13 ਦਿਨ ਜੇਲ੍ਹ ‘ਚ ਰੱਖਿਆ, ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਛੁਡਵਾਇਆ
ਚੰਡੀਗੜ੍ਹ/ਬਿਊਰੋ ਨਿਊਜ਼ : ਨਵਾਂਸ਼ਹਿਰ ਜ਼ਿਲ੍ਹੇ ਦੇ ਗੁਣਾਚੌਰ ਪਿੰਡ ਤੋਂ ਅਮਰੀਕਾ ਜਾ ਕੇ ਵਸੇ ਸਿੱਖ ਅਵਤਾਰ ਸਿੰਘ ਸਿੱਧੂ ਨੂੰ ਪਿਛਲੇ ਮਹੀਨੇ ਦੁਬਈ ਏਅਰਪੋਰਟ ‘ਤੇ ਬਿਨਾਂ ਕਿਸੇ ਕਸੂਰ ਤੋਂ ਫੜ ਕੇ ਜੇਲ੍ਹ ਵਿਚ ਸੁੱਟਿਆ, ਜ਼ਲੀਲ ਕੀਤਾ, ਕੁੱਟਿਆ ਅਤੇ ਉਥੋਂ ਦੀ ਪੁਲਿਸ ਨੇ ਕਤਲ ਦਾ ਕੇਸ ਮੜ੍ਹਨ ਦੀ ਧਮਕੀ ਦਿਤੀ। 13 ਦਿਨ ਜੇਲ੍ਹ ਵਿਚ ਰੱਖਣ ਉਪਰੰਤ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੱਕ ਪਹੁੰਚ ਕਰਨ ਅਤੇ ਗੰਭੀਰ ਦਖ਼ਲ ਦੇਣ ‘ਤੇ ਹੀ ਅਪਣੇ ਪਿੰਡ ਪਰਤੇ।
ਪ੍ਰੈਸ ਕਲੱਬ ਵਿਚ ਅਵਤਾਰ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਸੰਯੁਕਤ ਅਰਬ ਅਮਰਾਤ ਦੀ ਜ਼ਾਲਮ ਪੁਲਿਸ ਅਤੇ ਏਅਰਪੋਰਟ ਦੇ ਸੁਰੱਖਿਆ ਅਮਲੇ ਨੇ ਅੰਨ੍ਹੇਵਾਹ ਤਸ਼ੱਦਦ ਕੀਤਾ, ਮੈਨੂੰ 200 ਦੋਸ਼ੀਆਂ ਨਾਲ ਇਕ ਛੋਟੇ ਜਿਹੇ ਕਮਰੇ ਵਿਚ ਬਿਨਾ ਪਾਣੀ, ਬਿਨਾ ਦਵਾਈ, ਕੁੱਝ ਖਾਣੇ ਦੇ ਰੋਕੀ ਰਖਿਆ ਅਤੇ 2 ਦਿਨਾਂ ਬਾਅਦ ਪੁਕਾਰ ਸੁਣੀ ਜਦੋਂ 1000 ਡਾਲਰ ‘ਤੇ ਕੀਤੇ ਵਕੀਲ ਰਾਹੀਂ ਜ਼ਮਾਨਤ ਦਾ ਕੇਸ ਪਾਇਆ। ਪਰਵਾਸੀ ਪੰਜਾਬੀ ਨੇ ਦੱਸਿਆ ਕਿ ਜਲੰਧਰ ਦੇ ਪਾਸਪੋਰਟ ਦਫ਼ਤਰ ਤੇ ਏਜੰਟਾਂ ਦੀ ਮਿਲੀਭੁਗਤ ਨਾਲ ਮੇਰੇ ਪਾਸਪੋਰਟ ਦੇ ਨੰਬਰ ਵਾਲੀ ਕਾਪੀ ਅਤੇ ਕੋਈ ਹੋਰ ਫ਼ੋਟੋ ਲਾ ਕੇ ਮੇਰੇ ਨਾਮ ਦੇ ਕਿਸੇ ਹੋਰ ਵਿਅਕਤੀ ਨੇ ਦੁਬਈ ਵਿਚ ਕਤਲ ਕੀਤਾ ਅਤੇ ਰਿਕਾਰਡ ਮੁਤਾਬਕ ਮੈਨੂੰ ਦੁਬਈ ਏਅਰਪੋਰਟ ‘ਤੇ ਕਾਬੂ ਕਰ ਲਿਆ। ਉਨ੍ਹਾਂ ਕਿਹਾ ਕਿ ਜਦੋਂ ਮੇਰਾ ਡੀ.ਐਨ.ਏ, ਅੱਖਾਂ ਦਾ ਟੈਸਟ ਅਤੇ ਉਂਗਲੀ ਨਿਸ਼ਾਨ ਉਸ ਨਾਲ ਮੇਲ ਨਹੀਂ ਖਾਧੇ ਤਾਂ ਮੈਨੂੰ ਉਨ੍ਹਾਂ ਛੱਡਿਆ।ઠ
ਅਵਤਾਰ ਸਿੰਘ ਸਿੱਧੂ ਨੇ ਕਿਹਾ ਕਿ ਮੈਨੂੰ ਦਹਿਸ਼ਤਗਰਦ ਸਮਝ ਕੇ ਹੱਥ ਪਿੱਛੇ ਬੰਨ੍ਹ ਕੇ ਅਤੇ ਪੈਰਾਂ ਵਿਚ ਬੇੜੀਆਂ ਪਾ ਕੇ ਜੱਜ ਸਾਹਮਣੇ ਪੇਸ਼ ਕੀਤਾ। ਸੁਸ਼ਮਾ ਸਵਰਾਜ ਦਾ ਧੰਨਵਾਦ ਕਰਦੇ ਹੋਏ ਸਿੱਧੂ ਨੇ ਪਾਸਪੋਰਟ ਦਫ਼ਤਰ ਜਲੰਧਰ ਨੂੰ ਤਾੜਨਾ ਕੀਤੀ ਕਿ ਉਹ ਅਮਰੀਕਾ ਜਾ ਕੇ ਜਲੰਧਰ ਦਫ਼ਤਰ ਅਤੇ ਸ਼ੱਕੀ ਏਜੰਟਾਂ ਵਿਰੁੱਧ ਕੇਸ ਦਰਜ ਕਰੇਗਾ। ਨਾਲ ਦੀ ਨਾਲ ਇਹ ਵੀ ਕਿਹਾ ਕਿ ਅਮਰੀਕਾ ਜਾ ਕੇ ਉਹ ਦੁਬਈ ਏਅਰਪੋਰਟ ਅਥਾਰਟੀ ਅਤੇ ਸਰਕਾਰ ਵਿਰੁਧ ਵੀ ਮੁਕੱਦਮਾ ਦਾਇਰ ਕਰਨਗੇ। ਅਵਤਾਰ ਸਿੰਘ ਸਿੱਧੂ 3 ਮਹੀਨੇ ਲਈ ਪੰਜਾਬ ਵਿਚ ਛੁੱਟੀ ਆਏ ਹੋਏ ਹਨ। ਉਨ੍ਹਾਂ ਨੌਜਵਾਨਾਂ ਨੂੰ ਸਲਾਹ ਦਿਤੀ ਕਿ ਗ਼ਲਤ ਢੰਗ ਤਰੀਕੇ ਅਪਣਾਅ ਕੇ ਏਜੰਟਾਂ ਦੇ ਧੱਕੇ ਚੜ੍ਹ ਕੇ ਗ਼ੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਣ ਦੀ ਬਜਾਏ ਅਪਣੇ ਹੀ ਮੁਲਕ ਵਿਚ ਮਿਹਨਤ ਮਜ਼ਦੂਰੀ ਕਰਨੀ ਚੰਗੀ ਹੈ।
Check Also
ਨਾਗੇਸ਼ਵਰ ਰਾਓ ਹੋਣਗੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਵੇਂ ਮੁਖੀ
ਆਈਪੀਐਸ ਵਰਿੰਦਰ ਕੁਮਾਰ ਨੂੰ ਅਹੁਦੇ ਤੋਂ ਹਟਾਇਆ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ ਅੱਜ ਵੱਡਾ ਪ੍ਰਸ਼ਾਸਨਿਕ …