9.4 C
Toronto
Friday, November 7, 2025
spot_img
HomeਕੈਨੇਡਾFrontਭਗਵੰਤ ਮਾਨ ਵੱਲੋਂ ਸੱਦੀ ਬਹਿਸ ’ਚ ਕੋਈ ਵੀ ਵਿਰੋਧੀ ਆਗੂ ਨਹੀਂ ਪਹੁੰਚਿਆ

ਭਗਵੰਤ ਮਾਨ ਵੱਲੋਂ ਸੱਦੀ ਬਹਿਸ ’ਚ ਕੋਈ ਵੀ ਵਿਰੋਧੀ ਆਗੂ ਨਹੀਂ ਪਹੁੰਚਿਆ

ਭਗਵੰਤ ਮਾਨ ਵੱਲੋਂ ਸੱਦੀ ਬਹਿਸ ’ਚ ਕੋਈ ਵੀ ਵਿਰੋਧੀ ਆਗੂ ਨਹੀਂ ਪਹੁੰਚਿਆ

ਮੁੱਖ ਮੰਤਰੀ ਨੇ ਪੰਜਾਬ ਸਿਰ ਚੜ੍ਹੇ ਕਰਜ਼ੇ ਲਈ ਪਿਛਲੀਆਂ ਸਰਕਾਰਾਂ ਨੂੰ ਦੱਸਿਆ ਜ਼ਿੰਮੇਵਾਰ

ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਸਥਿਤ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਆਡੀਟੋਰੀਅਮ ’ਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਖੁੱਲ੍ਹੀ ਬਹਿਸ ਕਰਵਾਈ ਗਈ। ‘ਮੈਂ ਪੰਜਾਬ ਬੋਲਦਾ ਹਾਂ’ ਨਾਮੀ ਇਸ ਖੁੱਲ੍ਹੀ ਬਹਿਸ ਵਿਚ ਸ਼ਾਮਲ ਹੋਣ ਲਈ ਪੰਜਾਬ ਦੀਆਂ ਸਾਰੀਆਂ ਵੱਡੀਆਂ ਪਾਰਟੀਆਂ ਦੇ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ। ਜਿਨ੍ਹਾਂ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਸ਼ਾਮਲ ਹੈ। ਇਨ੍ਹਾਂ ਆਗੂਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੰਚ ’ਤੇ ਕੁਰਸੀਆਂ ਵੀ ਲਗਾਈਆਂ ਗਈਆਂ ਸਨ ਪ੍ਰੰਤੂ ਇਨ੍ਹਾਂ ਵਿਚੋਂ ਕੋਈ ਵੀ ਹਾਜ਼ਰ ਨਹੀਂ ਹੋਇਆ ਅਤੇ ਮੰਚ  ’ਤੇ ਮੁੱਖ ਮੰਤਰੀ ਭਗਵੰਤ ਮਾਨ ਇਕੱਲੇ ਹੀ ਬੈਠੇ ਨਜ਼ਰ ਆਏ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ’ਤੇ ਕਰਜ਼ੇ ਦਾ ਬੋਝ 2012 ਤੋਂ ਪੈਣਾ ਸ਼ੁਰੂ ਹੋਇਆ ਸੀ।

2012 ’ਚ ਪੰਜਾਬ ਸਿਰ ਕਰਜ਼ਾ 83 ਹਜ਼ਾਰ 99 ਕਰੋੜ ਰੁਪਏ ਸੀ, ਜੋ ਕਿ 2017 ਤੱਕ ਵਧ ਕੇ 1 ਲੱਖ 82 ਹਜ਼ਾਰ ਕਰੋੜ ਰੁਪਏ ਹੋ ਗਿਆ। ਇਸ ਤੋਂ ਬਾਅਦ ਕੈਪਟਨ ਸਰਕਾਰ ਨੇ ਇਸ ਵਿਚ ਇਕ ਲੱਖ ਕਰੋੜ ਰੁਪਏ ਦਾ ਹੋਰ ਵਾਧਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਨ੍ਹਾਂ 10 ਸਾਲਾਂ ਵਿਚ ਪੰਜਾਬ ਸਿਰ 2 ਲੱਖ ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪੜਤਾਲ ਕੀਤੀ ਇਨ੍ਹਾਂ ਦਸ ਸਾਲਾਂ ਦੌਰਾਨ ਨਾ ਤਾਂ ਕੋਈ ਸਰਕਾਰੀ ਕਾਲਜ ਬਣਿਆ, ਨਾ ਕੋਈ ਯੂਨੀਵਰਸਿਟੀ ਬਣੀ ਅਤੇ ਨਾ ਕਿਸੇ ਨੂੰ ਕੋਈ ਨੌਕਰੀ ਦਿੱਤੀ ਗਈ। ਆਖਰ ਇਹ 2 ਲੱਖ ਕਰੋੜ ਰੁਪਇਆ ਗਿਆ ਕਿੱਥੇ। ਉਨ੍ਹਾਂ ਕਿਹਾ ਕਿ ਉਸ ਸਮੇਂ ਦੇ ਰਾਜਪਾਲ ਨੇ ਕਿਸੇ ਨੂੰ ਕੋਈ ਚਿੱਠੀ ਨਹੀਂ ਲਿਖੀ ਕਿ ਤੁਸੀਂ ਇੰਨਾ ਕਰਜ਼ਾ ਕਿਉਂ ਲਿਆ ਅਤੇ ਇਹ ਕਿੱਥੇ ਖਰਚ ਕੀਤਾ ਗਿਆ।

ਐਸ ਵਾਈ ਐਲ ਦੇ ਮੁੱਦੇ ’ਤੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਤੱਕ ‘ਆਪ’ ਸਰਕਾਰ ਐਸਵਾਈਐਲਦੇ ਮੁੱਦੇ ’ਤੇ ਤਿੰਨ ਵਾਰ ਸੁਪਰੀਮ ਕੋਰਟ ਗਈ ਹੈ ਅਤੇ ਉਨ੍ਹਾਂ ਵੱਲੋਂ ਇਸ ਸਬੰਧੀ ਕੋਈ ਵੀ ਹਲਫਨਾਮਾ ਦਾਖਲ ਨਹੀਂ ਕੀਤਾ ਗਿਆ। ਬਲਕਿ ਉਹ ਜਦੋਂ ਊਰਜਾ ਮੰਤਰੀ ਸ਼ੇਖਾਵਤ ਨੂੰ ਮਿਲਣ ਲਈ ਪਹੁੰਚੇ ਸਨ ਤਦ ਵੀ ਉਨ੍ਹਾਂ ਐਸ ਵਾਈ ਐਲ ਦਾ ਪਾਣੀ ਹੋਰ ਸੂਬਿਆਂ ਨੂੰ ਦੇਣ ਤੋਂ ਮਨਾ ਕਰ ਦਿੱਤਾ ਸੀ। ਉਨ੍ਹਾਂ ਕੇਂਦਰੀ ਮੰਤਰੀ ਸ਼ੇਖਾਵਤ ਨੂੰ ਸੁਝਾਅ ਦਿੱਤਾ ਸੀ ਕਿ ਸਤਲੁਜ ਯਮੁਨਾ ਨਹਿਰ ਨੂੰ ਯਮੁਨਾ-ਸਤਲੁਜ ਨਹਿਰ ਬਣਾ ਦਿੱਤਾ ਜਾਵੇ। ਕਿਉਂਕਿ ਸਤਲੁਜ ’ਚ ਹੁਣ ਪਾਣੀ ਨਹੀਂ ਬਚਿਆ ਜਦਕਿ ਯਮੁਨਾ ’ਚ ਫਿਲਹਾਲ ਕਾਫ਼ੀ ਪਾਣੀ ਹੈ ਅਤੇ ਉਸ ਪਾਣੀ ਨੂੰ ਹਰਿਆਣਾ ਅਤੇ ਪੰਜਾਬ ਦਿੱਤਾ ਜਾਵੇਗਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨਾਲ ਸਬੰਧਤ ਹੋਰ ਵੀ ਬਹੁਤ ਸਾਰੇ ਮੁੱਦਿਆਂ ’ਤੇ ਚਰਚਾ ਕੀਤੀ ਗਈ।

RELATED ARTICLES
POPULAR POSTS