ਇਜ਼ਰਾਈਲ ’ਤੇ ਹਮਲੇ ਦੀ ਵੱਖ-ਵੱਖ ਦੇਸ਼ਾਂ ਨੇ ਕੀਤੀ ਨਿੰਦਾ
ਨਵੀਂ ਦਿੱਲੀ/ਬਿਊਰੋ ਨਿਊਜ਼
ਈਰਾਨ ਨੇ ਇਜ਼ਰਾਈਲ ’ਤੇ ਲੰਘੀ ਰਾਤ 200 ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਨ੍ਹਾਂ ਵਿਚੋਂ ਜ਼ਿਆਦਾਤਰ ਮਿਜ਼ਾਈਲਾਂ ਨੂੰ ਇਜ਼ਰਾਈਲ ਦੇ ਡਿਫੈਂਸ ਸਿਸਟਮ ਨੇ ਨਸ਼ਟ ਕਰ ਦਿੱਤਾ। ਇਜ਼ਰਾਈਲੀ ਡਿਫੈਂਸ ਸਰਵਿਸ (ਆਈ.ਡੀ.ਐਫ.) ਦੇ ਮੁਤਾਬਕ ਹਮਲੇ ਵਿਚ ਕਿਸੇ ਦੇ ਵੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ। ਮੀਡੀਆ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਈਰਾਨ ਨੇ ਮੋਸਾਦ ਹੈਡਕੁੁਆਰਟਰ, ਨੇਵਾਤਿਮ ਏਅਰਬੇਸ ਅਤੇ ਤੇਲ ਨੋਫ ਏਅਰਬੇਸ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਸੀ। ਇਜ਼ਰਾਈਲ ’ਤੇ ਹਮਲੇ ਤੋਂ ਬਾਅਦ ਈਰਾਨ ਨੇ ਕਿਹਾ ਕਿ ਜੇਕਰ ਇਜ਼ਰਾਈਲ ਨੇ ਇਸਦਾ ਜਵਾਬ ਦਿੱਤਾ ਤਾਂ ਉਹ ਪਲਟਵਾਰ ਕਰਨਗੇ। ਈਰਾਨ ਦੇ ਰਾਸ਼ਟਰਪਤੀ ਮਸੂਦ ਪਜਸ਼ਕਿਆਨ ਨੇ ਕਿਹਾ ਕਿ ਇਹ ਸਾਡੇ ਦੇਸ਼ ਦੇ ਨਾਗਰਿਕਾਂ ਦੀ ਰੱਖਿਆ ਲਈ ਜ਼ਰੂਰੀ ਸੀ। ਇਸੇ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਇਰਾਨ ਨੂੰ ਇਸਦੀ ਭਾਰੀ ਕੀਮਤ ਚੁਕਾਉਣੀ ਪਵੇਗੀ। ਉਧਰ ਦੂਜੇ ਪਾਸੇ ਈਰਾਨ ਵਲੋਂ ਇਜ਼ਰਾਈਲ ’ਤੇ ਕੀਤੇ ਗਏ ਹਮਲੇ ਦੀ ਵੱਖ-ਵੱਖ ਦੇਸ਼ਾਂ ਵਲੋਂ ਨਿੰਦਾ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਨੈਸ਼ਨਲ ਸਕਿਉਰਿਟੀ ਟੀਮ ਨਾਲ ਮੀਟਿੰਗ ਕੀਤੀ ਹੈ।