ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੱਧ ਪ੍ਰਦੇਸ਼ ’ਚ ਕੀਤਾ ਰੋਡ ਸ਼ੋਅ
ਕਿਹਾ : ਦਿੱਲੀ ਅਤੇ ਪੰਜਾਬ ਵਾਂਗ ਮੱਧ ਪ੍ਰਦੇਸ਼ ’ਚ ਵੀ ਕਰਾਂਗੇ ਸ਼ਾਨਦਾਰ ਕੰਮ
ਦਤਿਆ/ਬਿਊਰੋ ਨਿਊਜ਼ :
![](https://parvasinewspaper.com/wp-content/uploads/2023/11/Road-Show.jpg)
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੱਧ ਪ੍ਰਦੇਸ਼ ਦੇ ਦੌਰੇ ’ਤੇ ਹਨ। ਉਨ੍ਹਾਂ ਵੱਲੋਂ ਸੇਂਵੜਾ ਸੀਟ ਤੋਂ ‘ਆਪ’ ਉਮੀਦਵਾਰ ਸੰਜੇ ਦੁਬੇ ਦੇ ਹੱਕ ਵਿਚ ਇਕ ਰੋਡ ਸ਼ੋਅ ਕੀਤਾ ਗਿਆ। ਰੋਡ ਸ਼ੋਅ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ’ਚ ਸਿੱਖਿਆ, ਸਿਹਤ ਅਤੇ ਬਿਜਲੀ ਖੇਤਰਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੇ ਪੱਧਰ ’ਤੇ ਕੰਮ ਕੀਤੇ ਗਏ। ਉਨ੍ਹਾਂ ਕਿਹਾ ਕਿ ਜੇਕਰ ਮੱਧ ਪ੍ਰਦੇਸ਼ ਵਿਚ ਸਾਡੀ ਸਰਕਾਰ ਆਉਂਦੀ ਹੈ ਤਾਂ ਪੰਜਾਬ ਅਤੇ ਦਿੱਲੀ ਵਿਚ ਕੀਤੇ ਗਏ ਸਾਰੇ ਕੰਮ ਮੱਧ ਪ੍ਰਦੇਸ਼ ਵਿਚ ਵੀ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਰੋਡ ਸ਼ੋਅ ਦੌਰਾਨ ਇਕੱਠੀ ਹੋਈ ਭੀੜ ਸੂਬੇ ’ਚ ਨਵੀਂ ਕ੍ਰਾਂਤੀ ਦਾ ਸੰਕੇਤ ਦੇ ਰਹੀ ਹੈ। ਉਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੋਡ ਸ਼ੋਅ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 10 ਸਾਲਾਂ ਦੇ ਅੰਦਰ ਦੋ ਸਰਕਾਰ ਬਣਾਈਆਂ ਹਨ। ਇਹ ਸਰਕਾਰਾਂ ਦਿੱਲੀ ਅਤੇ ਪੰਜਾਬ ਅੰਦਰ ਬਣੀਆਂ ਅਤੇ ਹੁਣ ਮੱਧ ਪ੍ਰਦੇਸ਼ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਸਾਡੇ ਵਿਰੋਧੀ ਆਮ ਆਦਮੀ ਪਾਰਟੀ ਨੂੰ ਕੱਟੜ ਇਮਾਨਦਾਰ ਲੋਕਾਂ ਦੀ ਪਾਰਟੀ ਮੰਨਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਭਗਤਾਂ ਦੀ ਪਾਰਟੀ ਹੈ ਅਤੇ ਅਸੀਂ ਆਪਣੀ ਜਾਨ ਦੇਵਾਂਗੇ ਪ੍ਰੰਤੂ ਆਪਣੇ ਦੇਸ਼ ਕਦੇ ਵੀ ਗਦਾਰੀ ਨਹੀਂ ਕਰਾਂਗੇ।