ਡਾਇਬਟੀਜ਼ ਲਈ ਨੈਸ਼ਨਲ ਫਰੇਮਵਰਕ ਬਣਾਉਣ ਲਈ ਸੋਨੀਆ ਸਿੱਧੂ ਵੱਲੋਂ ਪੇਸ਼ ਕੀਤਾ ਬਿਲ ਸੀ-237 ਤੀਸਰੇ ਪੜ੍ਹਾਅ ਤੋਂ ਅੱਗੇ ਵਧਿਆ
ਬਰੈਂਪਟਨ/ਬਿਊਰੋ ਨਿਊਜ਼ : ਐੱਮ.ਪੀ ਸੋਨੀਆ ਸਿੱਧੂ ਨੇ ਜਾਣਕਾਰੀ ਦਿੱਤੀ ਕਿ ਬੈਟਰੀ ਇਲੈਕਟ੍ਰਿਕ ਬੱਸਾਂ (ਬੀਈਬੀਜ਼) ਬਰੈਂਪਟਨ ਦੀਆਂ ਸੜਕਾਂ ‘ਤੇ 4 ਮਈ ਤੋਂ ਚੱਲਣੀਆਂ ਸ਼ੁਰੂ ਹੋ ਗਈਆਂ ਹਨ। ਇਹਨਾਂ ਬੱਸਾਂ ਲਈ 2019 ਵਿਚ ਕੈਨੇਡਾ ਫੈੱਡਰਲ ਸਰਕਾਰ ਵੱਲੋਂ ਫੰਡਿੰਗ ਦਾ ਐਲਾਨ ਕੀਤਾ ਸੀ। ਇਹ ਫੈਡਰਲ ਫੰਡਿੰਗ ਗ੍ਰੀਨ ਇਨਫ੍ਰਾਸਟ੍ਰਕਚਰ – ਇਲੈਕਟ੍ਰਿਕ ਵਾਹਨ ਬੁਨਿਆਦੀ ਢਾਂਚਾ ਪ੍ਰੋਗਰਾਮ ਦੁਆਰਾ ਪ੍ਰਦਾਨ ਕੀਤੀ ਗਈ ਸੀ। ਇਸ ਸਬੰਧੀ ਗੱਲ ਕਰਦਿਆਂ ਬਰੈਂਪਟਨ ਸਾਊਥ ਤੋਂ ਐੱਮ.ਪੀ ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ ਦੇ ਵਸਨੀਕਾਂ ਦੇ ਸਫਰ ਨੂੰ ਆਸਾਨ, ਤੇਜ਼ ਅਤੇ ਕਿਫਾਇਤੀ ਬਣਾਉਣ ਲਈ ਜ਼ੀਰੋ-ਐਮੀਸ਼ਨ ਬੱਸਾਂ ਵਿੱਚ ਕੈਨੇਡਾ ਫੈੱਡਰਲ ਸਰਕਾਰ ਦੇ ਨਿਵੇਸ਼ ਦਾ ਟੀਚਾ ਹੈ। ਇਹ ਐਲਾਨ ਬਰੈਂਪਟਨ ਦੇ 2050 ਤੱਕ ਕਾਰਬਨ ਨਿਕਾਸ ਨੂੰ 80 ਪ੍ਰਤੀਸ਼ਤ ਤੱਕ ਘਟਾਉਣ ਦੇ ਮਹੱਤਵਪੂਰਣ ਟੀਚੇ ਅਤੇ 5 ਸਾਲਾਂ ਵਿੱਚ 5,000 ਜ਼ੀਰੋ ਇਮੀਸ਼ਨ ਬੱਸਾਂ ਨੂੰ ਜੋੜਨ ਦੀ ਸਾਡੀ ਸਰਕਾਰ ਦੀ ਵਚਨਬੱਧਤਾ ਵੱਲ ਇੱਕ ਮਹੱਤਵਪੂਰਣ ਮੀਲ ਪੱਥਰ ਹੈ। ਇਹ ਕੈਨੇਡੀਅਨ ਨੌਕਰੀਆਂ, ਵਾਤਾਵਰਨ ਤਬਦੀਲੀ ਨਾਲ ਨਜਿੱਠਣ ਅਤੇ ਕਮਿਊਨਟੀ ਲਈ ਕਾਫੀ ਲਾਹੇਵੰਦ ਹੋਵੇਗਾ। ਇਸੇ ਦੌਰਾਨ ਸੋਨੀਆ ਸਿੱਧੂ ਵੱਲੋਂ ਡਾਇਬਟੀਜ਼ ਬਿਲ ਸੀ-237 ਸੰਸਦ ਵਿਚ ਤੀਸਰੇ ਪੜ੍ਹਾਅ ਵੱਲ ਵੱਧ ਗਿਆ ਹੈ। ਇਸ ਬਿੱਲ ਤਹਿਤ ਕੈਨੇਡਾ ‘ਚ ਇੱਕ ਡਾਇਬਟੀਜ਼ ਰਾਸ਼ਟਰੀ ਫਰੇਮਵਰਕ ਵਿਕਸਤ ਕਰਨ ਦੇ ਟੀਚੇ ਨੂੰ ਨਿਰਧਾਰਤ ਕੀਤਾ ਗਿਆ ਹੈ, ਜਿਸ ਨਾਲ ਕੈਨੇਡਾ ਦੇ ਸ਼ੂਗਰ ਰੋਗੀਆਂ ਦੀ ਰੋਕਥਾਮ ਅਤੇ ਇਲਾਜ਼ ਵਿੱਚ ਸੁਧਾਰ ਲਈ ਕਦਮ ਚੁੱਕੇ ਜਾਣਗੇ। ਜ਼ਿਕਰਯੋਗ ਹੈ ਕਿ ਪਿਛਲੇ ਕਾਰਜਕਾਲ ਦੌਰਾਨ ਸੋਨੀਆ ਸਿੱਧੂ ਨੇ ਮੋਸ਼ਨ-173 ਵੀ ਪੇਸ਼ ਕੀਤਾ ਸੀ, ਜਿਸ ਤਹਿਤ ਨਵੰਬਰ ਵਿੱਚ ਕੈਨੇਡਾ ਵਿੱਚ ਸ਼ੂਗਰ ਜਾਗਰੂਕਤਾ ਮਹੀਨਾ ਜਾਣ ਲੱਗਿਆ ਹੈ। ਸ਼ੂਗਰ ਦੀ ਰੋਕਥਾਮ ਅਤੇ ਇਲਾਜ ਲਈ ਇਹ ਉਹਨਾਂ ਵੱਲੋਂ ਚੁੱਕਿਆ ਗਿਆ ਅਗਲਾ ਅਹਿਮ ਕਦਮ ਹੈ।