ਬਰੈਂਪਟਨ/ਬਿਊਰੋ ਨਿਊਜ਼ : ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਗਰੌਸਰੀ-ਚੇਨ ‘ਚਲੋ ਫ਼ਰੈਸ਼ਕੋ’ ਵੱਲੋਂ ਬਰੈਂਪਟਨ ਸਾਊਥ ਵਿਚ ਆਪਣੀ ਤੀਸਰੀ ਲੋਕੇਸ਼ਨ ਖੋਲ੍ਹਣ ‘ਤੇ ਉਸ ਦੇ ਮਾਲਕ ਜੌਹਨ ਕੈਂਡਰਿਕ ਅਤੇ ਸਟਾਫ਼ ਨੂੰ ਜੀ-ਆਇਆਂ ਕਹਿੰਦਿਆਂ ਹੋਇਆਂ ਉਨ੍ਹਾਂ ਦਾ ਸੁਆਗ਼ਤ ਕੀਤਾ ਗਿਆ। ਇਸ ਮੌਕੇ ਉਦਘਾਟਨੀ ਸਮਾਰੋਹ ਵਿਚ ਸੋਨੀਆ ਸਿੱਧੂ ਦੇ ਨਾਲ ਬਰੈਂਪਟਨ ਦੇ ਕਾਊਂਸਲਰਜ਼ ਪਾਲ ਵਸੰਤੇ ਤੇ ਡਗ਼ ਵਿਲੀਅਮਜ਼ ਅਤੇ ਕਮਿਊਨਿਟੀ ਦੇ ਬਹੁਤ ਸਾਰੇ ਪਤਵੰਤੇ ਵੀ ਸ਼ਾਮਲ ਸਨ। ਇੱਥੇ ਇਹ ਜ਼ਿਕਰਯੋਗ ਹੈ ਕਿ ‘ਚਲੋ ਫ਼ਰੈਸ਼ਕੋ’ ਗਰੌਸਰੀ ਸਟੋਰਾਂ ‘ਤੇ ਗਾਹਕਾਂ ਨੂੰ ਹਰੇਕ ਪ੍ਰਕਾਰ ਦੀ ਸਾਊਥ ਏਸ਼ੀਅਨ ਤੇ ਹੋਰ ਖਾਧ-ਸਮੱਗਰੀ, ਤਾਜ਼ੇ ਸੀ-ਫ਼ੂਡਜ਼, ਫ਼ਲ਼, ਸਬਜ਼ੀਆਂ ਅਤੇ ਗਰੌਸਰੀ ਦਾ ਹਰ ਤਰ੍ਹਾਂ ਦਾ ਸਮਾਨ ਸਹੀ ਰੇਟਾਂ ‘ਤੇ ਮਿਲਦਾ ਹੈ।
ਇਸ ਮੌਕੇ ਗਾਹਕਾਂ ਤੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ, ”2015 ਤੋਂ ਕੈਨੇਡਾ ਦੀ ਸਰਕਾਰ ਦੇਸ਼-ਵਾਸੀਆਂ ਲਈ ਭਾਰੀ ਪੂੰਜੀ-ਨਿਵੇਸ਼ ਕਰ ਰਹੀ ਹੈ ਜਿਸ ਨਾਲ ਕੌਮੀ ਪੱਧਰ ‘ਤੇ 90,000 ਨਵੇਂ ਰੋਜ਼ਗਾਰ ਪੈਦਾ ਹੋਏ ਹਨ ਅਤੇ ਇਨ੍ਹਾਂ ਦੀ ਗਿਣਤੀ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਮੇਰੀ ਰਾਈਡਿੰਗ ਬਰੈਂਪਟਨ ਸਾਊਥ ਵਿਚ ਹੀ 100 ਤੋਂ ਵਧੀਕ ਨਵੇਂ ਰੋਜ਼ਗਾਰ ਹੋਂਦ ਵਿਚ ਆਏ ਹਨ ਜੋ ਸਾਡੇ ਸਾਰਿਆਂ ਲਈ ਬੜੀ ਖੁਸ਼ੀ ਵਾਲੀ ਗੱਲ ਹੈ। ‘ਚਲੋ ਫ਼ਰੈਸ਼ਕੋ’ ਦੇ ਮਾਲਕ ਜੌਹਨ ਕੈਂਡਰਿਕ ਵੱਲੋਂ ਸਾਡੀ ਕਮਿਊਨਿਟੀ ਲਈ ਨਵੀਂ ਫ਼੍ਰੈਂਚਾਈਜ਼ ਖੋਲ੍ਹਣ ਨਾਲ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਹੋਏ ਹਨ ਜਿਸ ਨਾਲ ਮਿਡਲ ਕਲਾਸ ਦੇ ਲੋਕਾਂ ਨੂੰ ਰੋਜ਼ਗਾਰ ਮਿਲੇਗਾ। 8405 ਫ਼ਾਈਨੈਂਸ਼ੀਅਲ ਡਰਾਈਵ ਤੇ ‘ਚਲੋ ਫ਼ਰੈਸ਼ਕੋ’ ਵੱਲੋਂ ਆਪਣੀ ਇਹ ਤੀਸਰੀ ਲੋਕੇਸ਼ਨ ਸ਼ੁਰੂ ਕੀਤੀ ਗਈ ਹੈ ਜਿਸ ਨਾਲ ਇਸ ਏਰੀਏ ਦੇ ਲੋਕਾਂ ਨੂੰ ਕਾਫ਼ੀ ਸਹੂਲਤ ਮਿਲੇਗੀ।”
ਉਨ੍ਹਾਂ ਕਿਹਾ ਕਿ ਛੋਟੇ ਅਤੇ ਦਰਮਿਆਨੇ ਦਰਜੇ ਦੇ ਬਿਜ਼ਨੈੱਸ ਦੇਸ਼ ਦੀ ‘ਰੀੜ੍ਹ ਦੀ ਹੱਡੀ’ ਹਨ। ਉਹ ਕੈਨੇਡਾ ਦੇ ਸਮੁੱਚੇ ਬਿਜ਼ਨੈੱਸ ਦਾ 98% ਭਾਗ ਬਣਦੇ ਹਨ ਅਤੇ 70% ਲੇਬਰ ਫ਼ੋਰਸ ਨੂੰ ਰੋਜ਼ਗਾਰ ਮੁਹੱਈਆ ਕਰਦੇ ਹਨ। ਇਸ ਤਰ੍ਹਾਂ ਉਹ ਦੇਸ਼ ਦੇ ਗਰੌਸ ਡੋਮੈੱਸਟਿਕ ਪ੍ਰੌਡਕਟ ਵਿਚ 30% ਦੀ ਭਾਈਵਾਲੀ ਪਾਉਂਦੇ ਹਨ। ਉਨ੍ਹਾਂ ਹੋਰ ਕਿਹਾ, ”ਛੋਟੇ ਬਿਜ਼ਨੈੱਸ ਕੈਨੇਡਾ ਨੂੰ ਅੱਗੇ ਲਿਜਾ ਰਹੇ ਹਨ ਅਤੇ ਇਸ ਮੌਕੇ ਮੈਂ ‘ਚਲੋ ਫ਼ਰੈੱਸ਼ਕੋ’ ਦੇ ਮਾਲਕ ਜੌਹਨ ਕੈਂਡਰਿਕ ਨੂੰ ਬਰੈਂਪਟਨ ਦੀ ਆਪਣੀ ਰਾਈਡਿੰਗ ਵਿਚ ਇਹ ਤੀਸਰੀ ਲੋਕੇਸ਼ਨ ਖੋਲ੍ਹਣ ਅਤੇ ਦੇਸ਼ ਦੇ ਅਰਥਚਾਰੇ ਵਿਚ ਆਪਣਾ ਭਰਪੂਰ ਯੋਗਦਾਨ ਪਾਉਣ ‘ਤੇ ਹਾਰਦਿਕ ਵਧਾਈ ਦਿੰਦੀ ਹਾਂ। ਜਦੋਂ ਛੋਟੇ ਰੋਜ਼ਗਾਰ ਪ੍ਰਫੁੱਲਤ ਹੁੰਦੇ ਹਨ ਤਾਂ ਕੈਨੇਡਾ ਵੀ ਅੱਗੇ ਵਧਦਾ ਹੈ।”
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …