ਮੁੱਖ ਮੰਤਰੀ ਸੁਖਵਿੰਦਰ ਸੁੱਖੂ ਦੇ ਅਸਤੀਫੇ ਦਾ ਵੀ ਪੈ ਗਿਆ ਸੀ ਰੌਲਾ
ਸ਼ਿਮਲਾ/ਬਿਊਰੋ ਨਿਊਜ਼ : ਰਾਜ ਸਭਾ ਚੋਣਾਂ ਦੌਰਾਨ ਕਾਂਗਰਸੀ ਵਿਧਾਇਕਾਂ ਵੱਲੋਂ ਭਾਜਪਾ ਦੇ ਹੱਕ ਵਿਚ ਵੋਟਾਂ ਪਾਉਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਰਾਜਸਭਾ ਦੀ ਇਕ ਸੀਟ ਲਈ ਹੋਈ ਕਰਾਸ ਵੋਟਿੰਗ ਅਤੇ ਇਕ ਮੰਤਰੀ ਦੇ ਅਸਤੀਫ਼ੇ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦਿੱਤਾ। ਜਦਕਿ ਇਕ ਸਮੇਂ ਅੱਜ ਉਨ੍ਹਾਂ ਦੇ ਅਸਤੀਫ਼ਾ ਦੀ ਖ਼ਬਰ ਵੀ ਮੀਡੀਆ ਅਨੁਸਾਰ ਸਾਹਮਣੇ ਆ ਗਈ ਸੀ ਪ੍ਰੰਤੂ ਉਨ੍ਹਾਂ ਇਸ ਨੂੰ ਬਿਲਕੁਲ ਝੂਠੀ ਅਤੇ ਭਾਜਪਾ ਵੱਲੋਂ ਫੈਲਾਈ ਗਈ ਅਫਵਾਹ ਦੱਸਿਆ। ਸੁੱਖੂ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਵੱਲੋਂ ਰਾਜਸਭਾ ਦੀ ਚੋਣ ਲਈ ਕਰਾਸ ਵੋਟਿੰਗ ਕੀਤੀ ਗਈ ਸੀ ਉਹ ਸਾਡੇ ਸੰਪਰਕ ਵਿਚ ਹਨ ਅਤੇ ਉਹ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਦੇ ਨਾਲ ਹਨ ਜਦਕਿ ਭਾਜਪਾ ਉਨ੍ਹਾਂ ਨੂੰ ਤੋੜਨਾ ਚਾਹੁੰਦੀ ਹੈ। ਉਧਰ ਕਰਾਸ ਵੋਟਿੰਗ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਜੈਰਾਮ ਠਾਕੁਰ ਨੇ ਸੂਬੇ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਰਾਜਪਾਲ ਕੋਲੋਂ ਸੁਖਵਿੰਦਰ ਸੁੱਖੂ ਸਰਕਾਰ ਦਾ ਫਲੋਰ ਟੈਸਟ ਕਰਵਾਉਣ ਦੀ ਮੰਗ ਕੀਤੀ।