Breaking News
Home / ਪੰਜਾਬ / ਸੁਖਬੀਰ ਬਾਦਲ ਦੇ ਕਾਫ਼ਲੇ ‘ਤੇ ਹੋਇਆ ਪਥਰਾਅ, ਚਾਰ ਅਕਾਲੀ ਵਰਕਰ ਜ਼ਖ਼ਮੀ

ਸੁਖਬੀਰ ਬਾਦਲ ਦੇ ਕਾਫ਼ਲੇ ‘ਤੇ ਹੋਇਆ ਪਥਰਾਅ, ਚਾਰ ਅਕਾਲੀ ਵਰਕਰ ਜ਼ਖ਼ਮੀ

Sukhbir de Kafle Ute Pathra copy copyਜਲਾਲਾਬਾਦ/ਬਿਊਰੋ ਨਿਊਜ਼
ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ‘ਤੇ ਜਲਾਲਾਬਾਦ ਹਲਕੇ ਦੇ ਪਿੰਡ ਕੰਧਵਾਲਾ ਹਾਜ਼ਿਰ ਖ਼ਾਨ ਨੇੜੇ ਪਥਰਾਅ ਹੋਇਆ ਜਿਸ ਵਿਚ ਅਕਾਲੀਆਂ ਦੇ ਚਾਰ ਹਮਾਇਤੀ ਜ਼ਖ਼ਮੀ ਹੋ ਗਏ ਅਤੇ ਪੁਲਿਸ ਜਿਪਸੀ ਨੁਕਸਾਨੀ ਗਈ। ਸੁਖਬੀਰ ਬਾਦਲ ਵਾਲ-ਵਾਲ ਬਚ ਗਏ। ਐਸਪੀ (ਵਿਸ਼ੇਸ਼ ਸ਼ਾਖਾ) ਅਮਰਜੀਤ ਸਿੰਘ ਮੋਤਵਾਨੀ ਦੇ ਸਰਕਾਰੀ ਵਾਹਨ ਨੂੰ ਵੀ ਨੁਕਸਾਨ ਪਹੁੰਚਿਆ ਹੈ। ਗ੍ਰਹਿ ਸਕੱਤਰ ਕੇ ਬੀ ਐਸ ਸਿੱਧੂ ਨੇ ਘਟਨਾ ਦੀ ਰਿਪੋਰਟ ਮੰਗ ਲਈ ਹੈ। ਇਸ ਘਟਨਾ ਨੇ ਪੰਜਾਬ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿੱਧੂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਚੋਣ ਅਮਲ ਦੌਰਾਨ ਕਿਸੇ ਨੂੰ ਵੀ ਅਮਨ ਕਾਨੂੰਨ ਵਿਗਾੜਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਫਾਜ਼ਿਲਕਾ ਦੇ ਐਸਐਸਪੀ ਕੇਤਨ ਬਲੀਰਾਮ ਪਾਟਿਲ ਨੇ ਦੱਸਿਆ ਕਿ ਜਿਵੇਂ ਹੀ ਸੁਖਬੀਰ ਨੇ ਆਪਣਾ ਭਾਸ਼ਣ ਮੁਕੰਮਲ ਕੀਤਾ ਤਾਂ ਕੁਝ ਵਿਅਕਤੀ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਸਮਾਂ ਨਾ ਹੋਣ ਕਰ ਕੇ ਉਹ ਮਿਲ ਨਹੀਂ ਸਕੇ।
ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਨੇ ਕਾਫ਼ਲੇ ‘ਤੇ ਪਥਰਾਅ ਕਰ ਦਿੱਤਾ ਪਰ ਪੁਲਿਸ ਨੇ ਹਾਲਾਤ ਕਾਬੂ ਹੇਠ ਕਰ ਲਏ। ਪਥਰਾਅ ਕਰਨ ਵਾਲੇ ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ। ਪੱਥਰਾਓ ਵਿਚ ਮਾਮੂਖੇੜਾ ਪਿੰਡ ਦੇ ਸਾਬਕਾ ਅਕਾਲੀ ਸਰਪੰਚ ਪਰਮਿੰਦਰ ਸਿੰਘ, ਜਿਨ੍ਹਾਂ ਦੇ ਕੁਝ ਦੰਦ ਟੁੱਟੇ ਹਨ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਅਤੇ ਬਲਜਿੰਦਰ ਸਿੰਘ ਜ਼ਖਮੀ ਹੋਏ ਹਨ।
ਬਾਘਾਪੁਰਾਣਾ ‘ਚ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ‘ਤੇ ਪਥਰਾਅ
ਬਾਘਾ ਪੁਰਾਣਾ/ਬਿਊਰੋ ਨਿਊਜ਼ : ਜਲਾਲਾਬਾਦ ਹਲਕੇ ਵਿੱਚ ਲੰਘੇ ਕੱਲ੍ਹ ਸੁਖਬੀਰ ਸਿੰਘ ਬਾਦਲ ਦੇ ਕਾਫ਼ਲੇ ਉੱਤੇ ਹੋਏ ਹਮਲੇ ਤੋਂ ਬਾਅਦ ਬਾਘਾ ਪੁਰਾਣਾ ਵਿਖੇ ਵੀ ਕਾਂਗਰਸੀ ਉਮੀਦਵਾਰ ਦੇ ਕਾਫ਼ਲੇ ਉੱਤੇ ਪਥਰਾਅ ਹੋਇਆ ਹੈ। ਬਾਘਾ ਪੁਰਾਣਾ ਦੇ ਕਾਂਗਰਸੀ ਉਮੀਦਵਾਰ ਦਰਸ਼ਨ ਬਰਾੜ ਉੱਤੇ ਪੱਥਰ ਬਾਜ਼ੀ ਉਸ ਸਮੇਂ ਹੋਈ, ਜਦੋਂ ਉਹ ਪਿੰਡ ਮੱਲ੍ਹਾ ਵਿਖੇ ਚੋਣ ਪ੍ਰਚਾਰ ਕਰ ਕੇ ਆਪਣੇ ਅਗਲੇ ਸਫ਼ਰ ਉੱਤੇ ਜਾ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਪਿੰਡ ਮੱਲ੍ਹਾ ਕਲਾਂ ਦੀ ਪੰਚਾਇਤ ਦੇ ਕੁੱਝ ਮੈਂਬਰ ਅਕਾਲੀ ਦਲ ਛੱਡ ਕੇ ਆਪਣੇ ਸਮਰਥਕਾਂ ਨਾਲ ਕਾਂਗਰਸ ਵਿੱਚ ਸ਼ਾਮਲ ਹੋਏ ਸਨ। ਇਹਨਾਂ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਕਾਂਗਰਸੀ ਉਮੀਦਵਾਰ ਦਰਸ਼ਨ ਬਰਾੜ ਇੱਥੇ ਪਹੁੰਚੇ ਹੋਏ ਸਨ। ਪ੍ਰੋਗਰਾਮ ਤੋਂ ਬਾਅਦ ਜਦੋਂ ਦਰਸ਼ਨ ਸਿੰਘ ਬਰਾੜ ਆਪਣੇ ਸਮਰਥਕਾਂ ਨਾਲ ਜਾਣ ਲੱਗੇ ਤਾਂ ਇਸ ਦੌਰਾਨ ਕਾਂਗਰਸੀ ਸਮਰਥਕਾਂ ਦੀਆਂ ਗੱਡੀਆਂ ਉੱਤੇ ਕੁੱਝ ਵਿਅਕਤੀਆਂ ਨੇ ਪਥਰਾਅ ਕਰ ਦਿੱਤਾ। ਇਸ ਪਥਰਾਅ ਕਾਰਨ ਕਾਂਗਰਸੀ ਆਗੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਚੇਤੇ ਰਹੇ ਕਿ ਜਲਾਲਾਬਾਦ ਵਿਚ ਸੁਖਬੀਰ ਬਾਦਲ ਦੇ ਕਾਫਲੇ ‘ਤੇ ਪਥਰਾਅ ਸਮੇਂ ਵੀ 4 ਵਿਅਕਤੀ ਜ਼ਖ਼ਮੀ ਹੋਏ ਸਨ।
ਬਾਦਲਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਵੱਡੇ ਸਿਆਸਤਦਾਨਾਂ ਦੇ ਜਲਸਿਆਂ ਦੌਰਾਨ ਟਕਰਾਅ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਪੁਲਿਸ ਨੂੰ ਖਾਸ ਤੌਰ ‘ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸਮਾਗਮਾਂ ਦੌਰਾਨ ਵਿਸ਼ੇਸ਼ ਸੁਰੱਖਿਆ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਵਧੀਕ ਡੀਜੀਪੀ (ਚੋਣਾਂ) ਵੀ ਕੇ ਭਾਵੜਾ ਨੇ ਦੱਸਿਆ ਕਿ ਸਾਰੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਇਸ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।
ਜਲਾਲਾਬਾਦ ਵਿਧਾਨ ਸਭਾ ਹਲਕੇ ਦੇ ਇੱਕ ਪਿੰਡ ‘ਚ ਐਤਵਾਰ ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ‘ਤੇ ਹੋਏ ਪਥਰਾਅ ਬਾਅਦ ਇਹ ਨਿਰਦੇਸ਼ ਦਿੱਤੇ ਗਏ ਹਨ। ਸੂਤਰਾਂ ਮੁਤਾਬਕ ਖੁਫ਼ੀਆ ਏਜੰਸੀਆਂ ਨੇ ਚੋਣ ਅਧਿਕਾਰੀਆਂ ਨੂੰ ਚੌਕਸ ਕੀਤਾ ਹੈ ਕਿ ਲੋਕਾਂ ਵਿਚ ਰੋਹ ਹੋਣ ਕਾਰਨ ਬਾਦਲਾਂ ਦੀਆਂ ਰੈਲੀਆਂ ਦੌਰਾਨ ਗੜਬੜ ਹੋਣ ਦੇ ਆਸਾਰ ਹਨ।

Check Also

ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ

ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …