ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਕਲੀਵ ਵਿਊ ਕਲੋਨੀ ਵਿੱਚ ਤਕਰੀਬਨ 400 ਨਵੇਂ ਘਰ ਬਣੇ ਹਨ ਅਤੇ ਸਾਰੇ ਵਾਸੀਆਂ ਲਈ ਇੱਥੇ ਇੱਕ ਹੀ ਪਾਰਕ ਹੈ, ਉਮੀਦ ਹੈ ਕਿ ਜਦ ਇਨ੍ਹਾਂ ਘਰਾਂ ਦੇ ਉੱਤਰ ਵੱਲ ਹੋਰ ਘਰ ਬਣਨ ਲੱਗੇ ਤਾਂ ਕੋਈ ਹੋਰ ਵੱਡਾ ਪਾਰਕ ਇਸ ਇਲਾਕੇ ਵਿੱਚ ਬਣੇਗਾ।
ਸਿਟੀ ਦੇ ਵਰਕਰਾਂ ਵਲੋਂ ਇਥੇ ਲਾਏ ਦਰਖਤਾਂ ਅਤੇ ਬੂਟਿਆਂ ਦਾ ਜ਼ਰੂਰੀ ਰੱਖ ਰਖਾਵ ਤਾਂ ਕੀਤਾ ਜਾਂਦਾ ਹੈ, ਪਰ ਇੱਕ ਚੰਗੇ ਖੂਬਸੂਰਤ ਪਾਰਕ ਦੀ ਦਿੱਖ ਦੇਣ ਲਈ ਬੂਟਿਆਂ ਦੇ ਆਲੇ ਦੁਆਲੇ ਨਦੀਨਾਂ ਦੀ ਸਫਾਈ ਜਾਂ ਫਿਰ ਵਧੀਆਂ ਸਾਫ ਸੁਥਰੇ ਬੰਨੇ ਨਹੀਂ ਬਣਾਏ ਜਾਂਦੇ ਜਿਸ ਕਾਰਨ ਪਾਰਕ ਦੇ ਇਹ ਥਾਂ ਪਾਰਕ ਦੀ ਥਾਂ ਉਜਾੜ ਲਗਦੇ ਹਨ। ਇਸ ਬਾਰੇ ਜਦ ਇਸ ਇਲਾਕੇ ਵਿੱਚ ਸਰਗਰਮ ਕਲੀਵਵਿਊ ਸੀਨੀਅਰਜ਼ ਕਲੱਬ ਦੀ ਕਾਰਜਕਰਨੀ ਵਿੱਚ ਵਿਚਾਰ ਵਟਾਂਦਰਾ ਹੋਇਆ ਤਾਂ ਫੈਸਲਾ ਕੀਤਾ ਗਿਆ ਕਿ ਇਹ ਕੰਮ ਚੁਸਤ, ਫੁਰਤੀਲੇ ਉੱਦਮੀ ਮੈਂਬਰਾਂ ਨੂੰ ਨਾਲ ਲਗਾ ਕੇ ਕਾਰਜਕਰਨੀ ਦੇ ਮੈਂਬਰ ਆਪ ਕਰਨਗੇ। ਇਸ ਫੈਸਲੇ ਤੋਂ ਬਾਅਦ ਹਰ ਮੰਗਲਵਾਰ ਸਵੇਰੇ ਪਹਿਲੇ ਦੋ ਪਹਿਰ ਸਾਰੇ ਇਕੱਠੇ ਰਲ ਕੇ ਇਹ ਕੰਮ ਕਰਦੇ ਹਨ।
ਇਸ ਹਫਤੇ ਕੰਮ ਨਿਪਟਾਉਣ ਲਈ ਕਲੱਬ ਦੇ 8-10 ਮੈਂਬਰ, ਪੰਜਾਬ ਤੋਂ ਲਿਆਂਦੇ ਰੰਬੇ, ਖੁਰਪੀਂਆਂ ਲੈ ਕੇ ਇਕੱਠੇ ਹੋਏ ਅਤੇ ਦਰੱਖਤਾਂ ਦੇ ਆਲੇ ਦੁਆਲੇ ਅਤੇ ਫੁੱਲਾਂ ਦੀਆਂ ਕਿਆਰੀਆਂ ਵਿੱਚ ਸਾਫ ਸਫਾਈ ਕਰਕੇ ਇਨ੍ਹਾਂ ਥਾਵਾਂ ਨੂੰ ਸੁੰਦਰ ਦਿੱਖ ਦੇ ਦਿੱਤੀ।
ਇਸ ਸਮੇਂ ਕਾਰਜਕਰਨੀ ਦੇ ਤਕਰੀਬਨ ਸਾਰੇ ਮੈਂਬਰ ਸ਼ਾਮਿਲ ਹੋਏ ਅਤੇ ਵੱਧ ਚੜ੍ਹ ਕੇ ਕੰਮ ਕੀਤਾ। ਸ਼ਹਿਰ ਦੇ ਕਰਮਚਾਰੀ ਪਾਰਕ ਦੇ ਦੁਆਲੇ ਲਾਈ ਜਾਣ ਵਾਲੀ ਵਾੜ ਲਈ ਥਮੀਆਂ ਗੱਡਣ ਆਏ ਹੋਏ ਸਨ, ਇਸ ਨਾਲ ਪੰਜਾਬੀਆਂ ਦਾ ਟਰੈਕਟਰ ‘ਤੇ ਚੜ੍ਹ ਫੋਟੋ ਖਿਚਾਉਣ ਦਾ ਸਬੱਬ ਵੀ ਬਣ ਗਿਆ।
ਕੰਮ ਨਿਪਟਾਉਣ ਤੇ ਰਲ ਮਿਲ ਕੇ ਸਭ ਨੇ ਸਮੋਸਿਆਂ, ਬੇਸਣ, ਬਿਸਕੁਟਾਂ ਤੇ ਚਾਹ ਦਾ ਅਨੰਦ ਮਾਣਿਆਂ। ਕਲੱਬ ਬਾਰੇ ਹੋਰ ਜਾਣਕਾਰੀ ਲਈ ਗੁਰਰਸੇਵਕ ਸਿੱਧੂ (647 510 1616) ਨਾਲ ਸੰਪਰਕ ਕੀਤਾ ਜਾ ਸਕਦਾ ਹੈ।