Breaking News
Home / ਪੰਜਾਬ / ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ

ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਮੁੱਖ ਮੰਤਰੀ ਚੰਨੀ ਨਾਲ ਕੀਤੀ ਮੁਲਾਕਾਤ

ਮੋਰਿੰਡਾ/ਬਿਊਰੋ ਨਿਊਜ਼ : ਡੇਰਾ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਮੋਰਿੰਡਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ। ਇਸ ਨਾਲ ਮੁਲਾਕਾਤ ਨਾਲ ਰਾਜਸੀ ਚਰਚਾਵਾਂ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ ਅਤੇ ਲੋਕ ਇਸ ਮੁਲਾਕਾਤ ਨੂੰ 2022 ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਧਾ ਸਵਾਮੀ ਭਾਈਚਾਰੇ ਦੀਆਂ ਵੋਟਾਂ ਨਾਲ ਜੋੜ ਕੇ ਵੇਖ ਰਹੇ ਹਨ। ਅਹਿਮ ਮੁਲਾਕਾਤ ਦੌਰਾਨ ਮੀਡੀਆ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਦੂਰ ਰੱਖਿਆ ਗਿਆ।
ਸੂਤਰਾਂ ਅਨੁਸਾਰ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੀ ਧਰਮ ਪਤਨੀ ਨੇ ਡੇਰਾ ਬਿਆਸ ਜਾ ਕੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਆਸ਼ੀਰਵਾਦ ਲਿਆ ਸੀ। ਉਸ ਸਮੇਂ ਮੁੱਖ ਮੰਤਰੀ ਨੇ ਡੇਰਾ ਮੁਖੀ ਨੂੰ ਆਪਣੇ ਗ੍ਰਹਿ ਮੋਰਿੰਡਾ ‘ਚ ਵੀ ਆਉਣ ਦੀ ਬੇਨਤੀ ਕੀਤੀ ਸੀ। ਡੇਰਾ ਮੁਖੀ ਉਨ੍ਹਾਂ ਦੀ ਬੇਨਤੀ ਸਵੀਕਾਰ ਕਰਦਿਆਂ ਮੋਰਿੰਡਾ ਪੁੱਜੇ, ਜਿੱਥੇ ਪਹਿਲਾਂ ਉਨ੍ਹਾਂ ਸਥਾਨਕ ਰਾਧਾ ਸਵਾਮੀ ਸਤਸੰਗ ਭਵਨ ਦੇ ਸਤਸੰਗ ਵਿੱਚ ਸ਼ਮੂਲੀਅਤ ਕੀਤੀ ਅਤੇ ਫਿਰ ਉਹ ਚਰਨਜੀਤ ਸਿੰਘ ਚੰਨੀ ਨਾਲ ਉਨ੍ਹਾਂ ਦੀ ਗੱਡੀ ਵਿੱਚ ਬੈਠ ਕੇ ਉਨ੍ਹਾਂ ਦੀ ਰਿਹਾਇਸ਼ ਤੇ ਪੁੱਜੇ। ਉਨ੍ਹਾਂ ਮੁੱਖ ਮੰਤਰੀ ਨਾਲ ਡੇਢ ਘੰਟੇ ਤੋਂ ਵੀ ਵਧ ਸਮੇਂ ਤੱਕ ਬੰਦ ਕਮਰਾ ਮੀਟਿੰਗ ਕੀਤੀ ਹੈ। ਸੂਤਰਾਂ ਅਨੁਸਾਰ ਇਸ ਮੌਕੇ ਸੂਬੇ ਦੇ ਉਪ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਬਿਆਸ ਜਾ ਕੇ ਡੇਰਾ ਮੁਖੀ ਨਾਲ ਬੰਦ ਕਮਰਾ ਮੀਟਿੰਗ ਕੀਤੀ ਸੀ।

 

Check Also

ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਹੋਇਆ ਬੰਦ

10 ਜੁਲਾਈ ਨੂੰ ਵੋਟਾਂ ਅਤੇ ਨਤੀਜੇ 13 ਜੁਲਾਈ ਨੂੰ ਜਲੰਧਰ/ਬਿਊਰੋ ਨਿਊਜ਼ ਜਲੰਧਰ ਪੱਛਮੀ ਵਿਧਾਨ ਸਭਾ …