ਫੈੱਡਰਲ ਸਰਕਾਰ ਬੱਚਿਆਂ ਦੀ ਦੇਖਭਾਲ ਨੂੰ ਹੋਰ ਕਿਫਾਇਤੀ ਬਣਾਉਣ ਲਈ ਵਚਨਬੱਧ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਦਿਨੀਂ ਕੈਨੇਡਾ ਫੈੱਡਰਲ ਸਰਕਾਰ ਦੀ ਚਾਈਲਡ ਕੇਅਰ ਦੀ ਯੋਜਨਾ ਬਾਰੇ ਵਿਚਾਰ ਵਟਾਂਦਰੇ ਲਈ, ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਬਰੈਂਪਟਨ-ਸਾਊਥ ਦੇ ਸ਼ੇਰ ਸਿੰਘ ਦੇ ਪਰਿਵਾਰ ਨਾਲ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨਾਲ ਵਰਚੁਅਲ ਮੁਲਾਕਾਤ ਕਰਵਾਈ ਗਈ।
ਪਰਿਵਾਰ ‘ਚੋਂ ਸ਼ੇਰ ਸਿੰਘ, ਉਹਨਾਂ ਦੀ ਪਤਨੀ ਨੈਨਸੀ, ਅਤੇ ਉਨ੍ਹਾਂ ਦੇ 2 ਸਾਲ ਦੇ ਬੇਟੇ ਕੰਵਲ ਨੈਨ ਸਿੰਘ ਸ਼ਾਮਲ ਸਨ, ਜਿਨ੍ਹਾਂ ਨੇ ਮਹਾਂਮਾਰੀ ਦੌਰਾਨ ਇੱਕ ਮਿਹਨਤਕਸ਼ ਅਤੇ ਮੱਧਵਰਗੀ ਪਰਿਵਾਰ ਵਜੋਂ ਡਿਪਟੀ ਪੀਐੱਮ ਫ੍ਰੀਲੈਂਡ ਨੂੰ ਆਪਣੇ ਤਜਰਬਿਆਂ ਅਤੇ ਪੇਸ਼ ਆਈਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ। ਵਿਚਾਰ ਵਟਾਂਦਰੇ ਦੌਰਾਨ, ਬੱਚੇ ਦੀ ਦਾਦੀ ਜੋ ਕਿ ਪੇਸ਼ੇ ਵਜੋਂ ਅਧਿਆਪਕ ਹਨ, ਜਗਦੀਪ ਕੌਰ ਨੇ ਵੀ ਵੱਖੋ-ਵੱਖਰੀਆਂ ਗੱਲਾਂ ਅਤੇ ਮੁਸ਼ਕਲਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਦਾ ਉਹਨਾਂ ਨੇ ਇਸ ਸਮੇਂ ਦੌਰਾਨ ਸਾਹਮਣਾ ਕੀਤਾ ਹੈ। ਵੁਮੈਨ ਕਮੇਟੀ ਦੀ ਉਪ-ਚੇਅਰ ਹੋਣ ਦੇ ਨਾਤੇ, ਸੰਸਦ ਮੈਂਬਰ ਸੋਨੀਆ ਸਿੱਧੂ ਵੱਲੋਂ ਬੱਚਿਆਂ ਦੀ ਦੇਖਭਾਲ ਨੂੰ ਕਿਫਾਇਤੀ ਬਣਾਉਣ ਲਈ ਲਗਾਤਾਰ ਆਵਾਜ਼ ਉਠਾਈ ਜਾਂਦੀ ਰਹੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਮਾਪੇ, ਖ਼ਾਸਕਰ ਮਾਵਾਂ, ਬੱਚਿਆਂ ਦੀ ਦੇਖਭਾਲ ਕਰਨ ਦੇ ਨਤੀਜੇ ਵਜੋਂ ਕੰਮ ਕਰਨ ਦੇ ਅਸਮਰੱਥ ਹੁੰਦੀਆਂ ਹਨ ਤਾਂ ਪਰਿਵਾਰ ਨੂੰ ਵੀ ਵਿੱਤੀ ਬੋਝ ਅਤੇ ਹੋਰਨਾਂ ਮੁਸ਼ਕਲਾਂ ਨੂੰ ਨਜਿੱਠਣਾ ਪੈਂਦਾ ਹੈ। ਉਹਨਾਂ ਨੇ ਕਿਹਾ ਕਿ ਬਰੈਂਪਟਨ ਸਾਊਥ ਦੇ ਇਸ ਪਰਿਵਾਰ ਵਾਂਗ ਕੈਨੇਡਾ ਭਰ ਦੇ ਪਰਿਵਾਰਾਂ ਨੂੰ ਚਾਈਲਡ ਕੇਅਰ ਬੈਨੀਫਿਟ ਵਿਚ ਵਾਧਾ ਹੋਣ ਕਾਰਨ ਲੋੜੀਂਦੀ ਸਹਾਇਤਾ ਕੈਨੇਡਾ ਫੇੱਡਰਲ ਸਰਕਾਰ ਵੱਲੋਂ ਮੁਹੱਈਆ ਕਰਵਾਈ ਗਈ ਹੈ ਕਿਉਂਕਿ ਜਦੋਂ ਬੱਚਿਆਂ ਦੀ ਦੇਖਭਾਲ ਨੂੰ ਕਿਫਾਇਤੀ ਬਣਾਇਆ ਜਾਂਦਾ ਹੈ ਤਾਂ ਮਹਿਲਾਵਾਂ, ਬੱਚਿਆਂ ਅਤੇ ਆਰਥਿਕਤਾ ਨੂੰ ਵੀ ਲਾਭ ਹੁੰਦਾ ਹੈ। ਐਮ ਪੀ ਸੋਨੀਆ ਸਿੱਧੂ ਨੇ ਇਸ ਮਹੱਤਵਪੂਰਨ ਵਿਸ਼ੇ ‘ਤੇ ਵਿਚਾਰ ਵਟਾਂਦਰੇ ਲਈ, ਪੀਲ ਵਿਚ ਪਰਿਵਾਰਾਂ ਨਾਲ ਮੁਲਾਕਾਤ ਕਰਨ ਅਤੇ ਬਰੈਂਪਟਨ ਸਾਊਥ ਦੇ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣਨ ਲਈ ਮੰਤਰੀ ਫ੍ਰੀਲੈਂਡ ਦਾ ਧੰਨਵਾਦ ਕੀਤਾ।