾਰ ਲਈ ਇਨ੍ਹਾਂ ਤਬਦੀਲੀਆਂ ਦੀ ਬੜੀ ਮਹੱਤਤਾ ਹੈ। ਇਨ੍ਹਾਂ ਨਾਲ ਪੇਟੈਂਟਿਡ ਮੈਡੀਸੀਨ ਪ੍ਰਾਈਸ ਰੀਵਿਊ ਬੋਰਡ ਨੂੰ ਕਈ ਅਹਿਮ ਨੁਕਤੇ ਮਿਲ ਜਾਣਗੇ ਜਿਨ੍ਹਾਂ ਨਾਲ ਉਹ ਪੇਟੈਂਟ ਹੋਈਆਂ ਦਵਾਈਆਂ ਦੀ ਕੀਮਤ ਨੂੰ ਵੱਧਣੋਂ ਰੋਕ ਸਕੇਗਾ ਅਤੇ ਇਹ ਦਵਾਈਆਂ ਕੈਨੇਡਾ-ਵਾਸੀਆਂ ਦੀ ਪਹੁੰਚ ਵਿਚ ਆ ਜਾਣਗੀਆਂ।
ਕਈ ਮਿਲੀਅਨ ਕੈਨੇਡਾ-ਵਾਸੀ ਆਪਣੇ ਆਪ ਨੂੰ ਤੰਦਰੁਸਤ ਰੱਖਣ, ਮਾਰੂ-ਬੀਮਾਰੀਆਂ ਉੱਪਰ ਕੰਟਰੋਲ ਰੱਖਣ ਅਤੇ ਬੀਮਾਰੀਆਂ ਦੇ ਇਲਾਜ ਲਈ ਡਾਕਟਰਾਂ ਵੱਲੋਂ ਸੁਝਾਈਆਂ ਗਈਆਂ ਦਵਾਈਆਂ ਦੀ ਵਰਤੋਂ ਕਰਦੇ ਹਨ ਅਤੇ ਉਹ ਇਨ੍ਹਾਂ ਦੇ ਲਈ ਸੰਸਾਰ-ਭਰ ਦੇ ਦੇਸ਼ਾਂ ਨਾਲੋਂ ਵਧੇਰੇ ਕੀਮਤ ਅਦਾ ਕਰਦੇ ਹਨ। ਪਿਛਲੇ ਸਾਲ ਇਕ ਮਿਲੀਅਨ ਤੋਂ ਵਧੀਕ ਕੈਨੇਡਾ-ਵਾਸੀਆਂ ਨੂੰ ਇਨ੍ਹਾਂ ਜ਼ਰੂਰੀ ਅਤੇ ਮਹਿੰਗੀਆਂ ਦਵਾਈਆਂ ਦੇ ਲਈ ਆਪਣੇ ਖਾਣੇ ਤੱਕ ਦੀ ਕੁਰਬਾਨੀ ਦੇਣੀ ਪਈ। ਏਸੇ ਲਈ ਟਰੂਡੋ ਸਰਕਾਰ ਸਾਰੇ ਕੈਨੇਡਾ-ਵਾਸੀਆਂ ਲਈ ਅਜਿਹੀਆਂ ਮਹਿੰਗੀਆਂ ਦਵਾਈਆਂ ਦੀਆਂ ਕੀਮਤਾਂ ਘਟਾਉਣ ਦੀ ਵਚਨ-ਬੱਧਤਾ ਨੂੰ ਅਮਲੀ ਜਾਮਾ ਪਹਿਨਾਅ ਰਹੀ ਹੈ।
ਪਹਿਲੀ ਗੱਲ ਤਾਂ ਇਹ ਤਬਦੀਲੀਆਂ ਉਨ੍ਹਾਂ ਦੇਸ਼ਾਂ ਦੇ ਸਮੂਹ ਨੂੰ ਬਦਲਣਗੀਆਂ ਜਿਨ੍ਹਾਂ ਨਾਲ ਇਨ੍ਹਾਂ ਦਵਾਈ ਦੀ ਕੀਮਤ ਫਿਕਸ ਕਰਨ ਸਮੇਂ ਮੁਕਾਬਲਾ ਕੀਤਾ ਜਾਂਦਾ ਹੈ ਤਾਂ ਜੋ ਭਵਿੱਖ ਵਿਚ ਆਬਾਦੀ, ਅਰਥਚਾਰੇ ਅਤੇ ਹੈੱਲਥਕੇਅਰ ਵਰਗੇ ਪੈਮਾਨਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਮੁਕਾਬਲਾ ਉਨ੍ਹਾਂ ਦੇਸ਼ਾਂ ਨਾਲ ਕੀਤਾ ਜਾਏਗਾ ਜੋ ਕੈਨੇਡਾ ਵਰਗੇ ਹੀ ਹੋਣ। ਦੂਸਰੀ ਅਹਿਮ ਗੱਲ ਕਿ ਇਹ ਤਬਦੀਲੀਆਂ ਪੇਟੈਂਟਿਡ ਮੈਡੀਸੀਨ ਪ੍ਰਾਈਸ ਰੀਵਿਊ ਬੋਰਡ ਲਈ ਕੈਨੇਡਾ ਵਿਚ ਇਨ੍ਹਾਂ ਦਵਾਈਆਂ ਦੀ ਅਸਲੀ ਮਾਰਕੀਟ ਪ੍ਰਾਈਸ ਮੁਹੱਈਆ ਕਰਵਾਉਣਗੀਆਂ, ਦਵਾਈਆਂ ਦੀਆਂ ਕੰਪਨੀਆਂ ਵੱਲੋਂ ਵਧਾਈ ਗਈ ઑਸਟਿੱਕਰ-ਪ੍ਰਾਈਸઑ ਨਹੀਂ, ਅਤੇ ਤੀਸਰੀ ਤੇ ਆਖ਼ਰੀ ਗੱਲ ਕਿ ਇਹ ਤਬਦੀਲੀਆਂ ਉਪਰੋਕਤ ਬੋਰਡ ਲਈ ਯਕੀਨੀ ਬਣਾਉਣਗੀਆਂ ਕਿ ਦਵਾਈ ਦੀ ਕੀਮਤ ਕੀ ਰੋਗੀ ਦੇ ਜੀਵਨ ਲਈ ਵਾਜਬ ਹੈ।
ਸਰਕਾਰ ਵੱਲੋਂ ਲਏ ਜਾ ਰਹੇ ੳਪਰੋਕਤ ਕਦਮ ਨੈਸ਼ਨਲ ਫ਼ਾਰਮਾਕੇਅਰ ਪਾਲਿਸੀ ਲਈ ਨੀਂਹ-ਪੱਥਰ ਸਾਬਤ ਹੋਣਗੇ। ਇਹ ਇਕ ਅਜਿਹਾ ਸਿਸਟਮ ਹੋਵੇਗਾ ਜਿਸ ਨਾਲ ਸਾਰੇ ਕੈਨੇਡਾ-ਵਾਸੀ ਆਪਣੀ ਲੋੜ ਅਨੁਸਾਰ ਦਵਾਈਆਂ ਸਹੀ ਕੀਮਤਾਂ ‘ઑਤੇ ਪ੍ਰਾਪਤ ਕਰ ਸਕਣਗੇ।
ਇਸ ਦੇ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਹੋਇਆਂ ਕੈਨੇਡਾ ਦੀ ਸਿਹਤ ਮੰਤਰੀ ਗਿਨੇਤ ਪੈਤਿਤਪਾ ਟੇਲਰ ਨੇ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਅੱਜ ਅਸੀਂ ਵੱਡਾ ਕਦਮ ਪੁੱਟ ਰਹੇ ਹਾਂ ਅਤੇ ਇਸ ਦੇ ਲਈ ਅਸੀਂ ਰਸਤਾ ਅਖ਼ਤਿਆਰ ਕਰ ਲਿਆ ਹੈ। ਇਸ ਦਿਸ਼ਾ ਵਿਚ ਲਿਆ ਗਿਆ ਇਹ ਕਦਮ ਡਾਕਟਰਾਂ ਵੱਲੋਂ ਦਰਸਾਈਆਂ ਗਈਆਂ ਦਵਾਈਆਂ ਦੀਆਂ ਕੀਮਤਾਂ ਨੂੰ ਘਟਾਏਗਾ ਅਤੇ ਇਸ ਤਰ੍ਹਾਂ ਇਹ ਦਵਾਈਆਂ ਕੈਨੇਡੀਅਨਾਂ ਦੀ ਪਹੁੰਚ ਵਿਚ ਆ ਜਾਣਗੀਆਂ। ਇਸ ਤਰ੍ਹਾਂ ਕਰਨ ਨਾਲ ਅਗਲੇ 10 ਸਾਲਾਂ ਵਿਚ ਕੈਨੇਡਾ-ਵਾਸੀਆਂ ਦੇ 13 ਬਿਲੀਅਨ ਡਾਲਰਾਂ ਦੀ ਬੱਚਤ ਹੋ ਸਕੇਗੀ ਅਤੇ ਨੈਸ਼ਨਲ ਫ਼ਾਰਮਾਕੇਅਰ ਦੀ ਨੀਂਹ ਰੱਖੀ ਜਾਏਗੀ।
ਇਸ ਸਬੰਧੀ ਸੋਨੀਆ ਸਿੱਧੂ ਦਾ ਕਹਿਣਾ ਹੈ, ”ਸਾਡੀ ਸਰਕਾਰ ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ ਲਈ ਪਹਿਲਾਂ ਵੀ ਵਚਨਬੱਧ ਸੀ, ਹੁਣ ਵੀ ਹੈ ਅਤੇ ਅੱਗੋਂ ਵੀ ਇਹ ਇੰਜ ਹੀ ਵਚਨਬੱਧ ਰਹੇਗੀ। ਮੈਂ ਸਰਕਾਰ ਵੱਲੋਂ ਲਏ ਗਏ ਇਸ ਕਦਮ ਉੱਪਰ ਮਾਣ ਮਹਿਸੂਸ ਕਰ ਰਹੀ ਹਾਂ ਜਿਨ੍ਹਾਂ ਨਾਲ ਕੈਨੇਡਾ-ਵਾਸੀਆਂ ਨੂੰ ਮਹਿੰਗੀਆਂ ਦਵਾਈਆਂ ਦੀਆਂ ਭਾਰੀ ਕੀਮਤਾਂ ਤੋਂ ਰਾਹਤ ਮਿਲੇਗੀ ਅਤੇ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਕਦਮ ਭਵਿੱਖ ਵਿਚ ਬਿਲਕੁਲ ਸਹੀ ਸਾਬਤ ਹੋਵੇਗਾ।”
Home / ਕੈਨੇਡਾ / ਕੈਨੇਡਾ ਸਰਕਾਰ ਵੱਲੋਂ ਦਵਾਈਆਂ ਦੀਆਂ ਕੀਮਤਾਂ ਘੱਟ ਕਰਨ ਲਈ ਅਹਿਮ ਤਬਦੀਲੀਆਂ ਦਾ ਐਲਾਨ : ਸੋਨੀਆ ਸਿੱਧੂ
Check Also
ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫਲਾਵਰ ਸਿਟੀ ਫਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’
ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 6 ਜੁਲਾਈ ਨੂੰ ਫਲਾਵਰ ਸਿਟੀ ਫਰੈਂਡਜ਼ ਸੀਨੀਅਰਜ਼ ਕਲੱਬ ਨੇ ਸਥਾਨਕ …