ਬਰੈਂਪਟਨ/ਡਾ. ਝੰਡ : ਅਕਤੂਬਰ ਮਹੀਨੇ ਨੂੰ ਪੂਰੀ ਦੁਨੀਆਂ ਵਿਚ ‘ਬ੍ਰੈੱਸਟ ਕੈਂਸਰ ਅਵੇਅਰਨੈੱਸ ਮੰਥ’ ਵਜੋਂ ਮਨਾਇਆ ਜਾਂਦਾ ਹੈ। ਟੋਰਾਂਟੋ ਵਿਚ ਦੀਵਾਲੀ ਕਈ ਰੂਪਾਂ ਵਿਚ ਮਨਾਈ ਜਾਂਦੀ ਹੈ ਪਰ ‘ਕੈਂਸਰ ਵਾਰੀਅਰ ਸੰਗਠਨ’ ਦੀ ਮੁੱਖ-ਸੰਸਥਾਪਕ ਨਵਨੀਤ ਸ਼ਰਮਾ ਦੀਵਾਲੀ ਦੇ ਇਸ ਸ਼ੁਭ-ਅਵਸਰ ‘ਤੇ ਇਕ ਅਜਿਹੀ ਨਿਰਾਲੀ ਸ਼ਾਮ ਦਾ ਆਯੋਜਨ ਕਰਦੀ ਆ ਰਹੀ ਹੈ ਜੋ ਕਿ ਮਨੋਰੰਜਕ ਹੋਣ ਦੇ ਨਾਲ ਨਾਲ ਸਮਾਜ ਲਈ ਪ੍ਰੇਰਨਾ-ਦਾਇਕ ਵੀ ਹੁੰਦੀ ਹੈ।
ਜ਼ਿਕਰਯੋਗ ਹੈ ਕਿ ਨਵਨੀਤ ਸ਼ਰਮਾ ਟੋਰਾਂਟੋ ਦੀ ਜਾਣੀ-ਪਛਾਣੀ ਟੀ.ਵੀ. ਹੋਸਟ ਹੈ ਜੋ ਕਿ ਖ਼ੁਦ ਬ੍ਰੈੱਸਟ ਕੈਂਸਰ ਸਰਵਾਈਵਰ ਹੈ। ਪਿਛਲੇ ਸਾਲ ਉਹ ਇਸ ਬੇਹੱਦ ਚੁਣੌਤੀ ਭਰਪੂਰ ਸਮੇਂ ਵਿੱਚੋਂ ਗੁਜ਼ਰੀ ਹੈ ਅਤੇ ਉਦੋਂ ਕੀਮੋਥਰੈਪੀ ਦੇ ਨਾਲ ਨਾਲ ਹੀ ਉਸ ਨੇ ਆਪਣੀ ਇਸ ਸੰਸਥਾ ‘ਕੈਂਸਰ ਵਾਰੀਅਰ ਸੰਗਠਨ’ ਦਾ ਵੀ ਉਦਘਾਟਨ ਕੀਤਾ। ਆਪਣੇ ਇਸ ਸਫ਼ਰ ‘ਤੇ ਉਸ ਨੂੰ ਬਹੁਤ ਸਾਰੇ ਲੋਕ ਮਿਲੇ ਜੋ ਕੈਂਸਰ ਪੀੜਤ ਹਨ ਜਾਂ ਉਨ੍ਹਾਂ ਦੇ ਕੇਅਰਗਿਵਰ ਉਨ੍ਹਾਂ ਦੀ ਦੇਖ-ਭਾਲ ਕਰਨ ਵਾਲੇ ਹਨ। ਉਹ ਉਨ੍ਹਾਂ ਸਭਨਾਂ ਦੀ ਹਿੰਮਤ ਅਤੇ ਜਜ਼ਬੇ ਨੂੰ ਸਲਾਮ ਕਰਦੀ ਹੈ ਅਤੇ ਉਨ੍ਹਾਂ ਲਈ ਆਪਣੀ ਕਹਾਣੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦੀ ਹੈ ਤਾਂ ਕਿ ਅਸੀਂ ਸਭ ਜਾਗਰੂਕ ਹੋ ਸਕੀਏ ਅਤੇ ਕਮਿਊਨਿਟੀ ਦੀ ਸੇਵਾ ਕਰ ਸਕੀਏ।
2 ਨਵੰਬਰ, 2018 ਦੀ ਸ਼ਾਮ ਨੂੰ ਅਪੋਲੋ ਕਨਵੈਨਸ਼ਨ ਸੈਂਟਰ ਵਿਚ ਹੋਣ ਵਾਲੇ ‘ਸੈਲੀਬਰੇਟ ਲਾਈਫ਼ ਵਿਦ ਲਾਈਟਸ’ ਨਾਮਿਕ ਭਾਵ-ਭਿੰਨੇ ਈਵੈਂਟ ਬਾਰੇ ਨਵਨੀਤ ਦੱਸਦੀ ਹੈ ਕਿ ਇਹ ‘ਕੈਂਸਰ ਵਾਰੀਅਰ ਸੰਗਠਨ’ ਦਾ ਦੂਸਰਾ ਫ਼ੰਡ-ਰੇਜਿੰਗ ਗਾਲਾ ਹੈ ਜੋ ਕਿ ਸਾਊਥ ਏਸ਼ੀਅਨ ਕਮਿਊਨਿਟੀ ਵਿਚ ਆਪਣੀ ਤਰ੍ਹਾਂ ਦਾ ਇਕ ਅਨੋਖਾ ਈਵੈਂਟ ਹੈ ਅਤੇ ਇਹ ‘ਬਰਾਈਟ ਰੱਨ ਕੈਂਸਰ’ ਨਾਂ ਦੀ ਸੰਸਥਾ ਨਾਲ ਮਿਲ ਕੇ ਆਯੋਜਿਤ ਕੀਤਾ ਜਾ ਰਿਹਾ ਹੈ ਜੋ ਮੈਕਮਾਸਟਰ ਯੂਨੀਵਰਸਿਟੀ ਦੀ ਭਾਈਵਾਲੀ ਨਾਲ ‘ਜੂਰਾਵਿੰਸਕੀ ਹਸਪਤਾਲ ਤੇ ਕੈਂਸਰ ਸੈਂਟਰ’ ਦੇ ਰਿਸਰਚ ਅਵੇਅਰਨੈੱਸ ਪ੍ਰੋਗਰਾਮ ਲਈ ਡੋਨੇਸ਼ਨ ਇਕੱਤਰ ਕਰਨ ਲਈ ਕੰਮ ਕਰਦਾ ਹੈ। ਪਿਛਲੇ ਸਾਲ ਕਮਿਊਨਿਟੀ ਦੀ ਮਦਦ ਨਾਲ ਕੈਂਸਰ ਰਿਸਰਚ ਲਈ 20,000 ਡਾਲਰ ਦੀ ਰਕਮ ਇਕੱਤਰ ਕੀਤੀ ਗਈ ਸੀ। ਇਸ ਸਾਲ ਉਹ ਇਸ ਰਕਮ ਨੂੰ ਦੁੱਗਣੀ ਕਰਨ ਲਈ ਡੱਟੀ ਹੋਈ ਹੈ ਅਤੇ ਆਪਣੀ ਟੀਮ ਅਤੇ ਵਲੰਟੀਅਰਾਂ ਨਾਲ ਇਸ ਈਵੈਂਟ ਦੀ ਤਿਆਰੀ ਵਿਚ ਮੱਘਨ ਹੈ। ਨਵਨੀਤ ਨੇ ਦੱਸਿਆ ਕਿ ਇਸ ਈਵੈਂਟ ਤੋਂ ਇਕੱਤਰ ਹੋਣ ਵਾਲੀ ਸਾਰੀ ਰਕਮ ‘ਹੈਮਿਲਟਨ ਹੈੱਲਥ ਸਾਇੰਸਿਜ ਫ਼ਾਊਂਡੇਸ਼ਨ ਨੂੰ ਡੋਨੇਟ ਕੀਤੀ ਜਾਏਗੀ। ਇਸ ਸਾਲ ਪਿਛਲੇ ਸਾਲ ਵਾਲੇ ਸਪੋਰਟਰਾਂ ਦੇ ਨਾਲ ਨਾਲ ਐਨ.ਐਮ.ਟੀ. ਦੇ ਇੰਦਰਜੀਤ ਧੁੱਗਾ, ‘ਉਂਕਾਰ ਟਰੈਵਲਜ਼’ ਦੇ ਦੀਪਕ ਕੁਮਾਰ, ‘ਰੀਮੈਕਸ ਗੋਲਡ’ ਦੇ ਬਲਵਿੰਦਰ ਕੁਮਾਰ, ‘ਡਿਵਾਈਨ ਔਰਾ ਸੈਲੂਨ ਐਂਡ ਸਪਾ’ ਦੇ ਮੋਨਿਕਾ ਗਿਰਜੀਲਾ ਅਤੇ ‘ਆਪਣਾ ਟੇਸਟ’ ਦੇ ਹਰਪਾਲ ਸਿੰਘ ਦੇ ਰੂਪ ਵਿਚ ਨਵੇਂ ਸਪੋਰਟਰ ਵੀ ਸ਼ਾਮਲ ਹੋਏ ਹਨ।
ਪਿਛਲੇ ਸਾਲ ਦੇ ਬੇਹੱਦ ਸਫ਼ਲ ਅਤੇ ਚਰਚਿਤ ਪ੍ਰੋਗਰਾਮ ਬਾਰੇ ਦੱਸਦੇ ਹੋਏ ਨਵਨੀਤ ਦਾ ਕਹਿਣਾ ਹੈ, ”ਪਿਛਲੇ ਸਾਲ ਦਾ ਸ਼ੋਅ ਸਾਡਾ ਸਟੌਪਰ ਆਈਟਮ ਸੀ ‘ਡਿਜ਼ਾਈਨਰ ਰੈਂਪ ਵਾਕ’ ਜਿਸ ਵਿਚ ਸਾਡੇ ਮਾਡਲ ਰੀਅਲ ਲਾਈਫ਼ ਬਰੈੱਸਟ ਕੈਂਸਰ ਸਰਵਾਈਵਰ ਸਨ।” ਮੀਡੀਏ ਵਿਚ ਬਹੁਤ ਦਿਨ ਇਸ ਦੀ ਚਰਚਾ ਰਹੀ ਸੀ। ਜ਼ਾਹਿਰ ਹੈ ਕਿ ਇਸ ਵਾਰ ਵੀ ਸਾਡੇ ਕੋਲੋਂ ਇਕ ਤੋਂ ਇਕ ਵਧੀਆ ਮੌਲਿਕ ਆਈਟਮਾਂ ਦੀ ਉਮੀਦ ਕੀਤੀ ਜਾ ਰਹੀ ਹੈ।” ਇਸ ਸਾਲ ਦੀਆਂ ਸੀਕਰਿਟ ਆਈਟਮਾਂ ਬਾਰੇ ਜ਼ਿਆਦਾ ਜਾਣਕਾਰੀ ਨਾ ਦਿੰਦੇ ਹੋਏ ਨਵਨੀਤ ਨੇ ਕਿਹਾ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ਟੀਮ ਫੇਸ-ਬੁੱਕ ਅਤੇ ਇੰਸਟਾਗਰਾਮ ‘ਤੇ ਛੋਟੇ ਛੋਟੇ ਸਨੀਕਪੀਕ ਅਤੇ ਈਵੈਂਟ ਟਰੇਲਰਜ਼ ਪਾਉੰਦੀ ਰਹੇਗੀ। ਉਨ੍ਹਾਂ ਨੂੰ www@cancerwarrior ‘ਤੇ ਲੱਭਿਆ ਜਾ ਸਕਦਾ ਹੈ ਅਤੇ ਨਾਲ ਹੀ ਸਾਡੇ ਪਾਠਕ ਸਾਡੇ ਆਨ-ਲਾਈਨ ਕੌਨਟੈੱਸਟ ਵਿਚ ਵੀ ਹਿੱਸਾ ਲੈ ਸਕਦੇ ਨੇ।
ਨਵਨੀਤ ਦਾ ਕਹਿਣਾ ਹੈ ਕਿ ਸਾਊਥ ਏਸ਼ੀਅਨ ਭਾਈਚਾਰੇ ਵਿਚ ਖ਼ਾਸ ਕਰਕੇ ਅਜੇ ਵੀ ਵਧੇਰੇ ਜਾਗਰੂਕਤਾ ਦੀ ਜ਼ਰੂਰਤ ਹੈ ਕਿਉਂਕਿ ਕੈਂਸਰ ਦੇ ਲੱਛਣ ਸੁਰੂ ਵਿਚ ਨਹੀਂ ਦਿਸਦੇ ਅਤੇ ਜਦੋਂ ਇਸ ਦਾ ਪਤਾ ਲੱਗਦਾ ਹੈ ਤਾਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਸਰੀਰ ਅੰਦਰ ਹੋਣ ਵਾਲੀ ਹਰ ਹਲਚਲ ਨੂੰ ਸਮਝਣਾ ਚਾਹੀਦਾ ਹੈ ਅਤੇ ਜਕਰੇ ਕੁਝ ਵੀ ਵੱਖਰਾ ਲੱਗੇ ਤਾਂ ਡਾਕਟਰ ਕੋਲੋਂ ਚੈੱਕ ਕਰਵਾਉਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਾਨੂੰ ਦੂਸਰੇ ਭਾਈਚਾਰਿਆਂ ਵਾਂਗ ਜਗਰੂਕ ਅਤੇ ਤਿਆਰ-ਬਰ ਤਿਆਰ ਰਹਿਣਾ ਚਾਹੀਦਾ ਹੈ ਤਾਂ ਕਿ ਵੇਲੇ ਸਿਰ ਕੈਂਸਰ ਨਾਲ ਜੂਝਣ ਲਈ ਜੁੱਟ ਸਕੀਏ ਕਿਉਂਕਿ ਇਹ ਕੇਵਲ ਕੈਂਸਰ ਦੇ ਮਰੀਜ਼ਾਂ ਦੀ ਹੀ ਲੜਾਈ ਨਹੀਂ, ਸਾਡੀ ਸਭਨਾਂ ਦੀ ਸਾਂਝੀ ਲੜਾਈ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …