Breaking News
Home / ਪੰਜਾਬ / ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੀ ਅਮਰੀਕਾ ਗਏ

ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਵੀ ਅਮਰੀਕਾ ਗਏ

ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਇਲਾਜ ਕਰਵਾਉਣ ਪਹੁੰਚੇ ਹੋਏ ਹਨ ਅਮਰੀਕਾ
ਚੰਡੀਗੜ੍ਹ/ਬਿਊਰੋ ਨਿਊਜ਼
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਚਨਚੇਤ ਅਮਰੀਕਾ ਚਲੇ ਗਏ ਹਨ।
ਸੂਤਰਾਂ ਅਨੁਸਾਰ ਬਾਦਲ ਜੋੜੀ ਏਅਰ ਇੰਡੀਆ ਦੀ ਦਿੱਲੀ ਤੋਂ ਨਿਊਯਾਰਕ ਜਾਣ ਵਾਲੀ ਸਿੱਧੀ ਉਡਾਣ ਰਾਹੀਂ ਅਮਰੀਕਾ ਗਈ। ਉਪ ਮੁੱਖ ਮੰਤਰੀ ਨਾਲ ਤਾਇਨਾਤ ਇਕ ਆਈਏਐਸ ਅਧਿਕਾਰੀ ਨੇ ਬਾਦਲ ਜੋੜੇ ਦੇ ਅਚਾਨਕ ਅਮਰੀਕਾ ਜਾਣ ਦੀ ਪੁਸ਼ਟੀ ਕੀਤੀ ਹੈ। ਇਸ ਅਧਿਕਾਰੀ ਨੇ ਦੋਵਾਂ ਦੇ ਵਿਦੇਸ਼ ਦੌਰੇ ਸਬੰਧੀ ਹੋਰ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 8 ਫਰਵਰੀ ਨੂੰ ਹੀ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਆਪਣਾ ਇਲਾਜ ਕਰਾਉਣ ਗਏ ਹਨ। ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਦੇ ਅਚਾਨਕ ਅਮਰੀਕਾ ਜਾਣ ਨੂੰ ਮੁੱਖ ਮੰਤਰੀ ਦੇ ਇਲਾਜ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ। ਉਮਰ ਦੇ ਨੌਂਵੇ ਦਹਾਕੇ ਵਿੱਚ ਪਹੁੰਚੇ ਬਾਦਲ ਪਹਿਲਾਂ ਵੀ ਆਪਣਾ ਇਲਾਜ ਅਮਰੀਕਾ ਤੋਂ ਕਰਾ ਚੁੱਕੇ ਹਨ। ਵਿਧਾਨ ਸਭਾ ਚੋਣ ਦਾ ਅਮਲ ਸਮਾਪਤ ਹੋਣ ਤੋਂ ਤੁਰੰਤ ਬਾਅਦ ਪੀਜੀਆਈ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਅਮਰੀਕਾ ਤੋਂ ਨਿਰੀਖਣ ਕਰਾਉਣ ਦੀ ਸਲਾਹ ਦਿੱਤੀ ਸੀ। ਮੁੱਖ ਮੰਤਰੀ ਨਾਲ ਪੀਜੀਆਈ ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾਰ, ਬਾਦਲ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗਗਨਦੀਪ ਸਿੰਘ ਬਰਾੜ ਅਤੇ ਇਕ ਸੁਰੱਖਿਆ ਅਧਿਕਾਰੀ ਵੀ ਗਿਆ ਹੈ। ਸੂਤਰਾਂ ਦਾ ਦੱਸਣਾ ਹੈ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਹਫ਼ਤੇ ਤੋਂ 10 ਦਿਨ ਤੱਕ ਅਮਰੀਕਾ ਵਿੱਚ ਰਹਿਣ ਦੇ ਆਸਾਰ ਹਨ।
ਮੁੱਖ ਮੰਤਰੀ ਵੀ ਦੋ ਹਫ਼ਤਿਆਂ ਲਈ ਅਮਰੀਕਾ ਗਏ ਹਨ। ਪਾਰਟੀ ਦੇ ਇਕ ਸੀਨੀਅਰ ਆਗੂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੀ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਸੀ, ਜਿਸ ਦੌਰਾਨ ਉਨ੍ਹਾਂ ਵਿਦੇਸ਼ ਜਾਣ ਦਾ ਕੋਈ ਸੰਕੇਤ ਨਹੀਂ ਸੀ ਦਿੱਤਾ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਬਾਦਲ ਜੋੜੀ ਦਾ ਵਿਦੇਸ਼ ਜਾਣ ਦਾ ਪ੍ਰੋਗਰਾਮ ਅਚਾਨਕ ਬਣਿਆ ਹੈ। ਸ਼੍ਰੋਮਣੀ ਅਕਾਲੀ ਦਲ ਲਈ ਰਾਜਸੀ ਤੌਰ ‘ਤੇ ਇਹ ਦਿਨ ਬਹੁਤ ਅਹਿਮ ਮੰਨੇ ਜਾਂਦੇ ਹਨ ਕਿਉਂਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੀਆਂ ਚੋਣਾਂ ਸਿਰ ‘ਤੇ ਹਨ। ਪੰਜਾਬ ਦੇ ਬਹੁਤੇ ਅਕਾਲੀ ਆਗੂਆਂ ਵੱਲੋਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਜਾਣ ਦੇ ਦੋਸ਼ ਲੱਗੇ ਹੋਣ ਕਾਰਨ ਦਿੱਲੀ ਕਮੇਟੀ ਚੋਣਾਂ ਤੋਂ ਪਹਿਲਾਂ ਹੀ ਸੀਨੀਅਰ ਅਕਾਲੀਆਂ ਨੂੰ ਲਾਂਭੇ ਕੀਤਾ ਜਾ ਚੁੱਕਾ ਹੈ। ਮੁੱਖ ਮੰਤਰੀ ਸਮੇਤ ਬਾਦਲ ਪਰਿਵਾਰ ਦੇ ਤਿੰਨੋਂ ਅਹਿਮ ਮੈਂਬਰਾਂ ਦੇ ਵਿਦੇਸ਼ ਚਲੇ ਜਾਣ ਕਾਰਨ ਡੀਐਸਜੀਐਮਸੀ ਚੋਣਾਂ ਦਾ ਸਾਰਾ ਦਾਰੋਮਦਾਰ ਦਿੱਲੀ ਦੇ ਅਕਾਲੀ ਨੇਤਾਵਾਂ ਦੇ ਸਿਰ ‘ਤੇ ਹੀ ਰਹਿ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਪਹਿਲਾਂ ਹੀ ਅਕਾਲੀ ਦਲ ਨੂੰ ਸਖ਼ਤ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Check Also

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਜਲੰਧਰ ਦੇ ਪਾਸਪੋਰਟ ਦਫਤਰ ਖਿਲਾਫ ਕੀਤੀ ਸ਼ਿਕਾਇਤ

ਸਰਕਾਰ ਦੇ ਨਿਯਮਾਂ ਦੀ ਅਣਦੇਖੀ ਹੋਣ ਦੇ ਵੀ ਸੰਤ ਸੀਚੇਵਾਲ ਨੇ ਲਗਾਏ ਆਰੋਪ ਜਲੰਧਰ/ਬਿਊਰੋ ਨਿਊਜ਼ …