ਅਮਰੀਕਾ ‘ਚ ਪਹਿਲੀ ਸਿੱਖ ਮਹਿਲਾ ਜੱਜ ਵਜੋਂ ਅਹੁਦੇ ਦੀ ਸਹੁੰ ਚੁੱਕੀ
ਹਿਊਸਟਨ (ਅਮਰੀਕਾ)/ਬਿਊਰੋ ਨਿਊਜ਼ : ਭਾਰਤੀ ਮੂਲ ਦੀ ਮਨਪ੍ਰੀਤ ਮੋਨਿਕਾ ਸਿੰਘ ਨੇ ਹੈਰਿਸ ਕਾਊਂਟੀ ਦੀ ਜੱਜ ਵਜੋਂ ਸਹੁੰ ਚੁੱਕ ਲਈ ਹੈ ਤੇ ਉਹ ਅਮਰੀਕਾ ਦੀ ਪਹਿਲੀ ਮਹਿਲਾ ਸਿੱਖ ਜੱਜ ਬਣ ਗਈ ਹੈ। ਉਸਦਾ ਜਨਮ ਅਤੇ ਪਾਲਣ ਪੋਸ਼ਣ ਹਿਊਸਟਨ ਵਿੱਚ ਹੋਇਆ ਹੈ ਅਤੇ ਹੁਣ ਉਹ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਬੇਲੇਅਰ ਵਿੱਚ ਰਹਿੰਦੀ ਹੈ।
ਮੋਨਿਕਾ ਸਿੰਘ ਨੇ ਪਿਛਲੇ ਦਿਨੀਂ ਟੈਕਸਾਸ ਵਿੱਚ ਲਾਅ ਨੰਬਰ 4 ਵਿਖੇ ਹੈਰਿਸ ਕਾਉਂਟੀ ਸਿਵਲ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਮੋਨਿਕਾ ਸਿੰਘ ਦੇ ਪਿਤਾ 1970 ਦੇ ਸ਼ੁਰੂ ਵਿੱਚ ਅਮਰੀਕਾ ਚਲੇ ਗਏ ਸਨ।
ਵੀਹ ਸਾਲਾਂ ਤੋਂ ਵੱਧ ਸਮੇਂ ਤੋਂ ਮੁਕੱਦਮੇ ਦੇ ਵਕੀਲ ਵਜੋਂ, ਮੋਨਿਕਾ ਸਥਾਨਕ, ਰਾਜ ਅਤੇ ਰਾਸ਼ਟਰੀ ਪੱਧਰ ‘ਤੇ ਕਈ ਨਾਗਰਿਕ ਅਧਿਕਾਰ ਸੰਗਠਨਾਂ ਵਿੱਚ ਸ਼ਾਮਲ ਰਹੀ ਹੈ। ਭਾਰਤੀ ਮੂਲ ਦੀ ਮੋਨਿਕਾ ਨੇ ਸਹੁੰ ਚੁੱਕ ਸਮਾਗਮ ਵਿੱਚ ਆਪਣੇ ਅਹੁਦੇ ‘ਤੇ ਬਹੁਤ ਖੁਸ਼ੀ ਪ੍ਰਗਟਾਈ। ਦੂਜੇ ਪਾਸੇ ਰਾਜ ਦੇ ਪਹਿਲੇ ਦੱਖਣੀ ਏਸ਼ੀਆਈ ਜੱਜ ਭਾਰਤੀ-ਅਮਰੀਕੀ ਰਵੀ ਸੰਦਿਲ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਸੰਦਿਲ ਨੇ ਕਿਹਾ ਕਿ ਸਿੱਖ ਭਾਈਚਾਰੇ ਲਈ ਇਹ ਸੱਚਮੁੱਚ ਬਹੁਤ ਵੱਡਾ ਪਲ ਹੈ। ਉਨ੍ਹਾਂ ਕਿਹਾ ਕਿ ਮੋਨਿਕਾ ਹੁਣ ਸਿਰਫ਼ ਸਿੱਖਾਂ ਲਈ ਹੀ ਨਹੀਂ ਸਗੋਂ ਸਾਰੀਆਂ ਮਹਿਲਾਵਾਂ ਲਈ ਪ੍ਰਤੀਕ ਹੈ। ਦੱਸਣਯੋਗ ਹੈ ਕਿ ਅਮਰੀਕਾ ਵਿੱਚ ਕਰੀਬ 5 ਲੱਖ ਸਿੱਖ ਰਹਿੰਦੇ ਹਨ, ਜਿਨ੍ਹਾਂ ਵਿੱਚੋਂ 20 ਹਜ਼ਾਰ ਦੇ ਕਰੀਬ ਹਿਊਸਟਨ ਖੇਤਰ ਵਿੱਚ ਰਹਿੰਦੇ ਹਨ। ਹਿਊਸਟਨ ਦੇ ਮੇਅਰ ਸਿਲਵੈਸਟਰ ਟਰਨਰ ਨੇ ਕਿਹਾ ਕਿ ਇਹ ਸਿੱਖ ਭਾਈਚਾਰੇ ਲਈ ਮਾਣ ਵਾਲਾ ਦਿਨ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …