Breaking News
Home / ਕੈਨੇਡਾ / ਰੂਬੀ ਸਹੋਤਾ ਦੇ ਸਲਾਨਾ ਓਪਨ ਹਾਊਸ ਵਿਚ ਸੈਂਕੜਿਆਂ ਦੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਿਰਕਤ

ਰੂਬੀ ਸਹੋਤਾ ਦੇ ਸਲਾਨਾ ਓਪਨ ਹਾਊਸ ਵਿਚ ਸੈਂਕੜਿਆਂ ਦੀ ਗਿਣਤੀ ‘ਚ ਲੋਕਾਂ ਨੇ ਕੀਤੀ ਸ਼ਿਰਕਤ

ਬਰੈਂਪਟਨ/ਡਾ. ਝੰਡ
ਲੰਘੇ ਸ਼ਨੀਵਾਰ 12 ਜਨਵਰੀ ਨੂੰ ਬਰੈਂਪਟਨ ਨੌਰਥ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਆਪਣੇ ਦਫ਼ਤਰ ਵਿਚ ਸਲਾਨਾ ਓਪਨ ਹਾਊਸ ਵਿਚ ਆਉਣ ਵਾਲੇ ਲੋਕਾਂ ਦਾ ਸੁਆਗ਼ਤ ਕੀਤਾ ਅਤੇ ਉਨ੍ਹਾਂ ਨੂੰ ‘ਜੀ-ਆਇਆਂ’ ਕਿਹਾ। ਸੈਂਕੜਿਆਂ ਦੀ ਗਿਣਤੀ ਵਿਚ ਪਹੁੰਚੇ ਲੋਕਾਂ ਵਿਚ ਬਰੈਂਪਟਨ ਨੌਰਥ ਇਲਾਕਾ-ਵਾਸੀ, ਬਿਜ਼ਨੈੱਸ ਅਦਾਰਿਆਂ ਦੇ ਮਾਲਕ ਅਤੇ ਕਈ ਕਮਿਊਨਿਟੀ ਆਰਗੇਨਾਈਜ਼ੇਸ਼ਨਾਂ ਦੇ ਨੁਮਾਇੰਦੇ ਸ਼ਾਮਲ ਸਨ।
ਇਸ ਸਲਾਨਾ ਓਪਨ ਹਾਊਸ ਨੇ ਜਿੱਥੇ ਬਰੈਂਪਟਨ ਨੌਰਥ ਦੇ ਨਿਵਾਸੀਆਂ ਲਈ ਆਪਣੀ ਹਰਮਨ-ਪਿਆਰੀ ਮੈਂਬਰ ਪਾਰਲੀਮੈਂਟ ਨੂੰ ਮਿਲਣ, ਉਨ੍ਹਾਂ ਨਾਲ ਸੰਖੇਪ ਗੱਲਬਾਤ ਕਰਨ ਅਤੇ ਇਕ ਦੂਸਰੇ ਨਾਲ ਨਵੇਂ ਸਾਲ ਦੀ ਮੁਬਾਰਕ-ਬਾਦ ਸਾਂਝੀ ਕਰਨ ਲਈ ਸੁਨਹਿਰੀ-ਮੌਕਾ ਪ੍ਰਦਾਨ ਕੀਤਾ, ਉੱਥੇ ਇਸ ਦੇ ਨਾਲ ਹੀ ਉਨ੍ਹਾਂ ਨੇ ਲਿਬਰਲ ਸਰਕਾਰ ਦੀਆਂ ਮਿਡਲ ਕਲਾਸ ਪੱਖੀ ਪ੍ਰੋਗਰਾਮਾਂ, ਦੇਸ਼ ਦੇ ਅਰਥਚਾਰੇ ਨੂੰ ਹੋਰ ਅੱਗੇ ਲਿਜਾਣ ਵਾਲੀਆਂ ਯੋਜਨਾਵਾਂ ਅਤੇ ਸਮੂਹ ਕੈਨੇਡਾ-ਵਾਸੀਆਂ ਦੇ ਉੱਜਲ ਭਵਿੱਖ ਲਈ ਪੂੰਜੀ ਨਿਵੇਸ਼ ਕਰਨ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਸਰਕਾਰ ਦੀਆਂ ਇਨ੍ਹਾਂ ਪ੍ਰਾਪਤੀਆਂ ਬਾਰੇ ਅਤੇ ਹੋਰ ਕਈ ਕਿਸਮ ਦੀ ਜਾਣਕਾਰੀ ਕੰਧ ਨਾਲ ਲੱਗੇ ਇਸ਼ਤਿਹਾਰਾਂ ਉੱਪਰ ਉਪਲੱਭਧ ਕਰਾਈ ਗਈ ਅਤੇ ਮੌਕੇ ‘ਤੇ ਮੌਜੂਦ ਰੂਬੀ ਸਹੋਤਾ ਦੇ ਸੁਯੋਗ ਸਟਾਫ਼ ਨੇ ਲੋਕਾਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜੁਆਬ ਦਿੱਤੇ।
ਇਸ ਮੌਕੇ ਬੋਲਦਿਆਂ ਰੂਬੀ ਸਹੋਤਾ ਨੇ ਕਿਹਾ,”ਮੈਂ ਇਸ ਸਲਾਨਾ ਓਪਨ ਹਾਊਸ ਵਿਚ ਆਏ ਹਰੇਕ ਸ਼ੁਭ-ਚਿੰਤਕ ਦਾ ਧੰਨਵਾਦ ਕਰਦੀ ਹਾਂ। ਆਉਣ ਵਾਲੇ ਹਰ ਇਕ ਵਿਅੱਕਤੀ ਨੂੰ ਮਿਲਣਾ ਮੇਰੀ ਪ੍ਰਾਥਮਿਕਤਾ ਵਿਚ ਸ਼ਾਮਲ ਹੈ ਅਤੇ ਮੇਰਾ ਸਟਾਫ਼ ਵੀ ਹਰ ਸਾਲ ਵੱਧ ਤੋਂ ਵੱਧ ਲੋਕਾਂ ਨੂੰ ਮਿਲ ਕੇ ਪ੍ਰਸੰਨ ਹੁੰਦਾ ਹੈ। ਸਾਡੀ ਸਰਕਾਰ ਨੂੰ ਆਪਣੇ ਕੀਤੇ ਹੋਏ ਕੰਮਾਂ ਉੱਪਰ ਫ਼ਖ਼ਰ ਹਾਸਲ ਹੈ ਅਤੇ ਇਸ ਈਵੈਂਟ ਵਿਚ ਆਉਣ ਵਾਲਿਆਂ ਨਾਲ ਇਹ ਗੱਲਬਾਤ ਦਾ ਮੁੱਖ ਵਿਸ਼ਾ ਰਿਹਾ ਹੈ।”
ਉਨ੍ਹਾਂ ਕਿਹਾ ਕਿ ਸਰਕਾਰ ਕੈਨੇਡਾ ਬੈਨੀਫ਼ਿਟ ਤੋਂ ਲੈ ਕੇ ਮਿਡਲ ਕਲਾਸ ਤੇ ਛੋਟੇ ਕਾਰੋਬਾਰਾਂ ਉੱਪਰ ਟੈਕਸ ਘਟਾਉਣ ਅਤੇ ਕੈਨੇਡਾ-ਵਾਸੀਆਂ ਦੀ ਮਦਦ ਕਰਨ ਲਈ ਵਚਨਬੱਧ ਹੈ। ਇਸ ਦੇ ਨਾਲ ਹੀ ਇਨਫ਼ਰਾ-ਸਟਰੱਕਚਰ ਤੇ ਪਬਲਿਕ ਟ੍ਰਾਂਜ਼ਿਟ ਦੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਅਤੇ ਕਾਰਬਨ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਇਸ ਦੀ ਕੀਮਤ ਚੁਕਾਉਣਾ ਵੀ ਸ਼ਾਮਲ ਹੈ। ਉਨ੍ਹਾਂ ਹੋਰ ਦੱਸਿਆ ਕਿ ਉਨ੍ਹਾਂ ਦੇ ਸਟਾਫ਼ ਨੇ ਸਾਲ 2019 ਲਈ ਅਜਿਹੇ ਕਈ ਹੋਰ ਈਵੈਂਟ ਮਨਾਉਣ ਲਈ ਯੋਜਨਾ ਬਣਾਈ ਹੈ।

Check Also

‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ

ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …