Breaking News
Home / ਪੰਜਾਬ / ਪੰਜਾਬ ‘ਚ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ

ਪੰਜਾਬ ‘ਚ ਭਾਰੀ ਮੀਂਹ ਕਾਰਨ ਹੜ੍ਹਾਂ ਵਰਗੇ ਹਾਲਾਤ

ਭਾਖੜਾ ਡੈਮ ਦੇ ਸਤਲੁਜ ਦਰਿਆ ਵਿਚ ਛੱਡੇ ਗਏ ਪਾਣੀ ਨੇ ਮਚਾਈ ਜ਼ਿਆਦਾ ਤਬਾਹੀ
ਚੰਡੀਗੜ੍ਹ/ਬਿਊਰੋ ਨਿਊਜ਼ : ਪਿਛਲੇ ਦਿਨੀਂ ਪੰਜਾਬ ਅਤੇ ਉਤਰੀ ਰਾਜਾਂ ਰਾਜਾਂ ਵਿਚ ਪਏ ਭਾਰੀ ਮੀਂਹ ਕਾਰਨ ਪੰਜਾਬ ‘ਚ ਹੜ੍ਹ ਵਰਗੇ ਹਾਲਾਤ ਬਣ ਗਏ। ਮੀਂਹ ਕਾਰਨ ਪੰਜਾਬ ਵਿਚ ਪੰਜ ਵਿਅਕਤੀਆਂ ਦੀ ਮੌਤ ਵੀ ਹੋਈ। ਦਰਜਨਾਂ ਪਸ਼ੂ ਵੀ ਮਾਰੇ ਗਏ ਹਨ ਤੇ ਸੈਂਕੜੇ ਪਿੰਡਾਂ ਦੇ ਲੋਕਾਂ ਨੂੰ ਪਿੰਡ ਛੱਡ ਜਾਣ ਲਈ ਕਿਹਾ ਗਿਆ। ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਪਾਣੀ ਵਿੱਚ ਡੁੱਬ ਗਈ। ਕਈ ਇਲਾਕਿਆਂ ਵਿੱਚ ਫ਼ੌਜ ਵੀ ਬੁਲਾਉਣੀ ਪਈ। ਆਨੰਦਪੁਰ ਸਾਹਿਬ ਨੇੜੇ ਡੇਢ ਦਰਜਨ ਦੇ ਕਰੀਬ ਪਿੰਡ ਪਾਣੀ ਵਿੱਚ ਘਿਰੇ ਹੋਏ ਹਨ ਅਤੇ ਰੂਪਨਗਰ-ਨੰਗਲ ਰੇਲ ਟਰੈਕ ਉੱਤੇ ਆਵਾਜਾਈ ਪ੍ਰਭਾਵਿਤ ਹੋਈ। ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵਧਣਾ ਜਾਰੀ ਹੈ ਪਰ ਸਤਲੁਜ ਵਿਚ ਪਾਣੀ ਕੁੱਝ ਘਟਣ ਨਾਲ ਰਾਹਤ ਮਿਲੀ ਹੈ। ਪੰਜਾਬ ਭਰ ਤੋਂ ਆਈਆਂ ਰਿਪੋਰਟਾਂ ਮੁਤਾਬਕ ਗੁਰਦਾਸਪੁਰ, ਫ਼ਿਰੋਜ਼ਪੁਰ, ਨਵਾਂਸ਼ਹਿਰ, ਰੋਪੜ, ਜਲੰਧਰ, ਮੋਗਾ ਅਤੇ ਹੋਰ ਕਈ ਜ਼ਿਲ੍ਹਿਆਂ ਵਿੱਚ ਜ਼ਿਆਦਾ ਪਾਣੀ ਆਉਣ ਕਰਕੇ ਪਿੰਡ ਖ਼ਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਬਿਆਸ ਵਿਚ ਹੜ੍ਹ ਆਉਣ ਕਾਰਨ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਫਸੇ ਹੋਏ ਗਿਆਰਾਂ ਵਿਅਕਤੀਆਂ ਨੂੰ ਬਚਾਇਆ ਗਿਆ। ਡੀਸੀ ਵਿਪੁਲ ਉੱਜਵਲ ਨੇ ਦੱਸਿਆ ਕਿ ਪਿੰਡ ਵਿਚ ਗੁੱਜਰ ਭਾਈਚਾਰੇ ਦੇ ਕੁਝ ਲੋਕਾਂ ਤੇ ਉਨ੍ਹਾਂ ਦੇ ਪਸ਼ੂਆਂ ਦੇ ਫਸੇ ਹੋਣ ਬਾਰੇ ਜਾਣਕਾਰੀ ਮਿਲੀ ਸੀ। ਇਨ੍ਹਾਂ ਨੂੰ ਪ੍ਰਸ਼ਾਸਨ ਤੇ ਫ਼ੌਜ ਨੇ ਸਾਂਝੀ ਮੁਹਿੰਮ ਚਲਾ ਕੇ ਬਚਾਇਆ। ਮੁਹਾਲੀ ਜ਼ਿਲ੍ਹੇ ਦੇ ਕਈ ਪਿੰਡਾਂ ਦਾ ਮੁਹਾਲੀ ਅਤੇ ਖਰੜ ਨਾਲੋਂ ਸੰਪਰਕ ਟੁੱਟਿਆ ਰਿਹਾ। ਪੰਜਾਬ ਸਰਕਾਰ ਨੇ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਸੂਬਾ ਤੇ ਜ਼ਿਲ੍ਹਾ ਪੱਧਰ ਉੱਤੇ ਕੰਟਰੋਲ ਰੂਮ ਸਥਾਪਿਤ ਕੀਤੇ ਹਨ। ਡਿਪਟੀ ਕਮਿਸ਼ਨਰਾਂ ਨੇ ਲੋੜ ਪੈਣ ਉੱਤੇ ਗੁਰਦਾਸਪੁਰ, ਫ਼ਿਰੋਜ਼ਪੁਰ, ਰੋਪੜ ਜ਼ਿਲ੍ਹਿਆਂ ਵਿੱਚ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਬੁਲਾਈਆਂ ਹਨ। ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਰਾਵੀ ਅਤੇ ਬਿਆਸ ਦਰਿਆਵਾਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਹੈ।
ਸਤਲੁਜ ਦਰਿਆ ਅਤੇ ਉੱਪਰਲੇ ਇਲਾਕਿਆਂ ਤੋਂ ਆਏ ਹੜ੍ਹ ਦੇ ਪਾਣੀ ਕਾਰਨ ਆਨੰਦਪੁਰ ਸਾਹਿਬ ਦੀਆਂ ਖੱਡਾਂ ਨੇੜਲੇ ਦਰਜਨਾਂ ਪਿੰਡਾਂ ਵਿੱਚ ਪਾਣੀ ਭਰ ਗਿਆ ਹੈ। ਲਗਭਗ ਡੇਢ ਸੌ ਦੇ ਕਰੀਬ ਲੋਕਾਂ ਨੂੰ ਪੰਜਾਬ ਪੁਲਿਸ ਅਤੇ ਐਨਡੀਆਰਐਫ ਦੀ ਟੀਮ ਨੇ ਸੁਰੱਖਿਅਤ ਬਾਹਰ ਕੱਢਿਆ ਹੈ। ਇਨ੍ਹਾਂ ਇਲਾਕਿਆਂ ਦੀ ਕਰੀਬ ਅੱਠ ਤੋਂ ਦਸ ਹਜ਼ਾਰ ਏਕੜ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਦੋ ਪਿੰਡਾਂ ਵਿੱਚ ਤੇਰਾਂ ਦੇ ਕਰੀਬ ਮੱਝਾਂ ਦੀ ਮੌਤ ਹੋ ਗਈ ਹੈ।
ਆਨੰਦਪੁਰ ਸਾਹਿਬ ਨੇੜਲੇ ਪਿੰਡ ਵੀ ਪਾਣੀ ‘ਚ ਘਿਰੇ
ਸ੍ਰੀ ਆਨੰਦਪੁਰ ਸਾਹਿਬ : ਭਾਰੀ ਬਰਸਾਤ ਅਤੇ ਭਾਖੜਾ ਤੋਂ ਛੱਡੇ ਪਾਣੀ ਕਾਰਨ ਸ੍ਰੀ ਆਨੰਦਪੁਰ ਸਾਹਿਬ ਨਾਲ ਲਗਦੇ ਪਿੰਡਾਂ ਵਿਚ ਭਾਰੀ ਤਬਾਹੀ ਹੋਈ ਹੈ। ਪਿੰਡ ਲੋਦੀਪੁਰ, ਬੁਰਜ, ਮਟੌਰ, ਨਿੱਕੂਵਾਲ, ਗੱਜਪੁਰ, ਚੰਦਪੁਰ, ਹਰੀਆਲ, ਝਿੰਜੜੀ ਆਦਿ ਵਿਚ ਲੋਕਾਂ ਦੇ ਘਰਾਂ ਵਿਚ ਪਾਣੀ ਵੜ ਗਿਆ, ਪਸ਼ੂਆਂ ਲਈ ਚਾਰਾ ਰੁੜ੍ਹ ਗਿਆ ਤੇ ਫਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਜੁਡੀਸ਼ਲ ਅਫਸਰਾਂ ਦੇ ਘਰਾਂ ਵਿਚ ਵੀ ਪਾਣੀ ਦਾਖਲ ਹੋ ਗਿਆ ਤੇ ਅਫਸਰਾਂ ਨੂੰ ਪੁਲਿਸ ਅਤੇ ਐੱਨਡੀਆਰਐੱਫ ਦੇ ਜਵਾਨਾਂ ਨੇ ਸੁਰੱਖਿਅਤ ਬਾਹਰ ਕੱਢਿਆ। ਇਸੇ ਦੌਰਾਨ ਹੜ੍ਹ ਪੀੜਤ ਪਿੰਡ ਲੋਦੀਪੁਰ, ਬੁਰਜ, ਘੱਟੀਵਾਲ, ਮਟੌਰ ਆਦਿ ਦੇ ਲੋਕਾਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਧਰਨਾ ਦਿੱਤਾ ਗਿਆ ਅਤੇ ਸੜਕੀ ਆਵਾਜਾਈ ਰੋਕੀ ਗਈ। ਲੋਕਾਂ ਨੇ ਕਿਹਾ ਕਿ ਉਨ੍ਹਾਂ ਦੇ ਘਰਾਂ ਦਾ ਸਾਮਾਨ ਖਰਾਬ ਹੋ ਗਿਆ, ਫਸਲ ਪੂਰੀ ਤਰ੍ਹਾਂ ਨੁਕਸਾਨੀ ਗਈ ਪਰ ਲੀਡਰਾਂ ਤੇ ਪ੍ਰਸ਼ਾਸਨ ਵੱਲੋਂ ਸਿਵਾਏ ਲਾਰਿਆਂ ਦੇ ਕੁਝ ਨਹੀਂ ਦਿੱਤਾ ਗਿਆ। ਉਨ੍ਹਾਂ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੁਆਵਜ਼ੇ ਦੀ ਮੰਗ ਕੀਤੀ। ਪਿੰਡ ਲੋਦੀਪੁਰ ਦੇ ਸਾਬਕਾ ਸਰਪੰਚ ਪ੍ਰਿੰ. ਗੁਰਮਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਸਮੱਸਿਆ ਹਰ ਸਾਲ ਬਰਸਾਤਾਂ ਦੇ ਦਿਨਾਂ ਵਿਚ ਆਉਂਦੀ ਹੈ ਜੇਕਰ ਦਰਿਆ ਨੂੰ ਚੈਨੇਲਾਈਜ਼ ਕੀਤਾ ਜਾਵੇ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਖੰਨਾ ‘ਚ ਮੀਂਹ ਕਾਰਨ ਪਤੀ-ਪਤਨੀ ਅਤੇ ਪੁੱਤਰ ਦੀ ਮੌਤ
ਖੰਨਾ : ਇੱਥੋਂ ਨੇੜਲੇ ਪਿੰਡ ਹੋਲ ਵਿਚ ਸ਼ਨਿਚਰਵਾਰ ਰਾਤ ਕਰੀਬ 9 ਵਜੇ ਤੇਜ਼ ਮੀਂਹ ਕਾਰਨ ਇਕ ਮਕਾਨ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਤੇਜ਼ ਮੀਂਹ ਕਾਰਨ ਆਸਮਾਨੀ ਬਿਜਲੀ ਮਕਾਨ ਦੀ ਛੱਤ ‘ਤੇ ਡਿੱਗੀ ਹੈ। ਪਰਿਵਾਰ ਵਿਚੋਂ ਕੇਵਲ 11 ਸਾਲਾਂ ਦੀ ਬੱਚੀ ਹੀ ਬਚੀ ਹੈ। ਹਾਲਾਂਕਿ ਉਹ ਵੀ ਘਟਨਾ ਵੇਲੇ ਕਮਰੇ ਅੰਦਰ ਹੀ ਮੌਜੂਦ ਸੀ ਪਰ ਉਸ ਨੂੰ ਝਰੀਟ ਤੱਕ ਨਹੀਂ ਆਈ। ਮ੍ਰਿਤਕਾਂ ਦੀ ਸ਼ਨਾਖ਼ਤ ਸੁਰਜੀਤ ਸਿੰਘ (38), ਉਸ ਦੀ ਪਤਨੀ ਬਲਵਿੰਦਰ ਕੌਰ (36) ਤੇ ਪੁੱਤਰ ਗੁਰਪ੍ਰੀਤ ਸਿੰਘ (9) ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਗਿਆਨ ਸਿੰਘ ਨੇ ਦੱਸਿਆ ਕਿ ਸੁਰਜੀਤ ਕਾਰ ਡਰਾਈਵਰ ਸੀ। ਉਨ੍ਹਾਂ ਦੱਸਿਆ ਕਿ ਲੰਮੇ ਸਮੇਂ ਤੋਂ ਉਹ ਕੱਚੇ ਮਕਾਨ ਨੂੰ ਪੱਕਾ ਕਰਨ ਲਈ ਜੱਦੋਜਹਿਦ ਕਰ ਰਿਹਾ ਸੀ। ਉਹ ਹੁਣ ਕਰਜ਼ਾ ਲੈ ਕੇ ਨਵਾਂ ਮਕਾਨ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਦੋ ਕਮਰੇ ਢਾਹ ਕੇ ਪਰਿਵਾਰ ਇਕ ਕਮਰੇ ਵਿਚ ਰਹਿ ਰਿਹਾ ਸੀ। ਪਿੰਡ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਪਰਿਵਾਰਕ ਮੈਂਬਰਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ। 11 ਸਾਲਾਂ ਦੀ ਬੱਚੀ ਸਿਮਰਨਜੀਤ ਕੌਰ ਆਪਣੀ ਮਾਂ ਦੀ ਬੁੱਕਲ ਵਿਚ ਸੀ ਤੇ ਸਾਰਾ ਮਲਬਾ ਉਸ ‘ਤੇ ਡਿਗ ਗਿਆ ਤੇ ਬੱਚੀ ਬਚ ਗਈ। ਇਸ ਦੌਰਾਨ ਐਂਬੂਲੈਂਸ ਕਰੀਬ ਡੇਢ ਘੰਟੇ ਬਾਅਦ ਆਈ। ਜਦਕਿ ਈਸੜੂ, ਰੌਣੀ ਤੇ ਜਰਗ ਵਿਚ ਐਂਬੂਲੈਂਸਾਂ ਤਾਇਨਾਤ ਹਨ। ਹਸਪਤਾਲ ਲਿਆਉਣ ‘ਤੇ ਤਿੰਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਲਾਸ਼ਾਂ ਪੋਸਟਮਾਰਟਮ ਮਗਰੋਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।
ਤਿੰਨ ਸਾਲਾ ਬੱਚੀ ਡੁੱਬੀ
ਨੂਰਪੁਰ ਬੇਦੀ : ਇੱਥੇ ਇਕ ਪ੍ਰਾਈਵੇਟ ਸਕੂਲ ਦੀ ਬੇਸਮੈਂਟ ਵਿਚ ਬਰਸਾਤੀ ਪਾਣੀ ਦਾਖ਼ਲ ਹੋਣ ਨਾਲ ਤਿੰਨ ਸਾਲਾ ਬੱਚੀ ਸੁੰਦਰੀ ਦੀ ਮੌਤ ਹੋ ਗਈ। ਇਸ ਪਰਵਾਸੀ ਬੱਚੀ ਦਾ ਪਰਿਵਾਰ ਸਕੂਲ ਦੀ ਬੇਸਮੈਂਟ ਵਿਚ ਰਹਿੰਦਾ ਸੀ ਤੇ ਸ਼ਨਿਚਰਵਾਰ ਰਾਤ ਇਸ ਵਿਚ ਪਾਣੀ ਦਾਖ਼ਲ ਹੋ ਗਿਆ।
ਛੱਤ ਡਿੱਗਣ ਕਾਰਨ ਕਿਸਾਨ ਦੀ ਮੌਤ
ਮਾਛੀਵਾੜਾ : ਇੱਥੋਂ ਨੇੜਲੇ ਪਿੰਡ ਮੰਡ ਸੁੱਖੇਵਾਲ ਵਿਚ ਮੀਂਹ ਨਾਲ ਮਕਾਨ ਦੀ ਛੱਤ ਡਿੱਗਣ ਕਾਰਨ ਕਿਸਾਨ ਅਨੋਖ ਸਿੰਘ (70) ਦੀ ਮੌਤ ਹੋ ਗਈ। ਵੇਰਵਿਆਂ ਮੁਤਾਬਕ ਕਿਸਾਨ ਖੇਤੀਯੋਗ ਡੇਢ ਏਕੜ ਜ਼ਮੀਨ ਵਿਚ ਮਕਾਨ ਬਣਾ ਕੇ ਇਕੱਲਾ ਹੀ ਰਹਿ ਰਿਹਾ ਸੀ। ਸਾਰੀ ਰਾਤ ਮੀਂਹ ਪੈਣ ਕਾਰਨ ਉਸ ਦੇ ਮਕਾਨ ਦੀ ਕੰਧ ਨੂੰ ਖ਼ੋਰਾ ਲੱਗ ਗਿਆ ਸੀ ਤੇ ਅਚਾਨਕ ਛੱਤ ਉਸ ਉੱਤੇ ਆ ਡਿਗੀ। ਇਸ ਨਾਲ ਉਸ ਦੀ ਮੌਤ ਹੋ ਗਈ।
ਕੈਪਟਨ ਅਮਰਿੰਦਰ ਨੇ ਰੂਪਨਗਰ ‘ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਕੀਤਾ ਦੌਰਾ
ਰਾਹਤ ਕਾਰਜਾਂ ਲਈ 100 ਕਰੋੜ ਰੁਪਏ ਦੇਣ ਦਾ ਐਲਾਨ
ਰੂਪਨਗਰ : ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਫੌਰੀ ਤੌਰ ‘ਤੇ ਕੀਤੇ ਜਾਣ ਵਾਲੇ ਰਾਹਤ ਤੇ ਮੁੜ ਵਸੇਬਾ ਕਾਰਜਾਂ ਲਈ 100 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ ਘਟਣ ਤੋਂ ਤੁਰੰਤ ਬਾਅਦ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਕਿ ਪੀੜਤ ਕਿਸਾਨਾਂ ਨੂੰ ਢੁੱਕਵਾਂ ਮੁਆਵਜ਼ਾ ਦੇਣਾ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਇਹ ਐਲਾਨ ਰੂਪਨਗਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਦੌਰਾਨ ਕੀਤੇ। ਉਨ੍ਹਾਂ ਨੁਕਸਾਨ ਦਾ ਜਾਇਜ਼ਾ ਲਿਆ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਲੁਧਿਆਣਾ ਜ਼ਿਲ੍ਹੇ ਵਿਚ ਛੱਤ ਡਿੱਗਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਘਟਨਾ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨਾਲ ਸੂਬੇ ਵਿਚ ਹੜ੍ਹਾਂ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਚੰਡੀਗੜ੍ਹ ਤੋਂ ਰੂਪਨਗਰ ਤੱਕ ਸੜਕੀ ਰਸਤੇ ਗਏ ਤੇ ਉਨ੍ਹਾਂ ਸਥਿਤੀ ਨੂੰ ਗੰਭੀਰ ਦੱਸਦਿਆਂ ਸਥਾਨਕ ਵਾਸੀਆਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਾਉਣ ਦਾ ਭਰੋਸਾ ਦਿੱਤਾ।
ਪੰਜਾਬ ਸਰਕਾਰ ਨੇ ਹੜ੍ਹਾਂ ਨੂੰ ‘ਕੁਦਰਤੀ ਆਫ਼ਤ’ ਐਲਾਨਿਆ
ਪੰਜਾਬ ਸਰਕਾਰ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਕੁਦਰਤੀ ਆਫ਼ਤ ਦਾ ਐਲਾਨ ਕਰ ਦਿੱਤਾ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨਰ ਮਾਲ ਨੂੰ ਇਸ ਸਬੰਧੀ ਤੁਰੰਤ ਹੀ ਨੋਟੀਫ਼ਿਕੇਸ਼ਨ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਕਮਿਸ਼ਨਰ ਮਾਲ ਨੂੰ ਅਧਿਕਾਰਤ ਤੌਰ ‘ਤੇ ਇਕ ਪਿੰਡ ਨੂੰ ਇਕ ਯੂਨਿਟ ਮੰਨ ਕੇ ਮੌਜੂਦਾ ਹੜ੍ਹਾਂ ਨੂੰ ਤੁਰੰਤ ਕੁਦਰਤੀ ਆਫ਼ਤ ਐਲਾਨ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਵੱਖ-ਵੱਖ ਕੰਪਨੀਆਂ ਤੋਂ ਬੀਮਾ ਕਲੇਮ ਕਰਨ ਵਿਚ ਸੁਵਿਧਾ ਹਾਸਲ ਹੋਵੇ।
ਫਿਲੌਰ ਦੇ 31 ਤੇ ਸ਼ਾਹਕੋਟ ਦੇ 19 ਪਿੰਡ ਹੜ੍ਹਾਂ ਦੀ ਮਾਰ ਹੇਠ
ਜਲੰਧਰ : ਸਤਲੁਜ ਦਰਿਆ ਵਿਚ ਆਏ ਹੜ੍ਹ ਨੇ ਜਲੰਧਰ ਜ਼ਿਲ੍ਹੇ ਦੇ ਫਿਲੌਰ, ਸ਼ਾਹਕੋਟ ਤੇ ਲੋਹੀਆਂ ਇਲਾਕਿਆਂ ਵਿਚ ਭਾਰੀ ਤਬਾਹੀ ਮਚਾਈ ਹੈ। ਦਰਿਆ ਦੇ ਪਾਣੀ ਨੇ ਛੇ ਥਾਵਾਂ ਤੋਂ ਸਤਲੁਜ ਦੇ ਕੰਢਿਆਂ ਨੂੰ ਤੋੜਿਆ ਹੈ। ਫਿਲੌਰ ਦੇ 31 ਤੇ ਸ਼ਾਹਕੋਟ ਸਬ-ਡਿਵੀਜ਼ਨ ਦੇ 19 ਤੋਂ ਵੱਧ ਪਿੰਡ ਪਾਣੀ ਵਿਚ ਘਿਰ ਗਏ ਹਨ। ਫ਼ਿਲੌਰ ਸਬ ਡਿਵੀਜ਼ਨ ਵਿਚ ਚਾਰ ਥਾਵਾਂ ਤੋਂ ਬੰਨ੍ਹ ਵਿਚ ਪਾੜ ਪਿਆ ਹੈ ਜਦਕਿ ਸ਼ਾਹਕੋਟ ਸਬ-ਡਿਵੀਜ਼ਨ ਵਿਚ ਦੋ ਥਾਵਾਂ ਤੋਂ ਬੰਨ੍ਹ ਟੁੱਟਿਆ ਹੈ। ਡੀਸੀ ਵਰਿੰਦਰ ਕੁਮਾਰ ਸ਼ਰਮਾ ਨੇ ਉਚੇਚੇ ਤੌਰ ‘ਤੇ ਜ਼ਿਲ੍ਹੇ ਦੇ 85 ਪਿੰਡਾਂ ਨੂੰ ਖ਼ਾਲੀ ਕਰਨ ਦੇ ਹੁਕਮ ਦਿੱਤੇ ਸਨ ਪਰ ਲੋਕਾਂ ਨੇ ਆਪਣੇ ਘਰਾਂ ਨੂੰ ਨਹੀਂ ਸੀ ਛੱਡਿਆ। ਤੇਜ਼ੀ ਨਾਲ ਆਏ ਪਾਣੀ ਨੇ ਲੋਕਾਂ ਨੂੰ ਘਰਾਂ ਦਾ ਸਾਮਾਨ ਸੰਭਾਲਣ ਦਾ ਮੌਕਾ ਨਹੀਂ ਦਿੱਤਾ। ਸ਼ਾਹਕੋਟ ਸਬ-ਡਿਵੀਜ਼ਨ ਵਿਚ ਪੈਂਦੇ ਪਿੰਡ ਜਾਣੀਆਂ ਤੇ ਚੱਕ ਬੁੰਡਾਲਾ ਨੇੜੇ ਸਤਲੁਜ ਦੇ ਧੁੱਸੀ ਬੰਨ੍ਹ ਵਿਚ ਕਰੀਬ 100 ਫੁੱਟ ਦਾ ਪਾੜ ਪੈਣ ਕਾਰਨ ਬਲਾਕ ਲੋਹੀਆ ਖਾਸ ਦੇ ਕਰੀਬ 19 ਪਿੰਡ ਪਾਣੀ ਵਿਚ ਘਿਰ ਗਏ ਹਨ। ਹੜ੍ਹ ਨਾਲ ਪਿੰਡ ਚੱਕ ਬੁੰਡਾਲਾ, ਜਾਣੀਆਂ, ਜਾਣੀਆਂ ਚਾਹਲ, ਮਹਿਰਾਜਵਾਲਾ, ਗੱਟਾ ਮੁੰਡੀ ਕਾਸੂ, ਮੁੰਡੀ ਸ਼ਹਿਰੀਆਂ, ਕੰਗ ਖ਼ੁਰਦ, ਜਲਾਲਪੁਰ, ਥੇਹ ਖੁਸ਼ਹਾਲਗੜ੍ਹ, ਗੱਟੀ ਰਾਏਪੁਰ, ਕੋਠਾ, ਫ਼ਤਿਹਪੁਰ ਭੰਗਵਾ, ਇਸਮਾਇਲਪੁਰ, ਪਿੱਪਲੀ, ਮਿਆਣੀ, ਗੱਟੀ ਪੀਰ ਬਖ਼ਸ਼ ਅਤੇ ਗੱਟੀ ਰਾਏਪੁਰ ਦੇ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਸ੍ਰੀ ਦਰਬਾਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਦੀ ਮੁਹਿੰਮ ਸ਼ੁਰੂ
ਪ੍ਰਵੇਸ਼ ਦੁਆਰ ਪਲਾਜ਼ਾ ‘ਚ ਛਾਂਦਾਰ ਬੂਟੇ ਲਗਾਏ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ੍ਰੀ ਦਰਬਾਰ ਸਾਹਿਬ ਅਤੇ ਇਸ ਦੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਵਿਚ ਛਾਂਦਾਰ ਬੂਟੇ ਲਾਏ ਗਏ।
ਇਸੇ ਮੁਹਿੰਮ ਤਹਿਤ ਜਲਦੀ ਹੀ ਹੈਰੀਟੇਜ ਸਟਰੀਟ ਵਿੱਚ ਵੀ ਛਾਂਦਾਰ ਬੂਟੇ ਲਾਉਣ ਦੀ ਯੋਜਨਾ ਹੈ। ਪਲਾਜ਼ਾ ਵਿਚ ਵੱਡੇ ਅਤੇ ਰਵਾਇਤੀ ਛਾਂਦਾਰ ਬੂਟੇ ਲਾਉਣ ਵਾਸਤੇ ਵੱਡ-ਆਕਾਰੀ ਗਮਲੇ ਮੁੰਬਈ ਤੋਂ ਤਿਆਰ ਕਰਾਏ ਗਏ ਹਨ। ਚਾਰ ਫੁੱਟ ਉੱਚੇ ਅਤੇ ਚਾਰ ਫੁੱਟ ਚੌੜੇ ਗਮਲਿਆਂ ਵਿੱਚ ਪਿੱਪਲ, ਬੋਹੜ, ਪਿਲਕਣ, ਮੌਲਸਰੀ ਅਤੇ ਅਸ਼ੋਕਾ ਕਿਸਮ ਦੇ ਬੂਟੇ ਲਾਏ ਗਏ ਹਨ। ਇਹ ਬੂਟੇ ਪੰਜ ਤੋਂ ਛੇ ਫੁੱਟ ਉੱਚੇ ਪਲੇ ਹੋਏ ਹਨ, ਜੋ 10 ਤੋਂ 15 ਫੁੱਟ ਤੱਕ ਉਚੇ ਹੋਣਗੇ ਅਤੇ ਛਾਂ ਦੇਣਗੇ। ਫਿਲਹਾਲ ਪਹਿਲੇ ਪੜਾਅ ਵਿੱਚ 25 ਬੂਟੇ ਲਾਏ ਗਏ ਹਨ ਅਤੇ ਜਲਦੀ ਹੀ ਹੋਰ ਅਜਿਹੇ ਬੂਟੇ ਲਾਉਣ ਦੀ ਯੋਜਨਾ ਹੈ। ਇਹ ਬੂਟੇ ਲਾਉਣ ਦਾ ਕੰਮ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਸਮੇਤ ਸਮਾਜ ਸੇਵੀ ਜਥੇਬੰਦੀਆਂ ਵਲੋਂ ਸਾਂਝੇ ਤੌਰ ‘ਤੇ ਸ਼ੁਰੂ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਪਹਿਲਾ ਬੂਟਾ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਵੱਲੋਂ ਲਾਇਆ ਗਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਅਤੇ ਆਈਏਐਸ ਅਧਿਕਾਰੀ ਕਾਹਨ ਸਿੰਘ ਪੰਨੂ, ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ,ਬਾਬਾ ਸੰਤੋਖ ਸਿੰਘ , ਵਾਤਾਵਰਣ ਮਾਹਿਰ ਡਾ. ਬਲਵਿੰਦਰ ਸਿੰਘ ਲੱਖੇਵਾਲੀ, ਸਕੱਤਰ ਬਲਵਿੰਦਰ ਸਿੰਘ ਜੌੜਾਸਿੰਘ, ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਜਸਵਿੰਦਰ ਸਿੰਘ ਦੀਨਪੁਰ ਆਦਿ ਨੇ ਇਹ ਬੂਟੇ ਲਾਏ। ਡਾ. ਰੂਪ ਸਿੰਘ ਨੇ ਦੱਸਿਆ ਕਿ ਇਹ ਬੂਟੇ ਸਤੰਬਰ ਮਹੀਨੇ ਵਿਚ ਲਾਏ ਜਾਣਗੇ।
ਇਸੇ ਤਰ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਵੀ ਅਜਿਹੇ ਵੱਡ-ਆਕਾਰੀ ਗਮਲਿਆਂ ਵਿੱਚ ਛਾਂਦਾਰ ਤੇ ਫ਼ਲਦਾਰ ਬੂਟੇ ਲਾਏ ਜਾਣਗੇ। ਇਸ ਤੋਂ ਪਹਿਲਾਂ ਪਰਿਕਰਮਾ ਵਿਚ ਪਹਿਲੀ ਤੇ ਦੂਜੀ ਮੰਜ਼ਿਲ ‘ਤੇ ਹਰੀਆਂ ਭਰੀਆਂ ਤੇ ਫੁੱਲਦਾਰ ਵੇਲਾਂ ਲਾਈਆਂ ਗਈਆਂ ਹਨ।

Check Also

ਮੋਦੀ ਸਰਕਾਰ ਵੱਲੋਂ ਅੰਨਦਾਤਾ ਕਿਸਾਨ ਨੂੰ ਅੱਤਵਾਦੀ ਕਹਿਣਾ ਨਿੰਦਣਯੋਗ

ਸੰਜੇ ਸਿੰਘ ਨੇ ਕਿਹਾ – ਕੇਂਦਰ ਸਰਕਾਰ ਆਪਣੇ ਹਰ ਵਾਅਦੇ ਤੋਂ ਮੁੱਕਰੀ ਨਾਭਾ/ਬਿਊਰੋ ਨਿਊਜ਼ ਕੇਂਦਰ …