ਵਿਰੋਧੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਨੂੰ ਦੱਸਿਆ ਸਿਆਸੀ ਡਰਾਮਾ
ਸੁਨੀਲ ਜਾਖੜ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਬੀਰ ਬਾਦਲ ਨੇ ਬਹਿਸ ਦਾ ਕੀਤਾ ਬਾਈਕਾਟ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਪੰਜਾਬ ਦਿਵਸ ਮੌਕੇ ਲੁਧਿਆਣਾ ਸਥਿਤ ਪੰਜਾਬ ਯੂਨੀਵਰਸਿਟੀ ਵਿਚ ‘ਮੈਂ ਪੰਜਾਬ ਬੋਲਦਾ ਹਾਂ’ ਦੇ ਨਾਂ ਹੇਠ ਖੁੱਲ੍ਹੀ ਬਹਿਸ ਕਰਵਾਈ ਗਈ। ਜਦਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਬਹਿਸ ਦਾ ਬਾਈਕਾਟ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੰਚ ’ਤੇ ਸੁਨੀਲ ਜਾਖੜ, ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਸੁਖਬੀਰ ਬਾਦਲ ਲਈ ਕੁਰਸੀਆਂ ਲਗਵਾਈਆਂ ਸਨ ਅਤੇ ਇਹ ਕੁਰਸੀਆਂ ਪੂਰੀ ਬਹਿਸ ਦੌਰਾਨ ਖਾਲੀ ਹੀ ਰਹੀਆਂ। ਇਸ ’ਤੇ ਬਹਿਸ ’ਤੇ ਸਵਾਲ ਖੜ੍ਹੇ ਕਰਦਿਆਂ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਲੁਧਿਆਣਾ ’ਚ ਚੱਪੇ-ਚੱਪੇ ’ਤੇ ਪੁਲਿਸ ਤਾਇਨਾਤ ਕੀਤੀ ਹੋਈ ਅਤੇ ਪੁਲਿਸ ਆਮ ਲੋਕਾਂ ਨੂੰ ਬਹਿਸ ਵਾਲੀ ਥਾਂ ’ਤੇ ਜਾਣ ਨਹੀਂ ਦੇ ਰਹੀ। ਜੇਕਰ ਤੁਸੀਂ ਇਹੀ ਕੁੱਝ ਕਰਨਾ ਸੀ ਤਾਂ ਬਿਨਾ ਵਰਦੀ ਪੁਲਿਸ ਮੁਲਾਜ਼ਮਾਂ ਨੂੰ ਦਰਸ਼ਕਾਂ ਵਾਲੀ ਥਾਂ ਬਿਠਾ ਕੇ ਇਹ ਪ੍ਰੋਗਰਾਮ ਪੁਲਿਸ ਅਕਾਦਮੀ ਫਿਲੌਰ ਵਿਚ ਕਰ ਲੈਣਾ ਸੀ। ਖੁੱਲ੍ਹੀ ਬਹਿਸ ਬਾਰੇ ਬੋਲਦਿਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇਸ ਨੂੰ ਇਕ ਸਿਆਸੀ ਡਰਾਮਾ ਦੱਸਿਆ। ਉਨ੍ਹਾਂ ਕਿਹਾ ਕਿ ਹਰਿਆਣੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋ ਕੇ ਪੰਜਾਬ ਤੋਂ ਪਾਣੀ ਲੈਣ ਲਈ ਰਣਨੀਤੀ ਬਣਾ ਰਹੀਆਂ ਜਦਕਿ ਸਾਡਾ ਮੁੱਖ ਮੰਤਰੀ ਭਗਵੰਤ ਮਾਨ ਸੱਤਾ ਦੇ ਨਸ਼ੇ ’ਚ ਚੂਰ ਸਿਰ ਜੋੜਨ ਦੀ ਬਜਾਏ ਸਿਰ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਹਿਸ ਸਬੰਧੀ ਬੋਲਦਿਆਂ ਕਿਹਾ ਕਿ ਇਹ ਕਿਹੋ ਜਿਹੀ ਖੁੱਲ੍ਹੀ ਬਹਿਸ ਹੈ। ਇਸ ਬਹਿਸ ’ਚ ਜਨਤਕ ਦਾਖਲੇ ’ਤੇ ਪਾਬੰਦੀ ਲਗਾਈ ਹੈ, ਨਿਰਪੱਖ ਮੀਡੀਆ ਨੂੰ ਬਹਿਸ ਤੋਂ ਬਾਹਰ ਰੱਖਿਆ ਗਿਆ ਹੈ ਅਤੇ ਸੰਗਠਨਾਂ, ਸੰਸਥਾਵਾਂ ਆਦਿ ਦੇ ਨੁਮਾਇੰਦਿਆਂ ਨੂੰ ਬਹਿਸ ਤੋਂ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹੀ ਖੁੱਲ੍ਹੀ ਬਹਿਸ ਹੈ, ਜੋ ਇੰਨੀਆਂ ਪਾਬੰਦੀਆਂ ’ਚ ਹੋ ਰਹੀ ਹੈ। ਉਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਬਹਿਸ ’ਚ ਹਿੱਸਾ ਨਹੀਂ ਲਿਆ।