ਪੰਜਾਬ ’ਚ ਮਿਡ ਡੇਅ ਮੀਲ ਦੇ ਮੈਨਿਊ ਵਿਚ ਫਰੂਟ ਦੀ ਐਂਟਰੀ
ਪੰਜਾਬ ’ਚ ਮਿਡ ਡੇਅ ਮੀਲ ਦੇ ਮੈਨਿਊ ਵਿਚ ਫਰੂਟ ਦੀ ਐਂਟਰੀ
ਸਕੂਲ ’ਚ ਬੱਚਿਆਂ ਨੂੰ ਹੁਣ ਕੇਲੇ ਵੀ ਮਿਲਣਗੇ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਦੁਪਹਿਰ ਦੇ ਸਮੇਂ ਵਿਦਿਆਰਥੀਆਂ ਨੂੰ ਪਰੋਸੇ ਜਾਣ ਵਾਲੇ ਮਿਡ ਡੇਅ ਮੀਲ ਦੇ ਮੈਨਿਊ ਵਿਚ ਫਰੂਟ ਦੀ ਐਂਟਰੀ ਵੀ ਹੋ ਗਈ ਹੈ। ਨਵੇਂ ਸਾਲ 2024 ਤੋਂ ਵਿਦਿਆਰਥੀਆਂ ਨੂੰ ਹਫਤੇ ਵਿਚ ਇਕ ਦਿਨ ਖਾਣੇ ਦੇ ਨਾਲ ਕੇਲੇ ਵੀ ਮਿਲਣਗੇ। ਸਿੱਖਿਆ ਵਿਭਾਗ ਵਲੋਂ ਮਿਡ ਡੇਅ ਮੀਲ ਦੇ ਮੈਨਿਊ ਵਿਚ ਮਾਮੂਲੀ ਬਦਲਾਅ ਕੀਤਾ ਗਿਆ ਹੈ। ਹੁਣ ਵਿਦਿਆਰਥੀ ਖਾਣੇ ਵਿਚ ਕਾਲੇ ਚਨੇ, ਕੜੀ ਅਤੇ ਰਾਜਮਾਂਹ ਦਾ ਸਵਾਦ ਵੀ ਉਠਾਉਣਗੇ। ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਪੰਜਾਬ ਦੇ ਸਿੱਖਿਆ ਵਿਭਾਗ ਨੇ ਮਿਡ ਡੇਅ ਮੀਲ ਸਕੀਮ ਦਾ ਸੂਬੇ ਦੇ 10 ਜ਼ਿਲ੍ਹਿਆਂ ਵਿਚ ਸੋਸ਼ਲ ਆਡਿਟ ਕਰਵਾਇਆ ਗਿਆ ਸੀ। ਇਸ ਦੌਰਾਨ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਮਿਡ ਡੇਅ ਮੀਲ ਵਿਚ ਫਰੂਟ ਦੇਣ ਦਾ ਸੁਝਾਅ ਦਿੱਤਾ ਸੀ। ਇਸ ਤੋਂ ਬਾਅਦ ਸਿੱਖਿਆ ਵਿਭਾਗ ਨੇ ਹੁਣ ਇਹ ਆਦੇਸ਼ ਦਿੱਤਾ ਹੈ। ਸਿੱਖਿਆ ਵਿਭਾਗ ਵਲੋਂ ਨਵਾਂ ਮੈਨਿਊ ਜਨਵਰੀ ਤੋਂ ਮਾਰਚ ਮਹੀਨੇ ਤੱਕ ਜਾਰੀ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਸਰਕਾਰੀ, ਸਰਕਾਰੀ ਏਡਿਡ, ਪ੍ਰਾਇਮਰੀ ਤੇ ਐਲੀਮੈਂਟਰੀ ਸਕੂਲਾਂ ਵਿਚ ਪੜ੍ਹਾਈ ਕਰ ਰਹੇ ਕਰੀਬ 17 ਲੱਖ ਵਿਦਿਆਰਥੀਆਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ।