ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਕਿਚਨਰ ਲਾਈਨ ਉੱਪਰ ‘ਗੋ ਟਰੇਨ’ ਲੈ ਕੇ ਰੋਜ਼ਾਨਾ ਟੋਰਾਂਟੋ ਜਾਣ ਤੇ ਆਉਣ ਵਾਲੇ ਬਰੈਂਪਟਨ-ਵਾਸੀਆਂ ਦੀਆਂ ਮੁਸ਼ਕਲਾਂ ਸਬੰਧੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਨੇ ਇਹ ਪ੍ਰਗਟਾਵਾ ਓਨਟਾਰੀਓ ਟਰਾਂਸਪੋਰਟ ਮੰਤਰੀ ਮਾਣਯੋਗ ਜੈੱਫ਼ ਯੁਰੇਕ ਨੂੰ ਇਸ ਸਬੰਧੀ ਇਕ ਚਿੱਠੀ ਲਿਖ ਕੇ ਕੀਤਾ ਹੈ।
ਉਨ੍ਹਾਂ ਕਿਹਾ ਹੈ ਕਿ ਗੋ-ਟਰੇਨਾਂ ਵਿਚ ਬਹੁਤ ਭੀੜ ਹੋਣ ਕਾਰਨ ਲੋਕਾਂ ਨੂੰ ਬਹੁਤ ਦਿੱਕਤਾਂ ਆਉਂਦੀਆਂ ਹਨ ਅਤੇ ਰੇਲਵੇ ਵਿਭਾਗ ਨੂੰ ਫ਼ੈੱਡਰਲ ਸਰਕਾਰ ਵੱਲੋਂ ਕੀਤੇ ਜਾ ਰਹੇ ਪੂੰਜੀ ਨਿਵੇਸ਼ ਵਿੱਚੋਂ ਨਵੀਆਂ ਰੇਲ-ਕਾਰਾਂ ਖ਼ਰੀਦ ਕੇ ਇਹ ਦੂਰ ਕਰਨੀਆਂ ਚਾਹੀਦੀਆਂ ਹਨ। ਇਸ ਦੇ ਬਾਰੇ ਦੱਸਦਿਆਂ ਹੋਇਆਂ ਉਨ੍ਹਾਂ ਕਿਹਾ, ”ਬਰੈਂਪਟਨ-ਵਾਸੀਆਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਓਨਟਾਰੀਓ ਸਰਕਾਰ ਅਤੇ ਬਰੈਂਪਟਨ ਸ਼ਹਿਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦਾ ਆਪਣਾ ਹੀ ਰਿਕਾਰਡ ਹੈ। ਬਰੈਂਪਟਨ ਦੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਕੰਮਾਂ-ਕਾਜਾਂ ਦੀ ਖ਼ਾਤਰ ਹਰ ਰੋਜ਼ ਟੋਰਾਂਟੋ ਜਾਣਾ-ਆਉਣਾ ਪੈਂਦਾ ਹੈ। ਮੈਨੂੰ ਖ਼ੁਸ਼ੀ ਹੈ ਕਿ ਜੀ.ਟੀ.ਏ. ਨੈੱਟ-ਵਰਕ ਜਿਸ ਵਿਚ ਕਿਚਨਰ-ਲਾਈਨ ਵੀ ਸ਼ਾਮਲ ਹੈ, ਦੇ ਲਈ ਨਵੇਂ ਕੋਚ ਖ਼ਰੀਦਣ ਲਈ ਫ਼ੈੱਡਰਲ ਸਰਕਾਰ ਨੇ ਪਿੱਛੇ ਜਿਹੇ 93 ਮਿਲੀਅਨ ਦਾ ਪੂੰਜੀ ਨਿਵੇਸ਼ ਕੀਤਾ ਹੈ।”
ਆਪਣੇ ਹਲਕੇ ਦੇ ਲੋਕਾਂ ਅਤੇ ਬਰੈਂਪਟਨ-ਵਾਸੀਆਂ ਦੀਆਂ ਚਿੰਤਾਵਾਂ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਨੇ ਟਰਾਂਸਪੋਰਟ ਮੰਤਰੀ ਨੂੰ ਜ਼ੋਰ ਦੇ ਕੇ ਕਿਹਾ ਹੈ ਕਿ ਟੋਰਾਂਟੋ ਵੱਲ ਜਾਣ ਵਾਲੇ ਲੋਕਾਂ ਦੇ ਭੀੜ ਨੂੰ ਘੱਟ ਕਰਨ ਲਈ ਨਵੀਆਂ ਰੇਲ-ਕਾਰਾਂ ਦੀ ਜਲਦੀ ਤੋਂ ਜਲਦੀ ਵਿਵਸਥਾ ਕੀਤੀ ਜਾਏ।
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …