Breaking News
Home / ਪੰਜਾਬ / ਕਾਂਗਰਸੀ ਵਿਧਾਇਕ ਪਿੰਕੀ ਨੇ ਡੀਜੀਪੀ ਚਟੋਪਾਧਿਆ ਖਿਲਾਫ ਖੋਲ੍ਹਿਆ ਮੋਰਚਾ

ਕਾਂਗਰਸੀ ਵਿਧਾਇਕ ਪਿੰਕੀ ਨੇ ਡੀਜੀਪੀ ਚਟੋਪਾਧਿਆ ਖਿਲਾਫ ਖੋਲ੍ਹਿਆ ਮੋਰਚਾ

ਡੀਜੀਪੀ ‘ਤੇ ਜਬਰ-ਜਨਾਹ ਦੇ ਮੁਲਜ਼ਮ ਨੂੰ ਸ਼ਹਿ ਦੇਣ ਦੇ ਲਗਾਏ ਆਰੋਪ
ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਫਿਰੋਜ਼ਪੁਰ ਸ਼ਹਿਰੀ ਤੋਂ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਪੰਜਾਬ ਪੁਲਿਸ ਦੇ ਕਾਰਜਕਾਰੀ ਡੀਜੀਪੀ ਸਿਧਾਰਥ ਚਟੋਪਾਧਿਆ ‘ਤੇ ਗੰਭੀਰ ਆਰੋਪ ਲਾਉਂਦਿਆਂ ਉਨ੍ਹਾਂ ਨੂੰ ਤੁਰੰਤ ਇਸ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ਫਿਰੋਜ਼ਪੁਰ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਧਾਇਕ ਪਿੰਕੀ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਮੌਜੂਦਾ ਡੀਜੀਪੀ ਤੋਂ ਖ਼ਤਰਾ ਹੈ ਤੇ ਜੇਕਰ ਆਉਣ ਵਾਲੇ ਦਿਨਾਂ ਵਿਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਲਈ ਡੀਜੀਪੀ ਚਟੋਪਾਧਿਆਏ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਡੀਜੀਪੀ ਅੱਜ-ਕੱਲ੍ਹ ਫ਼ਿਰੋਜ਼ਪੁਰ ਦੇ ਇੱਕ ਅਜਿਹੇ ਭਗੌੜੇ ਵਿਅਕਤੀ ਨੂੰ ਆਪਣੇ ਨਾਲ ਲੈ ਕੇ ਘੁੰਮ ਰਹੇ ਹਨ ਜਿਸ ਉਪਰ ਜਬਰ-ਜਨਾਹ ਦਾ ਕੇਸ ਦਰਜ ਹੈ ਤੇ ਉਸ ਦੀ ਜ਼ਮਾਨਤ ਸੁਪਰੀਮ ਕੋਰਟ ਤੋਂ ਵੀ ਰੱਦ ਹੋ ਚੁੱਕੀ ਹੈ। ਵਿਧਾਇਕ ਦਾ ਸਿੱਧਾ ਇਸ਼ਾਰਾ ਫ਼ਿਰੋਜ਼ਪੁਰ ਦੇ ਇਕ ਉੱਘੇ ਕਾਰੋਬਾਰੀ ਵੱਲ ਸੀ ਜੋ ਜ਼ਮਾਨਤ ਰੱਦ ਹੋਣ ਤੋਂ ਬਾਅਦ ਫਰਾਰ ਹੈ। ਸਥਾਨਕ ਪੁਲਿਸ ਵੱਲੋਂ ਉਸ ਨੂੰ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਕਾਰੋਬਾਰੀ ਬਹੁਤ ਰਸੂਖਦਾਰ ਹੈ ਤੇ ਪੁਲਿਸ ਵਿਭਾਗ ਵਿੱਚ ਉਸ ਦੀ ਤੂਤੀ ਬੋਲਦੀ ਹੈ। ਤਾਲਾਬੰਦੀ ਦੌਰਾਨ ਕਾਰੋਬਾਰੀ ਨੇ ਜ਼ਿਲ੍ਹੇ ‘ਚ ਕਈ ਥਾਈਂ ਲੰਗਰ ਲਾ ਕੇ ਲੋਕਾਂ ਦੀ ਮਦਦ ਕੀਤੀ ਸੀ ਤੇ ਉਸ ਨੇ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਕਿਸੇ ਵੱਡੀ ਰਾਜਨੀਤਕ ਪਾਰਟੀ ਵੱਲੋਂ ਟਿਕਟ ਲੈ ਕੇ ਚੋਣਾਂ ਲੜਨ ਦਾ ਇਸ਼ਾਰਾ ਵੀ ਕੀਤਾ ਸੀ। ਉਸ ਤੋਂ ਬਾਅਦ ਕਾਰੋਬਾਰੀ ਤੇ ਵਿਧਾਇਕ ਪਿੰਕੀ ਦਰਮਿਆਨ ਜੰਗ ਛਿੜ ਗਈ ਸੀ। ਜ਼ਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਇਥੋਂ ਦੀ ਇੱਕ ਮਹਿਲਾ ਨੇ ਕਾਰੋਬਾਰੀ ਖਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕਰਵਾਇਆ ਸੀ। ਵਿਧਾਇਕ ਪਿੰਕੀ ਖੁੱਲ੍ਹ ਕੇ ਇਸ ਮਹਿਲਾ ਦੀ ਮਦਦ ਕਰ ਰਹੇ ਹਨ। ਵਿਧਾਇਕ ਨੇ ਉਸ ਪੀੜਤ ਮਹਿਲਾ ਨੂੰ ਵੀ ਪੱਤਰਕਾਰਾਂ ਸਾਹਮਣੇ ਲਿਆਂਦਾ। ਪੀੜਤ ਮਹਿਲਾ ਨੇ ਕਿਹਾ ਕਿ ਸਥਾਨਕ ਪੁਲਿਸ ਅਧਿਕਾਰੀ ਉਸ ਵੱਲੋਂ ਦਾਇਰ ਕਰਵਾਇਆ ਕੇਸ ਰੱਦ ਕਰਨ ਜਾ ਰਹੇ ਹਨ। ਹਾਲਾਂਕਿ ਡੀਜੀਪੀ ਅਤੇ ਕਾਰੋਬਾਰੀ ਦੇ ਇਕੱਠੇ ਘੁੰਮਣ ਦਾ ਕੋਈ ਸਬੂਤ ਵਿਧਾਇਕ ਨੇ ਪੇਸ਼ ਨਹੀਂ ਕੀਤਾ। ਵਿਧਾਇਕ ਪਿੰਕੀ ਨੇ ਐਸਐਸਪੀ ਹਰਮਨਬੀਰ ਸਿੰਘ ਹੰਸ ਨਾਲ ਵੀ ਮੁਲਾਕਾਤ ਕੀਤੀ।

Check Also

ਅੰਮਿ੍ਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ

ਸੇਫ਼ ਹਾਊਸ ’ਚ ਅੰਮਿ੍ਰਤਪਾਲ ਸਿੰਘ ਨੇ ਆਪਣੇ ਪਿਤਾ ਅਤੇ ਚਾਚੇ ਨਾਲ ਕੀਤੀ ਮੁਲਾਕਾਤ ਨਵੀਂ ਦਿੱਲੀ/ਬਿਊਰੋ …