ਬਰੈਂਪਟਨ/ਹਰਜੀਤ ਸਿੰਘ ਬਾਜਵਾ : 22 ਅਕਤੂਬਰ ਦੀ ਮਿਊਂਸਪਲ ਇਲੈਕਸ਼ਨ ਵਿੱਚ ਬਰੈਂਪਟਨ ਦੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਨੇ ਇਕ ਮੁਲਾਕਾਤ ਕਰਦਿਆਂ ਦੱਸਿਆ ਹੈ ਕਿ ਸਕੂਲਾਂ ਦੇ ਸਿਸਟਮ ਪ੍ਰਤੀ ਮਾਪਿਆਂ ਦੇ ਮਨਾਂ ਵਿੱਚ ਕਈ ਪ੍ਰਕਾਰ ਦੀਆਂ ਸ਼ਿਕਾਇਤਾਂ ਹਨ ਜਿਨ੍ਹਾਂ ਬਾਰੇ ਕੰਪੇਨ ਦੌਰਾਨ ਵਿਸਥਾਰ ਵਿੱਚ ਪਤਾ ਲੱਗ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਵਾਰਡ 9 ਅਤੇ 10 ਵਿੱਚ ਪੇਰੈਂਟਸ ਸਕੂਲਾਂ ਵਿੱਚ ਪੜ੍ਹਾਈ ਘੱਟ ਹੋਣ, ਹੋਮ ਵਰਕ ਨਾ ਦੇਣ, ਸਕੂਲਾਂ ‘ਚ ਪੇਰੈਂਟਸ ਦੀ ਗੱਲ ਨਾ ਮੰਨੀ ਜਾਣ ਜਹੀਆਂ ਸ਼ਿਕਾਇਤਾਂ ਬਾਰੇ ਦੱਸ ਰਹੇ ਹੈ। ਜੌਹਲ ਨੇ ਕਿਹਾ ਕਿ ਟੀਚਰ ਅਤੇ ਪੇਰੈਂਟਸ ਵਿਚਕਾਰ ਸ਼ਿਕਾਇਤਾਂ ਦੀ ਘੋਖ ਕਰਨ ‘ਤੇ ਪਤਾ ਲੱਗਦਾ ਹੈ ਕਿ ਦੋਵਾਂ ਧਿਰਾਂ ਵਿਚਾਲ਼ੇ ਸਹਿਜ ਸੁਭਾਅ ਨਾਲ ਵਧੇਰੇ ਮੇਲ-ਮਿਲਾਪ ਅਤੇ ਟੀਮ ਵਰਕ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਲੈਂਗੂਏਜ ਬੈਰੀਅਰ ਵੀ ਇਕ ਕਾਰਨ ਹੈ ਜਿਸ ਕਰਕੇ ਟੀਚਰ ਅਤੇ ਪੇਰੈਂਟਸ ਦੀ ਆਪਸ ਵਿੱਚ ਖੁਲ੍ਹ ਕੇ ਗੱਲ ਨਹੀਂ ਹੁੰਦੀ।
ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਆਖਿਆ ਕਿ ਪੇਰੈਂਟਸ ਦੀ ਨਿਰਾਸ਼ਾ ਨੂੰ ਸਮਝਣਾ ਅਤੇ ਗੰਭੀਰਤਾ ਨਾਲ ਲੈਣਾ ਜਰੂਰੀ ਹੈ ਕਿਉਂਕਿ ਸੰਤੁਸ਼ਟ ਮਾਪੇ ਬੱਚੇ ਨੂੰ ਸਕੂਲ ਭੇਜਣ ਅਤੇ ਚੰਗਾ ਭਵਿੱਖ ਬਣਾਉਣ ਪ੍ਰਤੀ ਉਤਸ਼ਾਹਿਤ ਹੋ ਸਕਦੇ ਹਨ। ਸਤਪਾਲ ਸਿੰਘ ਜੌਹਲ ਨੇ ਇਹ ਵੀ ਦੱਸਿਆ ਕਿ ਸਕੂਲ ਬੱਸਾਂ ਦੀ ਸਰਵਿਸ ਤੋਂ ਮਾਤਾਵਾਂ ਨਾਖੁਸ਼ ਹਨ ਕਿਉਂਕਿ ਨੰਨੇ ਬੱਚਿਆਂ ਨੂੰ ਲੰਬੀ ਵਾਟ ਤੋਰਨਾ ਔਖਾ ਹੈ। ਬਰੈਂਪਟਨ ‘ਚ ਸਕੂਲ ਬੱਸਾਂ ਦਾ ਦਿੱਤੇ ਸਮੇਂ ਤੋਂ ਲੇਟ ਪੁੱਜਣਾ ਵੀ ਆਮ ਗੱਲ ਹੁੰਦੀ ਜਾ ਰਹੀ ਹੈ ਜੋ ਕੈਨੇਡੀਅਨ ਸਟੈਂਡਰਡ ਦੇ ਅਨੁਕੂਲ ਨਹੀਂ। ਸਤਪਾਲ ਸਿੰਘ ਜੌਹਲ ਨੇ ਦੱਸਿਆ ਕਿ ਪੇਰੈਂਟਸ ਦੇ ਮਨਾਂ ਵਿੱਚ ਸਕੂਲ ਸਿਸਟਮ ਪ੍ਰਤੀ ਨਿਰਾਸ਼ਾ ਦੂਰ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ।
ਇਹ ਵਰਨਣਯੋਗ ਹੈ ਕਿ ਪਿਛਲੇ ਕੁਝ ਹਫਤਿਆਂ ਦੇ ਚੋਣ ਪ੍ਰਚਾਰ ਦੀ ਮੁਹਿੰਮ ਦੌਰਾਨ ਸਤਪਾਲ ਸਿੰਘ ਜੌਹਲ ਨੂੰ ਬਰੈਂਪਟਨ ਸ਼ਹਿਰ ਵਿੱਚ 20 ਦੇ ਕਰੀਬ ਸੰਸਥਾਵਾਂ, ਬਿਜ਼ਨਸ ਅਦਾਰਿਆਂ ਅਤੇ ਸੀਨੀਅਰਜ਼ ਕੱਲਬਾਂ ਦੇ ਸਮਾਗਮਾਂ ‘ਚ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਸਮਰੱਥਨ ਦਿੱਤਾ ਜਾ ਰਿਹਾ ਹੈ। ਜਿਨ੍ਹਾਂ ਵਿੱਚ ਸਪਰਿੰਗਡੇਲ ਸਨੀਮੀਡੋ ਸੀਨੀਅਰਜ਼ ਕਲੱਬ, ਨਿਊ ਹੋਪ ਸੀਨੀਅਰ ਸਿਟੀਜਨਜ਼ ਆਫ ਬਰੈਂਪਟਨ, ਟ੍ਰੀਲਾਈਨ ਸੀਨੀਅਰਜ਼ ਕਲੱਬ, ਰੌਕ ਗਾਰਡਨ ਵਾਲੰਟੀਅਰਜ਼ ਗਰੁੱਪ, ਦੋਆਬਾ ਟਰੱਕ ਲਿਊਬ, ਮਾਊਂਟ ਰਾਇਲ ਸੀਨੀਅਰਜ਼ ਕਲੱਬ, ਥੌਰਨਡੇਲ ਸੀਨੀਅਰਜ਼ ਕੱਲਬ, ਮੇਰੀਕੀਨਾ ਸੀਨੀਅਰਜ਼ ਕਲੱਬ, ਸਨੋਅਕੈਪ ਵੁਮੈਨ ਗੁਰੱਪ, ਪੀਲ ਸਪੋਰਟਸ ਐਂਡ ਕਲਚਰਲ ਅਕੈਡਮੀ, ਧਮੋਟ ਇਲਾਕੇ ਦੇ ਬਰੈਂਪਟਨ ਏਰੀਆ ਨਿਵਾਸੀ, ਕਰਤਾਰਪੁਰ ਚੈਰੀਟੇਬਲ ਫੰਡ, ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਐਸੋਸੀਏਸ਼ਨ, ਪਿੰਡ ਪੱਤੋ ਹੀਰਾ ਸਿੰਘ ਪਿੰਡ ਦੇ ਬਰੈਂਪਟਨ ਵਾਸੀ, ਜੇਮਜ਼ ਪੋਟਰ ਸੀਨੀਅਰਜ਼ ਕੱਲਬ, ਮਾਝਾ ਸਪੋਰਟਸ ਐਂਡ ਕਲਚਰਲ ਕਲੱਬ, ਗੌਰਡਨ ਰੈਂਡਲ ਸੀਨੀਅਰਜ਼ ਕਲੱਬ, ਸ਼ੂਗਰਕੇਨ ਸੀਨੀਅਰਜ਼ ਕਲੱਬ, ਬਰੈਂਪਟਨ ਵੁਮੈੱਨ ਸੀਨੀਅਰਜ਼ ਕਲੱਬ, ਕੈਲਡ੍ਰਸਟੋਨ ਸੀਨੀਅਰਜ਼ ਕਲੱਬ, ਵੈਲੀਕ੍ਰੀਕ ਸੀਨੀਅਰਜ਼ ਕਲੱਬ ਅਤੇ ਕ੍ਰੈਡਿਟਵਿਊ ਸੀਨੀਅਰਜ਼ ਕਲੱਬ ਨਾਲ ਸ਼ਾਮਿਲ ਹਨ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …