ਬਰੈਂਪਟਨ/ਡਾ. ਝੰਡ : ਸਾਵਣ ਦਾ ਮਹੀਨਾ ਚੱਲ ਰਿਹਾ ਹੈ ਅਤੇ ਇਸ ਦੌਰਾਨ ਤੀਆਂ ਦੇ ਤਿਓਹਾਰਾਂ ਦੀ ਪੂਰੀ ਗਹਿਮਾ-ਗਹਿਮ ਹੈ। ਹਰ ਹਫ਼ਤੇ ਐਤਵਾਰਾਂ ਨੂੰ ਮੁਟਿਆਰਾਂ ਅਤੇ ਹਰੇਕ ਉਮਰ ਦੀਆਂ ਬੀਬੀਆਂ ਤੇ ਔਰਤਾਂ ਵੱਖ-ਵੱਖ ਪਾਰਕਾਂ ਵਿਚ ਇਕੱਠੀਆਂ ਹੁੰਦੀਆਂ ਹਨ ਅਤੇ ਖ਼ੂਬ ਗਿੱਧਾ ਤੇ ਬੋਲੀਆਂ ਪਾ ਕੇ ਨੱਚਦੀਆਂ ਹੋਈਆਂ ਜਿੱਥੇ ਆਪਣਾ ਮਨ-ਪ੍ਰਚਾਵਾ ਕਰਦੀਆਂ ਹਨ, ਉੱਥੇ ਇਸ ਦੇਸ਼ ਕੈਨੇਡਾ ਵਿਚ ਪੰਜਾਬੀ ਸੱਭਿਆਚਾਰ ਨੂੰ ਉਘਾੜਨ ਦਾ ਵੀ ਸਾਰਥਕ ਉਪਰਾਲਾ ਕਰਦੀਆਂ ਹਨ। ਲੰਘੇ ਐਤਵਾਰ ਨੂੰ ਵੀ ਕਈ ਪਾਰਕਾਂ ਵਿਚ ਇਨ੍ਹਾਂ ਖ਼ੂਬਸੂਰਤ ਦ੍ਰਿਸ਼ਾਂ ਦੀ ਪੂਰੀ ਝਲਕ ਪ੍ਰਾਪਤ ਹੋਈ ਜਿੱਥੇ ਸੈਂਕੜਿਆਂ ਦੀ ਗਿਣਤੀ ਵਿਚ ਕੁੜੀਆਂ-ਚਿੜੀਆਂ ਅਤੇ ਵੱਖ-ਵੱਖ ਉਮਰ ਦੀਆਂ ਔਰਤਾਂ ਸ਼ਾਮਲ ਹੋਈਆਂ ਜਿਨ੍ਹਾਂ ਵਿਚ ਕਈ ਬਜ਼ੁਰਗ ਔਰਤਾਂ ਵੀ ਸ਼ਾਮਲ ਸਨ।
ਮਿਊਂਸਪਲ ਚੋਣਾਂ ਅਕਤੂਬਰ ਦੇ ਤੀਸਰੇ ਹਫ਼ਤੇ ਹੋ ਰਹੀਆਂ ਹਨ ਅਤੇ ਇਨ੍ਹਾਂ ਵਿਚ ਵੱਖ-ਵੱਖ ਅਹੁਦਿਆਂ ਲਈ ਖੜੇ ਉਮੀਦਵਾਰ ਅਜਿਹੇ ਮੌਕਿਆਂ ਦਾ ਭਰਪੂਰ ਲਾਭ ਉਠਾਉਂਦੇ ਹਨ। ਉਹ ਉੱਥੇ ਜਾ ਕੇ ਆਪਣੀ ਚੋਣ-ਮੁਹਿੰਮ ਦਾ ਜ਼ਿਕਰ ਕਰਦੇ ਹਨ ਅਤੇ ਬੀਬੀਆਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਲਈ ਕਹਿੰਦੇ ਹਨ।
ਕੁਝ ਇਸ ਤਰ੍ਹਾਂ ਹੀ ਪਿਛਲੇ ਹਫ਼ਤੇ ਹੋਇਆ ਜਦੋਂ ਵਾਰਡ 3-4 ਤੋਂ ਸਿਟੀ ਕਾਊਂਸਲਰ ਲਈ ਚੁਣ ਲੜ ਰਹੀ ਉਮੀਦਵਾਰ ਨਿਸ਼ੀ ਸਿੱਧੂ ਤੀਆਂ ਦੇ ਤਿੰਨ ਮੇਲਿਆਂ ਵਿਚ ਸ਼ਾਮਲ ਹੋਏ। ਸੱਭ ਤੋਂ ਪਹਿਲਾਂ ਉਹ ਹਿੱਕਰੀਵੱਡ ਦੇ ਤੀਆਂ-ਮੇਲੇ ਵਿਚ ਗਏ ਜਿੱਥੇ ਪੰਜਾਬੀ ਸੱਭਿਅਚਾਰ ਦੇ ਅਹਿਮ-ਅੰਗ ਪੰਜਾਬੀ ਵਿਆਹ ਨੂੰ ਪੇਸ਼ ਕੀਤਾ ਜਾ ਰਿਹਾ ਸੀ ਜਿਸ ਵਿਚ ਖ਼ੂਬ ਗਿੱਧਾ ਪੈ ਰਿਹਾ ਸੀ। ਇਸ ਤੋਂ ਬਾਅਦ ਉਹ ਚੈਰੀ ਟਰੀ ਅਤੇ ਮੈਰੀਕੋਨਾ ਫ਼ਰੈਂਡਸ਼ਿਪ ਪਾਰਕਾਂ ਵਿਚ ਗਏ ਜਿੱਥੇ ਮੁਟਿਆਰਾਂ ਬੋਲੀਆਂ ਨਾਲ ਗਿੱਧਾ ਪਾ ਪਾ ਕੇ ਮੁੜ੍ਹਕੋ-ਮੁੜ੍ਹਕੀ ਹੋ ਰਹੀਆਂ ਸਨ। ਨਿਸ਼ਾ ਸਿੱਧੂ ਨੇ ਦੱਸਿਆ ਕਿ ਹਰੇਕ ਜਗ੍ਹਾ ਖਾਣ-ਪੀਣ ਦਾ ਬਹੁਤ ਵਧੀਆ ਪ੍ਰਬੰਧ ਸੀ ਜਿਸ ਵਿਚ ਰਵਾਇਤੀ ਖੀਰ-ਪੂੜੇ ਅਤੇ ਮਠਿਆਈਆਂ ਤੇ ਪਕੌੜੇ ਆਦਿ ਸ਼ਾਮਲ ਸਨ।
ਨਿਸ਼ੀ ਸਿੱਧੂ ਵੱਲੋਂ ਸੁਖਮਨੀ ਸਾਹਿਬ ਸਮਾਗ਼ਮ 11 ਅਗਸਤ ਨੂੰ
ਬਰੈਂਪਟਨ : ਬਰੈਂਪਟਨ ਦੇ ਵਾਰਡ ਨੰਬਰ 3-4 ਤੋਂ ਸਿਟੀ ਕਾਊਂਸਲਰ ਲਈ ਚੋਣ ਲੜ ਰਹੀ ਨਿਸ਼ੀ ਸਿੱਧੂ ਵੱਲੋਂ ਇਸ ਚੋਣ ਵਿਚ ਸਫ਼ਲਤਾ ਲਈ ਉਸ ਮਾਲਕ ਪ੍ਰਮਾਤਮਾ ਦਾ ਓਟ-ਆਸਰਾ ਲੈਣ ਅਤੇ ਸੰਗਤਾਂ ਵੱਲੋਂ ਅਸ਼ੀਰਵਾਦ ਪ੍ਰਾਪਤ ਕਰਨ ਲਈ ਮੈਕਲਾਗਲਿਨ ਤੇ ਰੇਅ ਲਾਅਸਨ ਇੰਟਰਸੈੱਕਸ਼ਨ ਦੇ ਨਜ਼ਦੀਕ ਸਥਿਤ ਗੁਰਦੁਆਰਾ ਸਾਹਿਬ ਨਾਨਕਸਰ ਵਿਖੇ 11 ਅਗੱਸਤ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸੁਖਮਨੀ ਸਾਹਿਬ ਸਮਾਗ਼ਮ ਕਰਵਾਇਆ ਜਾ ਰਿਹਾ ਹੈ। ਇਸ ਦੌਰਾਨ ਸੁਖਮਨੀ ਸਾਹਿਬ ਦੇ ਪਾਠ ਦਾ ਆਰੰਭ ਸਵੇਰੇ 10.00 ਵਜੇ ਹੋਵੇਗਾ ਜਿਸ ਦਾ ਭੋਗ 11.30 ਵਜੇ ਪਾਇਆ ਜਾਏਗਾ। ਅਰਦਾਸ ਤੋਂ ਬਾਅਦ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ ਜਾਏਗਾ ਅਤੇ ਕਮਿਊਨਿਟੀ ਦੇ ਪਤਵੰਤੇ ਸੱਜਣਾਂ ਵੱਲੋਂ ਨਿਸ਼ੀ ਸਿੱਧੂ ਨੂੰ ਆਸ਼ੀਰਵਾਦ ਅਤੇ ਸ਼ੁਭ-ਇੱਛਾਵਾਂ ਦਿੱਤੀਆਂ ਜਾਣਗੀਆਂ। ਉਪਰੰਤ, ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮੂਹ ਸੰਗਤ ਤੋਂ ਵੱਧ ਤੋਂ ਵੱਧ ਗਿਣਤੀ ਵਿਚ ਦਰਸ਼ਨ ਦੇਣ ਲਈ ਸਨਿੱਮਰ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-702-5809 ਜਾਂ 647-704-1455 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …